ਭੂਪੇਂਦਰ ਯਾਦਵ

ਭਾਜਪਾ ਨੂੰ ਵੈਟ ਵਾਧੇ ‘ਤੇ ਪੰਜਾਬ ਸਰਕਾਰ ਨੂੰ ਸਵਾਲ ਕਰਨ ਦਾ ਕੋਈ ਨੈਤਿਕ ਆਧਾਰ ਨਹੀਂ: ਮਾਲਵਿੰਦਰ ਸਿੰਘ ਕੰਗ

ਚੰਡੀਗੜ੍ਹ, 12 ਜੂਨ 2023 : ਆਮ ਆਦਮੀ ਪਾਰਟੀ (AAP) ਨੇ ਕਿਹਾ ਕਿ ਭਾਜਪਾ ਕੋਲ ਪੈਟਰੋਲ ਅਤੇ ਡੀਜ਼ਲ ‘ਤੇ ਵੈਟ ਵਾਧੇ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਸਵਾਲ ਕਰਨ ਦਾ ਕੋਈ ਨੈਤਿਕ ਆਧਾਰ ਨਹੀਂ ਹੈ ਕਿਉਂਕਿ ਭਾਜਪਾ ਦੀ ਕੇਂਦਰ ਸਰਕਾਰ ਪੰਜਾਬ ਦੇ ਪੇਂਡੂ ਵਿਕਾਸ ਫੰਡ (ਆਰਡੀਐਫ), ਨੈਸ਼ਨਲ ਹੈਲਥ ਮਿਸ਼ਨ ਫੰਡ ਅਤੇ ਜੀਐਸਟੀ ਦਾ ਹਿੱਸਾ ਰੋਕ ਰਹੀ ਹੈ। ਜੋਕਿ ਸੂਬੇ ਦੀ ਆਰਥਿਕਤਾ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਿਹਾ ਹੈ।

ਸੋਮਵਾਰ ਨੂੰ ਪਾਰਟੀ ਦਫਤਰ ਤੋਂ ਜਾਰੀ ਬਿਆਨ ‘ਚ ‘ਆਪ’ (AAP) ਪੰਜਾਬ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਪੰਜਾਬ ਸਰਕਾਰ ‘ਤੇ ਕੋਈ ਵੀ ਸਵਾਲ ਚੁੱਕਣ ਤੋਂ ਪਹਿਲਾਂ ਭਾਜਪਾ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਉਹ ਪੰਜਾਬ ਨਾਲ ਵਿਤਕਰਾ ਕਿਉਂ ਕਰ ਰਹੀ ਹੈ। ਕਿਉਂ ਮੋਦੀ ਸਰਕਾਰ ਸੂਬੇ ਨੂੰ ਆਰਥਿਕ ਤੌਰ ‘ਤੇ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਕੰਗ ਨੇ ਭਾਜਪਾ ‘ਤੇ ਸਵਾਲ ਕੀਤਾ ਕਿ ਜਦੋਂ 2014 ‘ਚ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਚੁਣੇ ਗਏ ਸਨ ਤਾਂ ਅੰਤਰਰਾਸ਼ਟਰੀ ਬਾਜ਼ਾਰ ‘ਚ ਕੱਚੇ ਤੇਲ ਦੀਆਂ ਕੀਮਤਾਂ ਬਹੁਤ ਜ਼ਿਆਦਾ ਸਨ। ਅੱਜ ਇਹ ਅੱਧੀਆਂ ਰਹਿ ਗਈਆਂ ਹਨ ਪਰ ਭਾਰਤ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਪਿਛਲੇ ਸਾਲਾਂ ਦੌਰਾਨ ਦੁੱਗਣੀਆਂ ਹੋ ਗਈਆਂ ਹਨ। ਕੀ ਭਾਜਪਾ ਭਾਰਤ ਵਿੱਚ ਵਧੀਆਂ ਕੀਮਤਾਂ ਪਿੱਛੇ ਗਣਿਤ ਦੱਸ ਸਕਦੀ ਹੈ।

ਕੰਗ ਨੇ ਕਿਹਾ ਕਿ ਪੰਜਾਬ ਦੇ ਸਾਰੇ ਆਗੂ ਭਾਜਪਾ ਨੂੰ ਪੇਂਡੂ ਵਿਕਾਸ ਫੰਡ, ਨੈਸ਼ਨਲ ਹੈਲਥ ਮਿਸ਼ਨ ਫੰਡ ਅਤੇ ਪੰਜਾਬ ਦੇ ਜੀ.ਐਸ.ਟੀ ਬਾਰੇ ਸਵਾਲ ਕਰਨ, ਕਿ ਇਹ ਸਾਰਾ ਪੈਸਾ ਪੰਜਾਬ ਦਾ ਹੈ ਅਤੇ ਸੂਬੇ ਦੇ ਵਿਕਾਸ ਲਈ ਵਰਤਿਆ ਜਾਣਾ ਚਾਹੀਦਾ ਹੈ, ਪਰ ਕੇਂਦਰ ਸਰਕਾਰ ਇਹ ਫੰਡ ਜਾਰੀ ਨਹੀਂ ਕਰ ਰਿਹਾ। ਪਰ ਬਦਕਿਸਮਤੀ ਨਾਲ ਸੁਖਬੀਰ ਸਿੰਘ ਬਾਦਲ ਵਰਗੇ ਆਗੂ ਭਾਜਪਾ ਦੀ ਹਮਾਇਤ ਕਰਦੇ ਨਜ਼ਰ ਆ ਰਹੇ ਹਨ।

ਕੰਗ ਨੇ ਅੱਗੇ ਕਿਹਾ ਕਿ ਪੰਜਾਬ ਵਿਚ ਪੈਟਰੋਲ ਅਤੇ ਡੀਜ਼ਲ ਹਰਿਆਣਾ ਅਤੇ ਮੱਧ ਪ੍ਰਦੇਸ਼ ਨਾਲੋਂ ਸਸਤਾ ਹੈ, ਦੋਵੇਂ ਰਾਜਾਂ ਵਿਚ ਭਾਜਪਾ ਅਤੇ ਰਾਜਸਥਾਨ ਵਿਚ ਕਾਂਗਰਸ ਦੀ ਸਰਕਾਰ ਹੈ। ਉਨ੍ਹਾਂ ਅੰਤ ਵਿੱਚ ਕਿਹਾ ਕਿ ‘ਆਪ’ ਦੀ ਪੰਜਾਬ ਸਰਕਾਰ ਸੂਬੇ ਦੀ ਭਲਾਈ ਲਈ ਤਨਦੇਹੀ ਨਾਲ ਕੰਮ ਕਰ ਰਹੀ ਹੈ ਅਤੇ ਸਾਡਾ ਏਜੰਡਾ ਪੰਜਾਬ ਦੇ ਲੋਕਾਂ ਨੂੰ ਵਧੀਆ ਸਹੂਲਤਾਂ ਪ੍ਰਦਾਨ ਕਰਨਾ ਹੈ।

Scroll to Top