BJP

ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਲਈ BJP ਵੱਲੋਂ ਚੋਣ ਮੈਨੀਫੈਸਟੋ ਜਾਰੀ, 5 ਲੱਖ ਨੌਕਰੀਆਂ ਤੇ 2 ਸਿਲੰਡਰ ਮੁਫ਼ਤ ਦੇਣ ਦਾ ਵਾਅਦਾ

ਚੰਡੀਗੜ੍ਹ, 06 ਸਤੰਬਰ 2024: ਭਾਜਪਾ (BJP) ਨੇ ਸ਼ੁੱਕਰਵਾਰ 6 ਸਤੰਬਰ ਨੂੰ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਲਈ ਪਾਰਟੀ ਦਾ ਚੋਣ ਮਨੋਰਥ ਪੱਤਰ ਜਾਰੀ ਕਰ ਦਿੱਤਾ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਕਾਲਜ ਦੇ ਵਿਦਿਆਰਥੀਆਂ ਨੂੰ ਹਰ ਸਾਲ 3,000 ਰੁਪਏ ਟਰਾਂਸਪੋਰਟ ਭੱਤਾ ਦਿੱਤਾ ਜਾਵੇਗਾ। 10ਵੀਂ ਜਮਾਤ ‘ਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਟੈਬਲੇਟ ਅਤੇ ਲੈਪਟਾਪ ਦਿੱਤੇ ਜਾਣਗੇ।

ਇਸਦੇ ਨਾਲ ਹੀ ਭਾਜਪਾ (BJP) ਨੇ 5 ਲੱਖ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਹੈ। ਉਨ੍ਹਾਂ ਕਿਹਾ ਕਿ ਉੱਜਵਲਾ ਯੋਜਨਾ ਦੇ ਲਾਭਪਾਤਰੀਆਂ ਨੂੰ ਹਰ ਸਾਲ 2 ਮੁਫ਼ਤ ਐਲਪੀਜੀ ਸਿਲੰਡਰ ਦਿੱਤੇ ਜਾਣਗੇ। ਅਟਲ ਆਵਾਸ ਯੋਜਨਾ ਰਾਹੀਂ ਬੇਜ਼ਮੀਨੇ ਲੋਕਾਂ ਨੂੰ 5 ਮਰਲੇ (ਇੱਕ ਵਿੱਘਾ) ਜ਼ਮੀਨ ਮੁਫ਼ਤ ਦਿੱਤੀ ਜਾਵੇਗੀ।

ਜਿਕਰਯੋਗ ਹੈ ਕਿ ਜੰਮੂ-ਕਸ਼ਮੀਰ ‘ਚ 90 ਵਿਧਾਨ ਸਭਾ ਸੀਟਾਂ ਹਨ, ਸੂਬੇ ‘ਚ ਤਿੰਨ ਪੜਾਵਾਂ ‘ਚ 18 ਸਤੰਬਰ, 25 ਸਤੰਬਰ ਅਤੇ 1 ਅਕਤੂਬਰ ਨੂੰ ਚੋਣਾਂ ਹੋਣੀਆਂ ਹਨ। ਇਸਦੇ ਨਤੀਜੇ 8 ਅਕਤੂਬਰ ਨੂੰ ਐਲਾਨੇ ਜਾਣਗੇ। ਅਮਿਤ ਸ਼ਾਹ ਨੇ ਕਿਹਾ ਕਿ ਜੰਮੂ-ਕਸ਼ਮੀਰ ਭਾਰਤ ਦਾ ਹੈ, ਸੀ ਅਤੇ ਹਮੇਸ਼ਾ ਰਹੇਗਾ। ਸੂਬੇ ‘ਚ ਪਿਛਲੇ 10 ਸਾਲਾਂ ‘ਚ ਵਿਕਾਸ ਹੋਇਆ ਹੈ ਅਤੇ ਤਰੱਕੀ ਕਰ ਰਿਹਾ ਹੈ। ਅੱਜ ਧਾਰਾ 370 ਅਤੇ 35 (ਏ) ਬੀਤੇ ਦੀ ਗੱਲ ਹੋ ਗਈ ਹੈ। ਹੁਣ ਇਹ ਸਾਡੇ ਸੰਵਿਧਾਨ ਦਾ ਹਿੱਸਾ ਨਹੀਂ ਹੈ।

