June 23, 2024 8:27 am
Karnataka

ਕਰਨਾਟਕ ‘ਚ ਭਾਜਪਾ ਵਿਧਾਇਕ ਦਾ ਪੁੱਤਰ 40 ਲੱਖ ਦੀ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ, ਘਰ ਤੋਂ 6 ਕਰੋੜ ਰੁਪਏ ਬਰਾਮਦ

ਚੰਡੀਗੜ੍ਹ, 03 ਮਾਰਚ 2023: ਕਰਨਾਟਕ (Karnataka) ‘ਚ ਲੋਕਾਯੁਕਤ ਦੇ ਐਂਟੀ ਕਰੱਪਸ਼ਨ ਵਿੰਗ ਨੇ ਵੀਰਵਾਰ ਨੂੰ ਵੱਡੀ ਕਾਰਵਾਈ ਕਰਦਿਆਂ ਭਾਜਪਾ ਵਿਧਾਇਕ ਮਦਲ ਵਿਰੂਪਕਸ਼ੱਪਾ (MLA Madal Virupakshappa) ਦੇ ਪੁੱਤਰ ਨੂੰ 40 ਲੱਖ ਦੀ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕੀਤਾ ਗਿਆ ਹੈ। ਵਿਧਾਇਕ ਦੇ ਬੇਟੇ ਪ੍ਰਸ਼ਾਂਤ ਮਦਲ ਨੂੰ ਲੋਕਾਯੁਕਤ ਅਧਿਕਾਰੀਆਂ ਨੇ ਆਪਣੇ ਦਫਤਰ ਤੋਂ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਹੈ ।

ਇਸਦੇ ਨਾਲ ਹੀ ਐਂਟੀ ਕਰੱਪਸ਼ਨ ਵਿੰਗ ਨੇ ਭਾਜਪਾ ਵਿਧਾਇਕ ਦੇ ਦਫਤਰ ਤੋਂ 1.7 ਕਰੋੜ ਰੁਪਏ ਅਤੇ ਉਨ੍ਹਾਂ ਦੇ ਘਰ ਤੋਂ 6 ਕਰੋੜ ਰੁਪਏ ਬਰਾਮਦ ਕੀਤੇ ਹਨ। ਲੋਕਾਯੁਕਤ ਨੂੰ ਰਿਸ਼ਵਤ ਮੰਗਣ ਦੀ ਸ਼ਿਕਾਇਤ ਮਿਲੀ ਸੀ। ਲੋਕਾਯੁਕਤ ਦੀ ਇਸ ਕਾਰਵਾਈ ਤੋਂ ਬਾਅਦ ਮਦਲ ਵਿਰੂਪਕਸ਼ੱਪਾ ਨੇ ਕਰਨਾਟਕ ਸੋਪ ਐਂਡ ਡਿਟਰਜੈਂਟ ਲਿਮਟਿਡ ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।

ਮਦਲ ਵਿਰੂਪਕਸ਼ਾਪਾ ਲਗਾਤਾਰ ਦੋ ਵਾਰ ਦਾਵਣਗੇਰੇ ਜ਼ਿਲ੍ਹੇ ਦੇ ਚੰਨਾਗਿਰੀ ਹਲਕੇ ਤੋਂ ਵਿਧਾਇਕ ਹਨ। ਉਸਨੇ 2018 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਪਣੇ ਹਲਫਨਾਮੇ ਵਿੱਚ 5.73 ਕਰੋੜ ਰੁਪਏ ਦੀ ਜਾਇਦਾਦ ਘੋਸ਼ਿਤ ਕੀਤਾ ਸੀ। 2013 ਦੀਆਂ ਚੋਣਾਂ ਵਿੱਚ ਉਨ੍ਹਾਂ ਨੇ 1.79 ਕਰੋੜ ਰੁਪਏ ਦੀ ਜਾਇਦਾਦ ਦਾ ਐਲਾਨ ਕੀਤਾ ਸੀ।

ਕਰਨਾਟਕ (Karnataka) ਵਿੱਚ ਇਸ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਅਜਿਹੇ ਵਿੱਚ ਲੋਕਾਯੁਕਤ ਦੀ ਇਹ ਕਾਰਵਾਈ ਚਰਚਾ ਦਾ ਵਿਸ਼ਾ ਬਣ ਗਈ ਹੈ। ਕਿਹਾ ਜਾ ਰਿਹਾ ਹੈ ਕਿ ਭਾਜਪਾ ਵਿਧਾਇਕ ਦੇ ਪੁੱਤਰ ਖਿਲਾਫ ਕੀਤੀ ਗਈ ਇਹ ਕਾਰਵਾਈ ਚੋਣ ਮੁੱਦਾ ਵੀ ਬਣ ਸਕਦੀ ਹੈ।