ਅਸਾਮ, 31 ਮਾਰਚ 2026: 2026 ਦੀਆਂ ਅਸਾਮ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹਿਮੰਤ ਬਿਸਵਾ ਸਰਮਾ ਅਤੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਗੁਹਾਟੀ ‘ਚ ਭਾਜਪਾ ਦਾ ਮੈਨੀਫੈਸਟੋ ਜਾਰੀ ਕੀਤਾ। ਇਸ ਮੌਕੇ ਕੇਂਦਰੀ ਮੰਤਰੀ ਸਰਬਾਨੰਦ ਸੋਨੋਵਾਲ ਅਤੇ ਸੂਬਾ ਭਾਜਪਾ ਪ੍ਰਧਾਨ ਦਿਲੀਪ ਸੈਕੀਆ ਵੀ ਮੌਜੂਦ ਸਨ।
ਮੈਨੀਫੈਸਟੋ ‘ਚ 31 ਮੁੱਖ ਵਾਅਦੇ ਸ਼ਾਮਲ ਹਨ, ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਕਿਹਾ ਕਿ ਭਾਜਪਾ ਦਾ ਉਦੇਸ਼ ਅਸਾਮ ਦਾ ਵਿਕਾਸ ਕਰਨਾ ਹੈ। ਉਨ੍ਹਾਂ ਨੇ ਯੂਨੀਫਾਰਮ ਸਿਵਲ ਕੋਡ (UCC) ਨੂੰ ਲਾਗੂ ਕਰਨ ਅਤੇ ਕਥਿਤ ਲਵ ਜੇਹਾਦ ਵਿਰੁੱਧ ਸਖ਼ਤ ਕਾਰਵਾਈ ਕਰਨ ਦਾ ਵਾਅਦਾ ਕੀਤਾ।
ਮਹਿਲਾ ਭਲਾਈ ਅਤੇ ਵਿੱਤੀ ਯੋਜਨਾਵਾਂ
ਮੈਨੀਫੈਸਟੋ ਦੇ ਮੁਤਾਬਕ, ਔਰਤਾਂ ਲਈ ਓਰੂਨੋਡੋਈ ਯੋਜਨਾ ਤਹਿਤ ਮਾਸਿਕ ਸਹਾਇਤਾ ਰਾਸ਼ੀ 1,250 ਰੁਪਏ ਤੋਂ ਵਧਾ ਕੇ 3,000 ਰੁਪਏ ਕੀਤੀ ਜਾਵੇਗੀ। ਇਸ ਤੋਂ ਇਲਾਵਾ ਲਖਪਤੀ ਦੀਦੀ ਯੋਜਨਾ ਤਹਿਤ 40 ਲੱਖ ਔਰਤਾਂ ਨੂੰ 25,000 ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਵਾਅਦਾ ਕੀਤਾ ਗਿਆ ਹੈ।
ਵਿਕਾਸ ਅਤੇ ਰੁਜ਼ਗਾਰ ‘ਤੇ ਜ਼ੋਰ
ਮੁੱਖ ਮੰਤਰੀ ਨੇ ਕਿਹਾ ਕਿ ਅਗਲੇ ਪੰਜ ਸਾਲਾਂ ‘ਚ 2 ਲੱਖ ਨਵੀਆਂ ਨੌਕਰੀਆਂ ਪੈਦਾ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ, ਟੀਚਾ ਹਰ ਜ਼ਿਲ੍ਹੇ ‘ਚ ਇੱਕ ਮੈਡੀਕਲ ਕਾਲਜ, ਇੱਕ ਯੂਨੀਵਰਸਿਟੀ ਅਤੇ ਇੱਕ ਇੰਜੀਨੀਅਰਿੰਗ ਕਾਲਜ ਸਥਾਪਤ ਕਰਨਾ ਹੈ। ਉਨ੍ਹਾਂ ਨੇ ਸੂਬੇ ਨੂੰ ਹੜ੍ਹ ਮੁਕਤ ਬਣਾਉਣ ਲਈ ₹18,000 ਕਰੋੜ ਦਾ ਇੱਕ ਪ੍ਰੋਜੈਕਟ ਸ਼ੁਰੂ ਕਰਨ ਦਾ ਵੀ ਵਾਅਦਾ ਕੀਤਾ।
ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ 2026 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਪਣੇ ਸੀਟਾਂ ਦੇ ਅਨੁਮਾਨਾਂ ਦਾ ਖੁਲਾਸਾ ਕੀਤਾ। ਉਨ੍ਹਾਂ ਕਿਹਾ ਕਿ ਭਾਜਪਾ ਸੂਬੇ ‘ਚ 96 ਤੋਂ 100 ਸੀਟਾਂ ਜਿੱਤ ਸਕਦੀ ਹੈ, ਜਦੋਂ ਕਿ ਕਾਂਗਰਸ 15-16 ਸੀਟਾਂ ਤੱਕ ਸਿਮਟ ਸਕਦੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਯੂਡੀਐਫ ਨੂੰ ਲਗਭਗ 5-6 ਸੀਟਾਂ, ਰਾਏਜੋਰ ਦਲ ਨੂੰ 1 ਜਾਂ 2 ਸੀਟਾਂ ਅਤੇ ਅਸਾਮ ਜਨਤਾ ਪਾਰਟੀ (ਏਜੇਪੀ) ਨੂੰ 0 ਜਾਂ 1 ਸੀਟ ਜਿੱਤਣ ਦੀ ਸੰਭਾਵਨਾ ਹੈ। ਉਨ੍ਹਾਂ ਇਸ ਮੌਕੇ ਕਿਹਾ ਕਿ ਭਾਜਪਾ ਸਰਕਾਰ ਦੁਆਰਾ ਪਿਛਲੇ ਸਾਲਾਂ ‘ਚ ਵਿਕਾਸ ਅਤੇ ਸਥਿਰਤਾ ਲਈ ਕੀਤੇ ਗਏ ਕੰਮ ਜਨਤਾ ਦੇ ਸਮਰਥਨ ‘ਚ ਝਲਕ ਰਹੇ ਹਨ।
ਭਾਜਪਾ ਦਾ ਮੁੱਖ ਏਜੰਡਾ
ਨਿਰਮਲਾ ਸੀਤਾਰਮਨ ਨੇ ਕਿਹਾ ਕਿ ਭਾਜਪਾ ਨੇ ਪਿਛਲੇ ਦਸ ਸਾਲਾਂ ‘ਚ ਅਸਾਮ ‘ਚ ਵਿਕਾਸ ਕਾਰਜ ਕੀਤੇ ਹਨ ਜੋ ਕਾਂਗਰਸ 60 ਸਾਲਾਂ ‘ਚ ਨਹੀਂ ਕਰ ਸਕੀ। ਭਾਜਪਾ ਦਾ ਮੈਨੀਫੈਸਟੋ ਅਸਾਮ ਲਈ ਇੱਕ ਦਹਾਕੇ ਲੰਬੇ ਪਰਿਵਰਤਨ ਦੇ ਸਫ਼ਰ ‘ਤੇ ਅਧਾਰਤ ਹੈ, ਜਿਸ ‘ਚ ਸਿੱਖਿਆ, ਸਿਹਤ, ਬੁਨਿਆਦੀ ਢਾਂਚਾ ਅਤੇ ਰੁਜ਼ਗਾਰ ਸਮੇਤ ਸਾਰੇ ਖੇਤਰਾਂ ‘ਚ ਕੀਤੇ ਗਏ ਠੋਸ ਕੰਮਾਂ ਨੂੰ ਉਜਾਗਰ ਕੀਤਾ ਗਿਆ ਹੈ।
ਅਸਾਮ ਭਾਜਪਾ ਪ੍ਰਧਾਨ ਦਿਲੀਪ ਸੈਕੀਆ ਨੇ ਕਿਹਾ ਕਿ ਭਾਜਪਾ ਦਾ ਟੀਚਾ ਅਸਾਮ ਨੂੰ ਇੱਕ ਸੁਰੱਖਿਅਤ ਅਤੇ ਵਿਕਸਤ ਸੂਬਾ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਮੈਨੀਫੈਸਟੋ ਤਿਆਰ ਕਰਨ ਲਈ ਰਾਜ ਭਰ ਤੋਂ 2.45 ਲੱਖ ਸੁਝਾਅ ਪ੍ਰਾਪਤ ਹੋਏ ਹਨ। ਕਾਂਗਰਸ ‘ਤੇ ਨਿਸ਼ਾਨਾ ਸਾਧਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਪਿਛਲੇ ਦਸ ਸਾਲਾਂ ‘ਚ ਅਸਾਮ ‘ਚ ਸਥਿਰਤਾ ਅਤੇ ਵਿਕਾਸ ਲਿਆਉਣ ‘ਚ ਸਫਲ ਰਹੀ ਹੈ, ਜਦੋਂ ਕਿ ਕਾਂਗਰਸ ਨੇ ਕਦੇ ਵੀ ਲੰਬੇ ਸਮੇਂ ਦੇ ਵਿਕਾਸ ‘ਤੇ ਧਿਆਨ ਨਹੀਂ ਦਿੱਤਾ।
ਅਸਾਮ ‘ਚ 9 ਅਪ੍ਰੈਲ ਨੂੰ ਵੋਟਿੰਗ
ਜਿਕਰਯੋਗ ਹੈ ਕਿ ਅਸਾਮ ਦੀਆਂ ਸਾਰੀਆਂ 126 ਵਿਧਾਨ ਸਭਾ ਸੀਟਾਂ ਲਈ ਵੋਟਿੰਗ 9 ਅਪ੍ਰੈਲ ਨੂੰ ਇੱਕ ਪੜਾਅ ਵਿੱਚ ਹੋਵੇਗੀ। ਵੋਟਾਂ ਦੀ ਗਿਣਤੀ 4 ਮਈ ਨੂੰ ਹੋਣੀ ਹੈ। ਭਾਜਪਾ ਅਸਾਮ ਗਣ ਪ੍ਰੀਸ਼ਦ (ਏਜੀਪੀ) ਅਤੇ ਬੋਡੋਲੈਂਡ ਪੀਪਲਜ਼ ਫਰੰਟ (ਬੀਪੀਐਫ) ਨਾਲ ਗੱਠਜੋੜ ਕਰਕੇ ਚੋਣਾਂ ਲੜ ਰਹੀ ਹੈ। ਭਾਜਪਾ ਦਾ ਟੀਚਾ ਐਨਡੀਏ ਲਈ ਲਗਾਤਾਰ ਤੀਜੀ ਜਿੱਤ ਯਕੀਨੀ ਬਣਾਉਣਾ ਹੈ, ਜਦੋਂ ਕਿ ਕਾਂਗਰਸ ਸੱਤਾ ‘ਚ ਵਾਪਸੀ ਲਈ ਲੜ ਰਹੀ ਹੈ।
Read More: ਡਾਲਰ ਦੇ ਮੁਕਾਬਲੇ ਰੁਪਿਆ ਤੇਜ਼ੀ ਨਾਲ ਡਿੱਗਿਆ, ਪਹਿਲੀ ਵਾਰ 95 ਦੇ ਪਾਰ




