July 5, 2024 1:09 am
Preneet Kaur

ਭਾਜਪਾ ਉਮੀਦਵਾਰ ਪ੍ਰਨੀਤ ਕੌਰ ਦਾ ਪਟਿਆਲਾ ‘ਚ ਚੋਣ ਪ੍ਰਚਾਰ ਦੌਰਾਨ ਕਿਸਾਨਾਂ ਵੱਲੋਂ ਵਿਰੋਧ

ਚੰਡੀਗੜ੍ਹ, 29 ਅਪ੍ਰੈਲ 2024: ਭਾਰਤੀ ਜਨਤਾ ਪਾਰਟੀ ਦੀ ਤਰਫੋਂ ਪਟਿਆਲਾ ਲੋਕ ਸਭਾ ਸੀਟ ਤੋਂ ਚੋਣ ਲੜ ਰਹੀ ਪ੍ਰਨੀਤ ਕੌਰ (Preneet Kaur) ਲਈ ਚੋਣ ਪ੍ਰਚਾਰ ਦੀਆਂ ਮੁਸ਼ਕਿਲਾਂ ਘੱਟ ਨਹੀਂ ਹੋ ਰਹੀਆਂ ਹਨ। ਹੁਣ ਬਹਾਦੁਰਗੜ੍ਹ ਵਿੱਚ ਪ੍ਰਨੀਤ ਕੌਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ, ਜਿਸ ਨੂੰ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਕਿਸਾਨਾਂ ਦੇ ਲਗਾਤਾਰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਪ੍ਰਨੀਤ ਕੌਰ (Preneet Kaur) ਸੋਮਵਾਰ ਨੂੰ ਇਕ ਜਨਤਕ ਪ੍ਰੋਗਰਾਮ ਲਈ ਬਹਾਦਰਗੜ੍ਹ ਪਹੁੰਚੀ ਸੀ ਪਰ ਇੱਥੇ ਕਿਸਾਨਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਦੂਜੇ ਪਾਸੇ ਪੁਲਿਸ ਨੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਅਤੇ ਕਿਸਾਨਾਂ ਨੂੰ ਸਮਾਗਮ ਵਾਲੀ ਥਾਂ ’ਤੇ ਨਹੀਂ ਪਹੁੰਚਣ ਦਿੱਤਾ, ਜਿਸ ਕਾਰਨ ਪ੍ਰਨੀਤ ਕੌਰ ਰੈਲੀ ਮਗਰੋਂ ਵਾਪਸ ਪਰਤ ਗਈ।

ਬਹਾਦਰਗੜ੍ਹ ਦੇ ਰਾਜਾ ਫਾਰਮ ਹਾਊਸ ਵਿਖੇ ਪ੍ਰਨੀਤ ਕੌਰ ਦਾ ਪ੍ਰੋਗਰਾਮ ਰੱਖਿਆ ਗਿਆ ਸੀ, ਜਿੱਥੇ ਪ੍ਰਨੀਤ ਕੌਰ ਨੇ ਸ਼ਿਰਕਤ ਕਰਨ ਲਈ ਆਉਣਾ ਸੀ। ਉਨ੍ਹਾਂ ਦੇ ਆਉਣ ਤੋਂ ਪਹਿਲਾਂ ਹੀ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂ ਸਤਪਾਲ ਸਿੰਘ ਮਹਿਮਦਪੁਰ ਅਤੇ ਉਨ੍ਹਾਂ ਦੇ ਕਿਸਾਨ ਯੂਨੀਅਨ ਦੇ ਮੈਂਬਰ ਪ੍ਰਨੀਤ ਕੌਰ ਦਾ ਘਿਰਾਓ ਕਰਨ ਲਈ ਪਹੁੰਚ ਗਏ।