ਚੰਡੀਗੜ੍ਹ, 06 ਸਤੰਬਰ 2024: ਹਰਿਆਣਾ ਵਿਧਾਨ ਸਭਾ ਚੋਣਾਂ ਲਈ ਭਾਜਪਾ (BJP) ਵੱਲੋਂ ਸੁਚਿਨ ਜਾਰੀ ਹੋਣ ਤੋਂ ਬਾਅਦ ਹਰਿਆਣਾ ਭਾਜਪਾ ‘ਚ ਬਗਾਵਤ ਤੇਜ਼ ਹੋ ਗਈ ਹੈ। ਕਰੀਬ 22 ਵਿਧਾਨ ਸਭਾ ਸੀਟਾਂ ‘ਤੇ ਭਾਜਪਾ ਸਮਰਥਕਾਂ ਅਤੇ ਅਧਿਕਾਰੀਆਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਹੈ। ਟਿਕਟਾਂ ਨਾ ਮਿਲਣ ਤੋਂ ਨਾਰਾਜ਼ ਮੰਤਰੀਆਂ, ਵਿਧਾਇਕਾਂ ਤੇ ਸਾਬਕਾ ਮੰਤਰੀਆਂ ਸਮੇਤ 14 ਆਗੂਆਂ ਨੇ ਅਸਤੀਫ਼ੇ ਦੇ ਦਿੱਤੇ ਹਨ।
ਸੂਬੇ ਦੇ ਊਰਜਾ ਮੰਤਰੀ ਰਣਜੀਤ ਸਿੰਘ ਚੌਟਾਲਾ, ਵਿਧਾਇਕ ਲਕਸ਼ਮਣ ਦਾਸ, ਕਿਸਾਨ ਮੋਰਚਾ ਦੇ ਪ੍ਰਧਾਨ ਸੁਖਵਿੰਦਰ ਸ਼ਿਓਰਾਣ, ਸੂਬਾ ਮੀਤ ਪ੍ਰਧਾਨ ਜੀਐਲ ਸ਼ਰਮਾ ਅਤੇ ਪੀਪੀਪੀ ਦੇ ਸੂਬਾ ਕੋਆਰਡੀਨੇਟਰ ਸਤੀਸ਼ ਖੋਲਾ ਨੇ ਪਾਰਟੀ (BJP) ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਦੂਜੇ ਪਾਸੇ ਮੰਤਰੀ ਵਿਸ਼ਵੰਭਰ ਵਾਲਮੀਕੀ, ਸਾਬਕਾ ਮੰਤਰੀ ਕਵਿਤਾ ਜੈਨ, ਸਾਵਿਤਰੀ ਜਿੰਦਲ, ਲਤਿਕਾ ਸ਼ਰਮਾ ਦੇ ਸਮਰਥਕਾਂ ਨੇ ਵੀ ਨਾਰਾਜ਼ਗੀ ਜ਼ਾਹਰ ਕੀਤੀ ਹੈ।
ਇਨ੍ਹਾਂ ਸਾਰਿਆਂ ਨੇ ਸਮਰਥਕਾਂ ਨਾਲ ਮੁਲਾਕਾਤ ਕੀਤੀ ਅਤੇ ਅਗਲੇ ਕਦਮ ਬਾਰੇ ਚਰਚਾ ਕੀਤੀ। ਹਰਿਆਣਾ ਵਿਧਾਨ ਸਭਾ ਚੋਣ ਦੇ ਸਹਿ-ਇੰਚਾਰਜ ਬਿਪਲਬ ਕੁਮਾਰ ਦੇਬ ਨੇ ਰੋਹਤਕ ‘ਚ ਪਾਰਟੀ ਦੇ ਸੂਬਾ ਹੈੱਡਕੁਆਰਟਰ ‘ਚ ਬੈਠਕ ਕਰਕੇ ਨਾਰਾਜ਼ ਆਗੂਆਂ ਨੂੰ ਤਿੰਨ ਜਨਰਲ ਸਕੱਤਰਾਂ ਨੂੰ ਮਨਾ ਕੇ ਬਗਾਵਤ ਰੋਕਣ ਦੀ ਜ਼ਿੰਮੇਵਾਰੀ ਸੌਂਪੀ ਹੈ। ਸੈਣੀ ਸਰਕਾਰ ‘ਚ ਬਿਜਲੀ ਮੰਤਰੀ ਰਣਜੀਤ ਚੌਟਾਲਾ ਨੇ ਵੀਰਵਾਰ ਸਵੇਰੇ ਰਾਣੀਆਂ ‘ਚ ਸਮਰਥਕਾਂ ਦੀ ਬੈਠਕ ਸੱਦੀ ਸੀ।