ਅੰਮ੍ਰਿਤਸਰ,11 ਅਪ੍ਰੈਲ 2024: ਅੰਮ੍ਰਿਤਸਰ ਵਿਖੇ ਈਦ ਦਾ ਤਿਉਹਾਰ (Eid festival) ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ।ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਅਤੇ ਅਮਰੀਕਾ ਵਿਚ ਭਾਰਤ ਦੇ ਰਾਜਦੂਤ ਰਹੇ ਸ. ਤਰਨਜੀਤ ਸਿੰਘ ਸੰਧੂ ਨੇ ਸਥਾਨਕ ਹਾਲ ਬਾਜ਼ਾਰ ਸਥਿਤ ਪ੍ਰਸਿੱਧ ਬੜੀ ਜਾਮਾ ਮਸਜਿਦ ਖੈਰੂਦੀਨ ਵਿਖੇ ਮੁਸਲਮਾਨ ਭਾਈਚਾਰੇ ਨਾਲ ਈਦ ਦੀ ਖ਼ੁਸ਼ੀ ਸਾਂਝੀ ਕੀਤੀ ਅਤੇ ਉਨ੍ਹਾਂ ਨੂੰ ਈਦ-ਉਲ-ਫ਼ਿਤਰ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਅਤੇ ਉਨ੍ਹਾਂ ਨਾਲ ਇੱਕਜੁੱਟਤਾ ਦਾ ਪ੍ਰਗਟਾਵਾ ਕੀਤਾ ਗਿਆ।ਸ. ਤਰਨਜੀਤ ਸਿੰਘ ਸੰਧੂ ਨੇ ਜਾਮਾ ਮਸਜਿਦ ਦੇ ਮੌਲਾਨਾ ਇਮਾਮ ਹਾਮਿਦ ਹੁਸੈਨ ਕਾਸਮੀ ਨਾਲ ਗਲੇ ਮਿਲ ਕੇ ਇਕ ਦੂਸਰੇ ਨੂੰ ਈਦ ਦੀ ਵਧਾਈ ਦਿੱਤੀ।
ਇਸ ਮੌਕੇ ਮੌਲਾਨਾ ਕਾਸਮੀ ਅਤੇ ਦਾਨਿਸ਼ ਖਾਨ ਨੇ ਸ.ਸੰਧੂ ਦਾ ਸਨਮਾਨ ਕੀਤਾ।ਮੁਸਲਿਮ ਭਾਈਚਾਰੇ ਦੇ ਲੋਕਾਂ ਵੱਲੋਂ ਵੱਡੀ ਗਿਣਤੀ ਵਿਚ ਇਕੱਠੇ ਹੋ ਕੇ ਈਦ ਉਲ ਫਿਤਰ ਦੀ ਨਮਾਜ਼ ਅਦਾ ਕੀਤੀ।ਇਸ ਮੌਕੇ ਸ. ਤਰਨਜੀਤ ਸਿੰਘ ਸੰਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਮੁਸਲਮਾਨ ਭਾਈਚਾਰੇ ਨੂੰ ਈਦ (Eid festival) ਦੀ ਵਧਾਈ ਦੇਣ ਆਏ ਹਨ। ਜੋ ਕਿ ਮੁਸਲਿਮ ਭਾਈਚਾਰੇ ਵੱਲੋਂ ਇਹ ਤਿਉਹਾਰ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਚੋਣ ਪ੍ਰਚਾਰ ਦੌਰਾਨ ਅੰਮ੍ਰਿਤਸਰ ਦੇ ਵਿਕਾਸ ਦੇ ਮੁੱਦੇ ਨੂੰ ਫੋਕਸ ਕੀਤਾ ਹੋਇਆ ਹੈ। ਅੰਮ੍ਰਿਤਸਰ ਵਿਚ ਵੀ ਓਵੇਂ ਹੀ ਵਿਕਾਸ ਕਰਾਇਆ ਜਾਵੇਗਾ ਜਿਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੂਰੇ ਦੇਸ਼ ਵਿਚ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਗੁਰੂ ਨਗਰੀ ਲਈ ਪ੍ਰਧਾਨ ਮੰਤਰੀ ਤੋਂ ਵਿਸ਼ੇਸ਼ ਪੈਕੇਜ ਲਿਆਂਦਾ ਜਾਵੇਗਾ। ਇਸ ਮੌਕੇ ਭਾਜਪਾ ਦੇ ਲੋਕ ਸਭਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਸਮਾਜ ਵਿਚ ਏਕਤਾ ਇਤਫ਼ਾਕ ਅਤੇ ਸਦਭਾਵਨਾ ਅਤੇ ਦੇਸ਼ ਦੀ ਅਮਨ ਸ਼ਾਂਤੀ ਅਤੇ ਤਰੱਕੀ ਦੀ ਕਾਮਨਾ ਕੀਤੀ ।
ਉਨ੍ਹਾਂ ਕਿਹਾ ਕਿ ਭਾਰਤ ਵਿੱਚ ਅੱਜ ਘੱਟ ਗਿਣਤੀ ਮੁਸਲਮਾਨ ਭਾਈਚਾਰਾ ਪੂਰੀ ਤਰ੍ਹਾਂ ਸੁਰੱਖਿਅਤ ਹੈ ਤੇ ਪੂਰੀ ਤਰ੍ਹਾਂ ਵਿਕਸਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਘੱਟ ਗਿਣਤੀਆਂ ਦੀ ਭਲਾਈ ਤੇ ਪ੍ਰਫੁੱਲਤਾ ਲਈ ਪ੍ਰਧਾਨ ਮੰਤਰੀ ਵੱਲੋਂ ਬਣਾਈਆਂ ਗਈਆਂ ਸਕੀਮਾਂ ਦਾ ਲਾਭ ਹੇਠਲੇ ਪੱਧਰ ਤੱਕ ਪੁੱਜੇ ਅਤੇ ਵਿੱਦਿਆ ਦਾ ਪਸਾਰ ਹੋਵੇ, ਸਾਰਿਆਂ ਨੂੰ ਰੋਜ਼ਗਾਰ ਮਿਲੇ,ਰਹਿਣ ਲਈ ਘਰ ਹੋਣ,ਕਿਸੇ ਨਾਲ ਕਿਸੇ ਪੱਖੋਂ ਵਿਤਕਰਾ ਨਾ ਹੋਵੇ।ਉਨ੍ਹਾਂ ਨੂੰ ਪੂਰੀ ਸੁਰੱਖਿਆ ਮਿਲੇ। ਮੇਰੀ ਇਹੀ ਇੱਛਾ ਹੈ।
ਇਸ ਕਾਰਜ ਨੂੰ ਮੈਂ ਸਮਰਪਿਤ ਹਾਂ। ਸ.ਸੰਧੂ ਨੇ ਲੋਕਾਂ ਨੂੰ ਆਪਸੀ ਸਦਭਾਵਨਾ ਅਤੇ ਮੁਹੱਬਤ ਦਾ ਸੰਦੇਸ਼ ਦਿੱਤਾ ਅਤੇ ਕਿਹਾ ਕਿ ਸਾਡਾ ਦੇਸ਼ ਵੰਨ-ਸੁਵੰਨੇ ਫੁੱਲਾਂ ਦਾ ਇਕ ਸੁੰਦਰ ਗੁਲਦਸਤਾ ਹੈ ਅਤੇ ਇੱਥੇ ਸਾਰੇ ਫ਼ਿਰਕੇ ਮਿਲਕੇ ਰਹਿੰਦੇ ਹਨ।ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਦੇਸ਼ ਤੇ ਸੂਬੇ ਦੀ ਤਰੱਕੀ,ਫ਼ਿਰਕੂ ਇਕਸੁਰਤਾ,ਅਮਨ-ਸ਼ਾਂਤੀ, ਆਪਸੀ ਭਾਈਚਾਰਾ ਅਤੇ ਇੱਕਜੁੱਟਤਾ ਲਈ ਕੰਮ ਕਰਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਆਪਣੇ ਬੱਚਿਆਂ ਨੂੰ ਚੰਗੀ ਤਾਲੀਮ ਦਿਵਾਉਣ ਅਤੇ ਮੋਦੀ ਸਰਕਾਰ ਦੀਆਂ ਸਕੀਮਾਂ ਦਾ ਲਾਭ ਲੈ ਕੇ ਆਪਣੇ ਫ਼ਿਰਕਿਆਂ ਦੀ ਸਿੱਖਿਆ ਤੇ ਰੋਜ਼ਗਾਰ ਨੂੰ ਪ੍ਰਫੁਲਿਤ ਕਰਨ ਵੱਲ ਧਿਆਨ ਦੇਣਾ ਦੀ ਅਪੀਲ ਕੀਤੀ।