ਚੰਡੀਗੜ, 8 ਨਵੰਬਰ 2024: ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਕਾਂਗਰਸ (Congress) ਪਾਰਟੀ ਜੰਮੂ-ਕਸ਼ਮੀਰ ਅਤੇ ਵਾਇਨਾਡ ਚੋਣਾਂ ਸਮੇਤ ਕਈਂ ਰਾਜਨੀਤੀ ਮੁੱਦਿਆਂ ‘ਤੇ ਆਹਮੋ-ਸਾਹਮਣੇ ਹਨ | ਦੋਵੇਂ ਧਿਰਾਂ ਵੱਲੋਂ ਇੱਕ-ਦੂਜੇ ਖ਼ਿਲਾਫ਼ ਬਿਆਨਬਾਜ਼ੀ ਕੀਤੀ ਜਾ ਰਹੀ ਹੈ |
ਇਸ ਦੌਰਾਨ ਭਾਜਪਾ ਨੇ ਕਾਂਗਰਸ ਵੱਲੋਂ ਜੰਮੂ-ਕਸ਼ਮੀਰ ਵਿਧਾਨ ਸਭਾ ‘ਚ ਲਿਆਂਦੇ ਮਤੇ ਦਾ ਸਮਰਥਨ ਕਰਨ ਦੀ ਘਟਨਾ ਨੂੰ ਦੇਸ਼ ਨੂੰ ਵੰਡਣ ਦੀ ਕੋਸ਼ਿਸ਼ ਦੱਸਿਆ ਹੈ। ਤੇਲੰਗਾਨਾ ‘ਚ ਭਾਜਪਾ ਦੇ ਰਾਸ਼ਟਰੀ ਬੁਲਾਰੇ ਸੀਆਰ ਕੇਸਵਨ ਨੇ ਕਿਹਾ ਕਿ ਕਾਂਗਰਸ ਨੇ ਕੱਲ੍ਹ ਜੰਮੂ-ਕਸ਼ਮੀਰ ਵਿਧਾਨ ਸਭਾ ‘ਚ ਇੱਕ ਮਤੇ ਨੂੰ ਰਣਨੀਤਕ ਸਮਰਥਨ ਦਿੱਤਾ ਹੈ, ਇਸ ਦਾ ਉਦੇਸ਼ ਭਾਰਤ ਨੂੰ ਵੰਡਣਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਪਾਰਟੀ ਨੇ ਸਾਡੇ ਸੰਵਿਧਾਨ ਦਾ ਅਪਮਾਨ ਕੀਤਾ ਹੈ।
ਸੀਆਰ ਕੇਸਵਨ ਨੇ ਕਿਹਾ ਕਿ ਕਾਂਗਰਸ (Congress) ਨੇ ਨਾ ਸਿਰਫ਼ ਦੇਸ਼ ਦੀ ਸੰਸਦ ਦਾ ਅਪਮਾਨ ਕੀਤਾ ਹੈ, ਸਗੋਂ ਇਸ ਨੇ ਸੁਪਰੀਮ ਕੋਰਟ ਦੀਆਂ ਟਿੱਪਣੀਆਂ ਦੀ ਵੀ ਅਣਦੇਖੀ ਕੀਤੀ ਹੈ। ਉਨ੍ਹਾਂ ਨੇ ਯਾਸੀਨ ਮਲਿਕ ਦੀ ਘਰਵਾਲੀ ਦੀ ਚਿੱਠੀ ‘ਤੇ ਵੀ ਸਵਾਲ ਖੜ੍ਹੇ ਕੀਤੇ ਹਨ। ਕੇਸਵਨ ਨੇ ਕਿਹਾ ਕਿ ‘ਹਾਲ ਹੀ ‘ਚ ਜੇਲ੍ਹ ‘ਚ ਬੰਦ ਅ.ਤਿ.ਵਾ.ਦੀ ਯਾਸੀਨ ਮਲਿਕ ਦੀ ਘਰਵਾਲੀ ਨੇ ਰਾਹੁਲ ਗਾਂਧੀ ਨੂੰ ਚਿੱਠੀ ਲਿਖੀ ਹੈ। ਉਨ੍ਹਾਂ ਦੀ ਮੰਗ ਹੈ ਕਿ ਰਾਹੁਲ ਗਾਂਧੀ ਨੂੰ ਸੰਸਦ ਮੈਂਬਰ ਵਜੋਂ ਇਸ ਯਾਸੀਨ ਦੀ ਰਿਹਾਈ ਦਾ ਮੁੱਦਾ ਉਠਾਉਣਾ ਚਾਹੀਦਾ ਹੈ।
ਉਨ੍ਹਾਂ ਸਵਾਲ ਕੀਤਾ ਕਿ ਕੀ ਇਹ ਅ.ਤਿ.ਵਾ.ਦੀ ਜੰਮੂ-ਕਸ਼ਮੀਰ ‘ਚ ਸ਼ਾਂਤੀ ਲਿਆਉਣਗੇ ? ਕੇਸ਼ਵਨ ਨੇ ਕੇਰਲ ਲੋਕ ਸਭਾ ਸੀਟ ਤੋਂ ਜ਼ਿਮਨੀ ਚੋਣ ‘ਚ ਕਾਂਗਰਸ ਦੀ ਟਿਕਟ ‘ਤੇ ਪ੍ਰਿਅੰਕਾ ਦੀ ਉਮੀਦਵਾਰੀ ‘ਤੇ ਵੀ ਟਿੱਪਣੀ ਕੀਤੀ ਹੈ । ਉਨ੍ਹਾਂ ਕਿਹਾ ਕਿ ‘ਪ੍ਰਿਅੰਕਾ ਗਾਂਧੀ ਅਤੇ ਕਾਂਗਰਸ ਪਾਰਟੀ ਨੂੰ ਆਪਣਾ ਸਟੈਂਡ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਕੀ ਉਹ ਇਸ ਚੋਣਾਂ ‘ਚ ਜਮਾਤ-ਏ-ਇਸਲਾਮੀ ਦੇ ਸਿਆਸੀ ਪ੍ਰਤੀਨਿਧ ਦਾ ਸਮਰਥਨ ਸਵੀਕਾਰ ਕਰਦੇ ਹਨ ?। ਕੀ ਇਹੀ ਕਾਰਨ ਹੈ ਕਿ ਗਾਂਧੀ ਪਰਿਵਾਰ ਹਮੇਸ਼ਾ ਕੇਰਲ ਦੀ ਵਾਇਨਾਡ ਸੀਟ ਤੋਂ ਚੋਣ ਲੜਨਾ ਪਸੰਦ ਕਰਦਾ ਹੈ।
ਭਾਜਪਾ ਦੇ ਇਕ ਹੋਰ ਬੁਲਾਰੇ ਗੌਰਵ ਭਾਟੀਆ ਨੇ ਕਾਂਗਰਸ ਦੇ ਨਾਲ-ਨਾਲ ਆਮ ਆਦਮੀ ਪਾਰਟੀ (ਆਪ) ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਰਾਹੁਲ ਗਾਂਧੀ ਜਾਂ ਇੰਡੀਆ ਗਠਜੋੜ ਦੇ ਆਗੂ, ਉਹ ਦੇਸ਼ ਦੀ ਏਕਤਾ ਨੂੰ ਤੋੜਨ ਦਾ ਕੰਮ ਕਰ ਰਹੇ ਹਨ। ਉਹ ਸੰਵਿਧਾਨ ਦਾ ਵੀ ਅਪਮਾਨ ਕਰ ਰਹੇ ਹਨ।