ਚੰਡੀਗੜ੍ਹ, 26 ਮਾਰਚ 2024: ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਚੋਣ ਕਮੇਟੀ ਨੇ ਹਿਮਾਚਲ ਪ੍ਰਦੇਸ਼ (Himachal Pradesh) ਦੀਆਂ ਛੇ ਵਿਧਾਨ ਸਭਾ ਸੀਟਾਂ ‘ਤੇ ਲੋਕ ਸਭਾ ਚੋਣਾਂ ਦੇ ਨਾਲ-ਨਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਭਾਜਪਾ ਨੇ ਕਾਂਗਰਸ ਦੇ ਸਾਰੇ ਬਾਗੀਆਂ ਨੂੰ ਟਿਕਟਾਂ ਦਿੱਤੀਆਂ ਹਨ। ਧਰਮਸ਼ਾਲਾ ਵਿਧਾਨ ਸਭਾ ਸੀਟ ਤੋਂ ਸੁਧੀਰ ਸ਼ਰਮਾ, ਲਾਹੌਲ-ਸਪੀਤੀ ਤੋਂ ਰਵੀ ਠਾਕੁਰ, ਸੁਜਾਨਪੁਰ ਤੋਂ ਰਜਿੰਦਰ ਰਾਣਾ, ਬੜਸਰ ਤੋਂ ਇੰਦਰਦੱਤ ਲਖਨਪਾਲ, ਗਗਰੇਟ ਤੋਂ ਚੈਤੰਨਿਆ ਸ਼ਰਮਾ ਅਤੇ ਕੁਟਲੇਹੜ ਤੋਂ ਦਵਿੰਦਰ ਕੁਮਾਰ ਭੁੱਟੋ ਨੂੰ ਉਮੀਦਵਾਰ ਬਣਾਇਆ ਗਿਆ ਹੈ।
ਜਿਕਰਯੋਗ ਹੈ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ 68 ਮੈਂਬਰੀ ਰਾਜ ਵਿਧਾਨ ਸਭਾ ਵਿੱਚ ਕਾਂਗਰਸ ਦੇ 40 ਵਿਧਾਇਕ ਸਨ, ਜਦਕਿ ਭਾਜਪਾ ਦੇ 25 ਵਿਧਾਇਕ ਸਨ। ਤਿੰਨ ਸੀਟਾਂ ‘ਤੇ ਆਜ਼ਾਦ ਉਮੀਦਵਾਰਾਂ ਨੇ ਕਬਜ਼ਾ ਹੈ । ਕਾਂਗਰਸ ਦੇ ਛੇ ਵਿਧਾਇਕਾਂ ਨੂੰ ਵਿੱਤ ਬਿੱਲ ਪਾਸ ਕਰਨ ਵੇਲੇ ਵ੍ਹਿੱਪ ਜਾਰੀ ਹੋਣ ਦੇ ਬਾਵਜੂਦ ਸਦਨ ਵਿੱਚ ਹਾਜ਼ਰ ਨਾ ਹੋਣ ਕਾਰਨ ਅਯੋਗ ਕਰਾਰ ਦਿੱਤਾ ਗਿਆ। ਆਜ਼ਾਦ ਉਮੀਦਵਾਰਾਂ ਨੇ ਵੀ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ। ਅਸਤੀਫ਼ੇ ਪ੍ਰਵਾਨ ਹੋਣ ਤੋਂ ਬਾਅਦ ਵਿਧਾਨ ਸਭਾ ਵਿੱਚ ਨੌਂ ਵਿਧਾਇਕਾਂ ਦੀ ਕਮੀ ਨਾਲ 59 ਵਿਧਾਇਕ ਰਹਿ ਜਾਣਗੇ।
ਹਿਮਾਚਲ ਪ੍ਰਦੇਸ਼ (Himachal Pradesh) ਦੀਆਂ ਚਾਰ ਲੋਕ ਸਭਾ ਸੀਟਾਂ ਲਈ ਆਖਰੀ ਅਤੇ ਸੱਤਵੇਂ ਪੜਾਅ ਦੀ ਵੋਟਿੰਗ 1 ਜੂਨ ਨੂੰ ਹੋਵੇਗੀ ਅਤੇ ਨਤੀਜੇ 4 ਜੂਨ ਨੂੰ ਐਲਾਨੇ ਜਾਣਗੇ। ਇਸੇ ਦਿਨ ਛੇ ਵਿਧਾਨ ਸਭਾ ਹਲਕਿਆਂ ਵਿੱਚ ਵਿਧਾਨ ਸਭਾ ਚੋਣਾਂ ਵੀ ਹੋਣਗੀਆਂ। ਇਹ ਛੇ ਵਿਧਾਨ ਸਭਾ ਹਲਕੇ ਉਹੀ ਹਨ ਜਿੱਥੋਂ ਕਾਂਗਰਸ ਨੇ ਛੇ ਬਾਗੀ ਵਿਧਾਇਕਾਂ ਨੂੰ ਅਯੋਗ ਕਰਾਰ ਦਿੱਤਾ ਹੈ।