ਚੰਡੀਗੜ੍ਹ, 04 ਦਸੰਬਰ 2024: ਪੰਜਾਬ ‘ਚ ਭਾਰਤੀ ਜਨਤਾ ਪਾਰਟੀ (BJP) ਨੇ ਆਉਣ ਵਾਲੀਆਂ ਸੂਬੇ ਦੀਆਂ ਪੰਜ ਨਗਰ ਨਿਗਮਾਂ (Municipal Councils elections) ਚੋਣਾਂ ਲਈ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ | ਭਾਜਪਾ ਇਨ੍ਹਾਂ ਚੋਣਾਂ ‘ਚ ਆਪਣੀ ਸਥਿਤੀ ਮਜ਼ਬੂਤ ਕਰਨ ਦੀ ਕੋਸ਼ਿਸ ਕਰ ਰਹੀ ਹੈ |
ਜਿਕਰਯੋਗ ਹੈ ਕਿ ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ‘ਤੇ ਹੋਈਆਂ ਚੋਣਾਂ ‘ਚ ਭਾਰਤੀ ਜਨਤਾ ਪਾਰਟੀ (BJP) ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਇੱਕ ਵੀ ਵਿਧਾਨ ਸਭਾ ਸੀਟ ਹਾਸਲ ਨਹੀਂ ਕਰ ਸਕੀ | ਭਾਜਪਾ ਲਗਾਤਾਰ ਪੰਜਾਬ ‘ਚ ਆਪਣੀ ਸਥਿਤੀ ਨੂੰ ਮਜਬੂਤ ਕਰਨ ‘ਚ ਲੱਗੀ ਹੋਈ ਹੈ |
ਪੰਜਾਬ ‘ਚ ਨਗਰ ਨਿਗਮ ਚੋਣਾਂ ਦਾ ਪ੍ਰੋਗਰਾਮ 8 ਦਸੰਬਰ ਨੂੰ ਜਾਰੀ ਹੋਵੇਗਾ, ਜਿਸ ਲਈ ਭਾਜਪਾ ਵੱਲੋਂ ਚੋਣ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਲੁਧਿਆਣਾ ਨਗਰ ਨਿਗਮ ਚੋਣਾਂ ਦੇ ਇੰਚਾਰਜ ਸੀਨੀਅਰ ਆਗੂ ਕੇਵਲ ਸਿੰਘ ਢਿੱਲੋਂ ਨੇ ਲੁਧਿਆਣਾ ਪਹੁੰਚ ਕੇ ਚੋਣਾਂ ਸਬੰਧੀ ਵਰਕਰਾਂ ਨਾਲ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਦੀ ਪ੍ਰਧਾਨਗੀ ਹੇਠ ਅਹਿਮ ਬੈਠਕ ਕੀਤੀ ਹੈ | ਇਸਦੇ ਨਾਲ ਹੀ ਤਿਆਰੀਆਂ ਦਾ ਜਾਇਜ਼ਾ ਵੀ ਲਿਆ ਗਿਆ । ਇਸ ਮੌਕੇ ਉਨ੍ਹਾਂ ਦੇ ਨਾਲ ਸੀਨੀਅਰ ਆਗੂ ਅਵਿਨਾਸ਼ ਰਾਏ ਖੰਨਾ ਵੀ ਮੌਜੂਦ ਸਨ।
ਭਾਜਪਾ (BJP) ਦੇ ਜ਼ਿਲ੍ਹਾ ਦਫ਼ਤਰ ਵਿਖੇ ਹੋਈ ਬੈਠਕ ‘ਚ ਵਰਕਰਾਂ ਤੋਂ ਚੋਣ ਸਬੰਧੀ ਫੀਡਬੈਕ ਲਈ । ਇੰਚਾਰਜ ਕੇਵਲ ਢਿੱਲੋਂ ਨੇ ਕਿਹਾ ਕਿ ਭਾਜਪਾ ਨਗਰ ਨਿਗਮ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹੈ । ਉਨ੍ਹਾਂ ਕਿਹਾ ਕਿ ਭਾਜਪਾ 95 ਵਾਰਡਾਂ ‘ਚ ਆਪਣੇ ਬਲਬੂਤੇ ’ਤੇ ਚੋਣ ਲੜੇਗੀ। ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਇਸ ਵਾਰ ਨਿਗਮ ਹਾਊਸ ਦਾ ਮੇਅਰ ਭਾਜਪਾ ਦਾ ਬਣੇਗਾ।