ਚੰਡੀਗੜ੍ਹ, 22 ਸਤੰਬਰ 2023: ਵੀਰਵਾਰ 21 ਸਤੰਬਰ ਨੂੰ ਲੋਕ ਸਭਾ ‘ਚ ਚੰਦਰਯਾਨ ‘ਤੇ ਚਰਚਾ ਦੌਰਾਨ ਦਿੱਲੀ ਤੋਂ ਭਾਜਪਾ ਦੇ ਸੰਸਦ ਮੈਂਬਰ ਰਮੇਸ਼ ਬਿਧੂੜੀ (MP Ramesh Bidhuri) ਨੇ ਅਮਰੋਹਾ ਤੋਂ ਬਸਪਾ ਦੇ ਸੰਸਦ ਮੈਂਬਰ ਕੁੰਵਰ ਦਾਨਿਸ਼ ਅਲੀ ਲਈ ਇਤਰਾਜ਼ਯੋਗ ਸ਼ਬਦਾਵਲੀ ਵਰਤੋਂ ਕੀਤੀ । ਉਨ੍ਹਾਂ ਨੇ ਬਿਧੂੜੀ ਨੂੰ ਬੈਠਣ ਲਈ ਕਿਹਾ, ਪਰ ਉਹ ਚੁੱਪ ਨਾ ਹੋਏ । ਬਿਧੂੜੀ ਦੇ ਇਸ ਦੁਰਵਿਵਹਾਰ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਹੈ। ਜਦੋਂ ਰਮੇਸ਼ ਬਿਧੂੜੀ ਬੋਲ ਰਹੇ ਸਨ ਤਾਂ ਉਨ੍ਹਾਂ ਦੇ ਪਿੱਛੇ ਬੈਠੇ ਭਾਜਪਾ ਸੰਸਦ ਮੈਂਬਰ ਅਤੇ ਸਾਬਕਾ ਮੰਤਰੀ ਰਵੀਸ਼ੰਕਰ ਪ੍ਰਸਾਦ ਅਤੇ ਹਰਸ਼ਵਰਧਨ ਹੱਸਦੇ ਨਜ਼ਰ ਆਏ।
ਲੋਕ ਸਭਾ ਸਪੀਕਰ ਓਮ ਬਿਰਲਾ ਨੇ ਵੀ ਰਮੇਸ਼ ਬਿਧੂੜੀ (MP Ramesh Bidhuri) ਨੂੰ ਚਿਤਾਵਨੀ ਦਿੱਤੀ ਕਿ ਜੇਕਰ ਅਜਿਹਾ ਦੁਬਾਰਾ ਹੋਇਆ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਹਾਲਾਂਕਿ ਰਮੇਸ਼ ਬਿਧੂੜੀ ਦੀਆਂ ਸ਼ਬਦਾਵਲੀ ਨੂੰ ਸਦਨ ਦੀ ਕਾਰਵਾਈ ਤੋਂ ਹਟਾ ਦਿੱਤਾ ਗਿਆ ਹੈ। ਰਮੇਸ਼ ਬਿਧੂੜੀ ਦੀ ਇਤਰਾਜ਼ਯੋਗ ਟਿੱਪਣੀ ਤੋਂ ਤੁਰੰਤ ਬਾਅਦ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਦਨ ‘ਚ ਅਫਸੋਸ ਪ੍ਰਗਟ ਕੀਤਾ। ਕਾਂਗਰਸ ਹੁਣ ਰਮੇਸ਼ ਬਿਧੂੜੀ ਨੂੰ ਸਦਨ ਤੋਂ ਮੁਅੱਤਲ ਕਰਨ ਦੀ ਮੰਗ ਕਰ ਰਹੀ ਹੈ। ਬਿਧੂੜੀ ਨੇ ਸੰਸਦ ‘ਚ ‘ਚੰਦਰਯਾਨ-3 ਦੀ ਸਫਲਤਾ ਤੇ ਪੁਲਾੜ ਖੇਤਰ ‘ਚ ਭਾਰਤ ਦੀਆਂ ਪ੍ਰਾਪਤੀਆਂ’ ‘ਤੇ ਚਰਚਾ ‘ਚ ਹਿੱਸਾ ਲੈਂਦੇ ਹੋਏ ਦਾਨਿਸ਼ ਅਲੀ ਖਿਲਾਫ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕੀਤੀ ।
ਦੂਜੇ ਪਾਸੇ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸੰਸਦ ਮੈਂਬਰ ਦਾਨਿਸ਼ ਅਲੀ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਸੰਸਦ ਵਿੱਚ ਉਨ੍ਹਾਂ ਖਿਲਾਫ ਕੀਤੀ ਗਈ ਟਿੱਪਣੀ ਲਈ ਬਿਧੂੜੀ ਖਿਲਾਫ ਇੱਕ ਪੱਤਰ ਲਿਖਿਆ ਹੈ। ਬਸਪਾ ਆਗੂ ਦਾਨਿਸ਼ ਅਲੀ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਪੱਤਰ ਲਿਖ ਕੇ ਮਾਮਲਾ ਵਿਸ਼ੇਸ਼ ਅਧਿਕਾਰ ਕਮੇਟੀ ਕੋਲ ਭੇਜਣ ਦੀ ਅਪੀਲ ਕੀਤੀ ਹੈ। ਉਨ੍ਹਾਂ ਅੱਗੇ ਕਿਹਾ ਕਿ ਉਹ ਬਿਧੂੜੀ ਖਿਲਾਫ ਨਿਯਮਾਂ 222, 226 ਤੇ 227 ਤਹਿਤ ਨੋਟਿਸ ਦੇਣਾ ਚਾਹੁੰਦੇ ਹਨ।