ਬੀਬੀਆਂ ਲਈ: ਉੱਜਵਲਾ ਸਕੀਮ ਦੇ ਲਾਭਪਾਤਰੀਆਂ ਨੂੰ ਹਰ ਸਾਲ 2 ਮੁਫ਼ਤ ਐਲਪੀਜੀ ਸਿਲੰਡਰ। ਮਾਂ ਸਨਮਾਨ ਯੋਜਨਾ ਰਾਹੀਂ ਹਰੇਕ ਪਰਿਵਾਰ ਦੀ ਸਭ ਤੋਂ ਬਜ਼ੁਰਗ ਬੀਬੀ ਨੂੰ 18 ਹਜ਼ਾਰ ਰੁਪਏ ਪ੍ਰਤੀ ਮਹੀਨਾ ਵਿੱਤੀ ਸਹਾਇਤਾ। ਬੀਬੀਆਂ ਦੇ ਸਵੈ-ਸਹਾਇਤਾ ਸਮੂਹਾਂ ਦਾ ਕਰਜ਼ਾ ਮੁਆਫ਼ ਕਰਨ ਦਾ ਐਲਾਨ।

ਵਿਦਿਆਰਥੀਆਂ ਅਤੇ ਨੌਜਵਾਨਾਂ ਲਈ: ਪੰਡਿਤ ਪ੍ਰੇਮ ਨਾਥ ਡੋਗਰਾ ਰੁਜ਼ਗਾਰ ਯੋਜਨਾ ਰਾਹੀਂ 5 ਲੱਖ ਰੁਜ਼ਗਾਰ ਦੇ ਮੌਕੇ ਪੈਦਾ ਕਰਨਾ। ਪ੍ਰਗਤੀ ਸਿੱਖਿਆ ਯੋਜਨਾ ਤਹਿਤ ਕਾਲਜ ਦੇ ਵਿਦਿਆਰਥੀਆਂ ਨੂੰ ਹਰ ਸਾਲ 3 ਹਜ਼ਾਰ ਰੁਪਏ ਟਰਾਂਸਪੋਰਟ ਭੱਤਾ ਦਿੱਤਾ ਜਾਂਦਾ ਹੈ। JKPSC ਅਤੇ UPSC ਦੀ ਤਿਆਰੀ ਲਈ 2 ਸਾਲਾਂ ਲਈ 10,000 ਰੁਪਏ ਦੀ ਕੋਚਿੰਗ ਫੀਸ ਦੀ ਵਿੱਤੀ ਸਹਾਇਤਾ। 10ਵੀਂ ਜਮਾਤ ‘ਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਟੈਬਲੇਟ ਅਤੇ ਲੈਪਟਾਪ ਮਿਲਣਗੇ।

ਸੂਬੇ ਦੇ ਵਿਕਾਸ ਲਈ : ਸ੍ਰੀਨਗਰ ਦੀ ਡਲ ਝੀਲ ਨੂੰ ਵਿਸ਼ਵ ਪੱਧਰੀ ਸੈਲਾਨੀ ਸਥਾਨ ਬਣਾਇਆ ਜਾਵੇਗਾ। ਸ੍ਰੀਨਗਰ ਦੇ ਟੈਟੂ ਗਰਾਊਂਡ ਵਿੱਚ ਇੱਕ ਮਨੋਰੰਜਨ ਪਾਰਕ ਬਣਾਇਆ ਜਾਵੇਗਾ। ਡੋਡਾ, ਕਿਸ਼ਤਵਾੜ, ਰਾਮਬਨ, ਰਾਜੌਰੀ, ਪੁੰਛ, ਊਧਮਪੁਰ ਅਤੇ ਕਠੂਆ ਦੇ ਉਪਰਲੇ ਇਲਾਕਿਆਂ ਨੂੰ ਸੈਰ-ਸਪਾਟਾ ਉਦਯੋਗਾਂ ਵਜੋਂ ਅਪਡੇਟ ਕੀਤਾ ਜਾਵੇਗਾ। ਕਸ਼ਮੀਰ ਘਾਟੀ ਦੇ ਗੁਲਮਰਗ ਅਤੇ ਪਹਿਲਗਾਮ ਨੂੰ ਆਧੁਨਿਕ ਸੈਲਾਨੀ ਸ਼ਹਿਰ ਬਣਾਇਆ ਜਾਵੇਗਾ। ਸ੍ਰੀਨਗਰ ‘ਚ ਤਵੀ ਰਿਵਰਫਰੰਟ ਬਣਾਇਆ ਜਾਵੇਗਾ। ਰਣਜੀਤ ਸਾਗਰ ਡੈਮ ਬਸੋਹਲੀ ਲਈ ਵੱਖਰੀ ਝੀਲ ਵਿਕਾਸ ਅਥਾਰਟੀ ਬਣਾਈ ਜਾਵੇਗੀ। ਜੰਮੂ ਵਿੱਚ ਵਿਸ਼ੇਸ਼ ਆਰਥਿਕ ਜ਼ੋਨ ਵਜੋਂ ਆਈਟੀ ਹੱਬ ਬਣਾਇਆ ਜਾਵੇਗਾ।

ਪਾਣੀ ਅਤੇ ਸੋਲਰ ਲਈ: ਬਿਜਲੀ ਅਤੇ ਪਾਣੀ ਦੇ ਬਕਾਇਆ ਬਿੱਲਾਂ ਦੀ ਸਮੱਸਿਆ ਨੂੰ ਹੱਲ ਕਰਨ ਲਈ ਇੱਕ ਸਕੀਮ ਸ਼ੁਰੂ ਕੀਤੀ ਜਾਵੇਗੀ। ‘ਹਰ ਘਰ ਨਲ ਸੇ ਜਲ’ ਤਹਿਤ ਜੰਮੂ-ਕਸ਼ਮੀਰ ਦੇ ਸਾਰੇ ਘਰਾਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਕੀਤੀ ਜਾਵੇਗੀ। ਪਰਿਵਾਰਾਂ ਨੂੰ ਮੁਫਤ ਬਿਜਲੀ ਦੇਣ ਦਾ ਐਲਾਨ ਅਤੇ ਪ੍ਰਧਾਨ ਮੰਤਰੀ ਸੂਰਜ ਘਰ ਮੁਫਤ ਬਿਜਲੀ ਯੋਜਨਾ ਰਾਹੀਂ ਸੂਰਜੀ ਉਪਕਰਣਾਂ ਦੀ ਸਥਾਪਨਾ ਲਈ 10,000 ਰੁਪਏ ਦੀ ਸਬਸਿਡੀ।

ਠੇਕਾ, ਦਿਹਾੜੀਦਾਰ ਮੁਲਾਜ਼ਮਾਂ ਲਈ: ਐਡਹਾਕ, ਠੇਕਾ, ਦਿਹਾੜੀਦਾਰ ਮੁਲਾਜ਼ਮਾਂ ਲਈ ਨਵੀਂ ਨੀਤੀ ਲਿਆਂਦੀ ਜਾ ਸਕਦੀ ਹੈ। ਕਮਿਊਨਿਟੀ ਵਰਕਰਾਂ ਜਿਵੇਂ ਕਿ ਆਂਗਣਵਾੜੀ, ਆਸ਼ਾ, NHM, ਰਹਿਬਰ-ਏ-ਖੇਲ ਕਰਮਚਾਰੀ (ਰੇਕ), ਕਮਿਊਨਿਟੀ ਇਨਫਰਮੇਸ਼ਨ ਸੈਂਟਰ (ਸੀਆਈਸੀ) ਆਪਰੇਟਰਾਂ, ਹੋਮ ਗਾਰਡਜ਼ ਅਤੇ ਨੈਸ਼ਨਲ ਯੂਥ ਕੋਰ ਨੂੰ ਵਾਧੂ ਸਹਾਇਤਾ ਦਿੱਤੀ ਜਾਵੇਗੀ।

ਕਿਸਾਨਾਂ ਲਈ: ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਵਿੱਚ 10,000 ਰੁਪਏ ਦਿੱਤੇ ਜਾਣਗੇ, 6,000 ਰੁਪਏ ‘ਚ ਵਾਧੂ 4,000 ਰੁਪਏ ਸ਼ਾਮਲ ਕੀਤੇ ਜਾਣਗੇ। ਖੇਤੀ ਮੰਤਵਾਂ ਲਈ ਬਿਜਲੀ ਦੀਆਂ ਦਰਾਂ 50 ਫੀਸਦੀ ਤੱਕ ਘਟਾਈਆਂ ਜਾਣਗੀਆਂ। ਅਟਲ ਆਵਾਸ ਯੋਜਨਾ ਰਾਹੀਂ ਬੇਜ਼ਮੀਨੇ ਲੋਕਾਂ ਨੂੰ 5 ਮਰਲੇ (ਲਗਭਗ ਇੱਕ ਵਿੱਘਾ) ਜ਼ਮੀਨ ਮੁਫ਼ਤ ਦਿੱਤੀ ਜਾਵੇਗੀ।

ਵਿਕਾਸ ਬੋਰਡਾਂ ਅਤੇ ਆਈਟੀ ਹੱਬਾਂ ਲਈ: ਜੰਮੂ ਅਤੇ ਕਸ਼ਮੀਰ ‘ਚ ਸਰਕਾਰੀ ਯੋਜਨਾਵਾਂ ਦੀ ਨਿਗਰਾਨੀ ਕਰਨ ਲਈ ਤਿੰਨ ਖੇਤਰੀ ਵਿਕਾਸ ਬੋਰਡ (ਆਰਡੀਬੀ) ਸਥਾਪਤ ਕੀਤੇ ਜਾਣਗੇ। ਜੰਮੂ ‘ਚ ਇੱਕ ਵਿਸ਼ੇਸ਼ ਆਰਥਿਕ ਖੇਤਰ (SEZ) ਵਜੋਂ ਆਈਟੀ ਹੱਬ ਬਣਾਇਆ ਜਾਵੇਗਾ। ਊਧਮਪੁਰ ‘ਚ ਫਾਰਮਾਸਿਊਟੀਕਲ ਪਾਰਕ ਅਤੇ ਕਿਸ਼ਤਵਾੜ ‘ਚ ਆਯੂਸ਼ ਹਰਬਲ ਪਾਰਕ ਦੀ ਸਥਾਪਨਾ।

ਡਿਸਪਲੇਸਡ ਸੁਸਾਇਟੀ ਰੀਹੈਬਲੀਟੇਸ਼ਨ ਸਕੀਮ ਲਈ: ਟਿਕਾ ਲਾਲ ਟਪਲੂ ਡਿਸਪਲੇਸਡ ਸੁਸਾਇਟੀ ਰੀਹੈਬਲੀਟੇਸ਼ਨ ਸਕੀਮ ਸ਼ੁਰੂ ਕੀਤੀ ਜਾਵੇਗੀ। ਕਸ਼ਮੀਰੀ ਪੰਡਤਾਂ, ਵਾਲਮੀਕੀਆਂ, ਗੋਰਖਿਆਂ ਅਤੇ ਹੋਰ ਵਿਸਥਾਪਿਤ ਵਿਅਕਤੀਆਂ ਦੀ ਸੁਰੱਖਿਅਤ ਵਾਪਸੀ ਅਤੇ ਮੁੜ ਵਸੇਬੇ ‘ਚ ਤੇਜ਼ੀ ਲਿਆਂਦੀ ਜਾਵੇਗੀ।

100 ਖੰਡਰ ਮੰਦਰਾਂ ਲਈ: ਰਿਸ਼ੀ ਕਸ਼ਯਪ ਤੀਰਥ ਪੁਨਰ ਸੁਰਜੀਤੀ ਮੁਹਿੰਮ ਦੇ ਤਹਿਤ ਹਿੰਦੂ ਮੰਦਰਾਂ ਅਤੇ ਧਾਰਮਿਕ ਸਥਾਨਾਂ ਦਾ ਮੁੜ ਨਿਰਮਾਣ ਕੀਤਾ ਜਾਵੇਗਾ। 100 ਖੰਡਰ ਮੰਦਰਾਂ ਦਾ ਨਵੀਨੀਕਰਨ ਕੀਤਾ ਜਾਵੇਗਾ। ਸ਼ੰਕਰਾਚਾਰੀਆ ਮੰਦਿਰ (ਜਯੇਸ਼ੇਸ਼ਵਰ ਮੰਦਿਰ), ਰਘੁਨਾਥ ਮੰਦਿਰ ਅਤੇ ਮਾਰਤੰਡ ਸੂਰਿਆ ਮੰਦਿਰ ਸਮੇਤ ਮੌਜੂਦਾ ਮੰਦਰਾਂ ਨੂੰ ਧਾਰਮਿਕ ਅਤੇ ਅਧਿਆਤਮਿਕ ਸੰਗਠਨਾਂ ਦੀ ਸਰਗਰਮ ਭਾਗੀਦਾਰੀ ਰਾਹੀਂ ਹੋਰ ਵਿਕਸਤ ਕੀਤਾ ਜਾਵੇਗਾ।

Scroll to Top