Savitribai Phule

ਜਨਮ ਦਿਨ ‘ਤੇ ਵਿਸ਼ੇਸ਼: ਭਾਰਤ ਦੀ ਪਹਿਲੀ ਅਧਿਆਪਕ ਤੇ ਸਮਾਜ ਸੁਧਾਰਕ ਬੀਬੀ ਸਵਿਤਰੀਬਾਈ ਫੂਲੇ

ਚੰਡੀਗੜ੍ਹ 03 ਦਸੰਬਰ 2023 : ਮਨੁੱਖੀ ਸੱਭਿਅਤਾ ਦੇ ਇਤਿਹਾਸ ਵਿਚ ਗਿਆਨ ਦੇ ਵਿਕਾਸ ਦੀ ਪ੍ਰਕਿਰਿਆ ’ਚ ਕੁਝ ਵਿਰਲੇ ਲੋਕਾਂ ਦੇ ਹਿੱਸੇ ਆਇਆ ਹੈ ਕਿ ਉਨ੍ਹਾਂ ਨੇ ਜਾਣਕਾਰੀ ਦੇ ਨਵੇਂ ਤੱਥਾਂ ਨੂੰ ਲੋਕਾਈ ਸਾਹਮਣੇ ਰੱਖਣ ਦੀ ਹਿੰਮਤ ਜੁਟਾਈ। ਆਪਣੀ ਜਾਨ ਜੋਖ਼ਮ ’ਚ ਪਾਈ ਜਾਂ ਫਿਰ ਆਪਣੀ ਜਾਨ ਦੀ ਕੀਮਤ ’ਤੇ ਸਥਾਪਤੀ ਖ਼ਿਲਾਫ਼ ਬੋਲਦਿਆਂ ਗਿਆਨ ਦੇ ਖੇਤਰ ਵਿਚ ਨਵੀਆਂ ਪੈੜਾਂ ਪਾ ਗਏ। ਅਜਿਹਾ ਹੀ ਇੱਕ ਨਾਂ ਹੈ ਸਵਿਤਰੀਬਾਈ ਫੂਲੇ

ਦੇਸ਼ ਦੀ ਪਹਿਲੀ ਅਧਿਆਪਕ ਅਤੇ ਸਮਾਜ ਸੁਧਾਰਕ ਬੀਬੀ ਸਵਿਤਰੀਬਾਈ ਫੂਲੇ, ਜਿਸ ਨੇ ਅਨੇਕਾਂ ਮੁਸ਼ਕਿਲਾਂ, ਰੂੜੀਵਾਦੀ ਵਿਚਾਰਾਂ ਅਤੇ ਜਾਤੀਵਾਦ ਦੀਆਂ ਔਕੜਾਂ ਨੂੰ ਪਾਰ ਕਰਦੇ ਹੋਏ ਦੇਸ਼ ਵਿਚ ਲੜਕੀਆਂ ਦੀ ਸਿੱਖਿਆ ਦੀ ਸ਼ੁਰੂਆਤ ਕੀਤੀ। ਉਸ ਉੱਘੀ ਸਿੱਖਿਆ ਮਾਹਿਰ, ਸਮਾਜ ਸੁਧਾਰਕ ਅਤੇ ਮਹਾਨ ਮਰਾਠੀ ਕਵਿਤਰੀ ਨੂੰ ਸਿੱਖਿਆ ਜਗਤ ਅੱਜ ਉਸ ਦੇ ਜਨਮ ਦਿਹਾੜੇ ਤੇ ਸ਼ਰਧਾ ਨਾਲ ਯਾਦ ਕਰਦਾ ਹੈ।

ਅੱਜ ਦੇਸ਼ ਵਿੱਚ ਪ੍ਰੀ-ਪ੍ਰਾਇਮਰੀ ਸਕੂਲ ਤੋਂ ਲੈ ਕੇ ਯੂਨੀਵਰਸਿਟੀ ਤੱਕ ਔਰਤ ਅਧਿਆਪਕਾਂ ਦਾ ਹੀ ਬੋਲਬਾਲਾ ਹੈ। ਲੇਕਿਨ ਇਸ ਦੀ ਪਹਿਲ ਕਰਨ ਵਾਲੀ ਬੀਬੀ ਸਵਿਤਰੀਬਾਈ ਫੂਲੇ ਦਾ ਜਨਮ ਅੱਜ ਦੇ ਹੀ ਦਿਨ 1831 ਈਸਵੀ ਨੂੰ ਮਹਾਂਰਾਸ਼ਟਰ ਦੇ ਪਿੰਡ ਨਵਾਂ ਗਾਵ ਵਿਚ ਹੋਇਆ । ਮਾਤਾ-ਪਿਤਾ ਨੇ 09 ਸਾਲ ਦੀ ਉਮਰ ਵਿੱਚ ਹੀ ਵਿਆਹ ਕਰ ਦਿੱਤਾ। ਪਤੀ ਜੋਤੀ ਰਾਓ ਫੂਲੇ ਜੋ ਖੁਦ ਵੀ ਇੱਕ ਸਮਾਜ ਸੁਧਾਰਕ ਸਨ ਵੱਲੋਂ ਮਿਲੇ ਸਹਿਯੋਗ ਅਤੇ ਮੁੱਢਲੀ ਸਿੱਖਿਆ ਦੀ ਬਦੌਲਤ, ਅਨੇਕਾਂ ਮੁਸ਼ਕਿਲਾਂ ਅਤੇ ਭਾਰੀ ਵਿਰੋਧ ਦੇ ਬਾਵਜੂਦ 1848 ਈਸਵੀ ਵਿੱਚ ਪਿੰਡ ਵਿਚ ਹੀ ਲੜਕੀਆਂ ਲਈ ਪਹਿਲਾ ਸਕੂਲ ਖੋਲ੍ਹ ਦਿੱਤਾ।

ਸਵਿਤਰੀਬਾਈ 17 ਸਾਲ ਦੀ ਉਮਰ ਵਿੱਚ ਦੇਸ਼ ਦੇ ਲੜਕੀਆਂ ਦੇ ਸਕੂਲ ਦੀ ਪਹਿਲੀ ਔਰਤ ਅਧਿਆਪਕਾ, ਪ੍ਰਿੰਸੀਪਲ ਅਤੇ ਸੰਸਥਾਪਕ ਬਣੀ। ਇਸ ਦੇ ਨਾਲ ਹੀ ਪਿੰਡ ਵਿਚ ਲੜਕੀਆਂ ਦੀ ਪੜ੍ਹਾਈ, ਖ਼ਾਸ ਤੌਰ ਤੇ ਪਿਛੜੇ ਵਰਗ ਨੂੰ ਪੜਾਉਣ ਕਾਰਨ ਭਾਰੀ ਵਿਰੋਧ ਸ਼ੁਰੂ ਹੋ ਗਿਆ। ਜੋਤੀ ਰਾਉ ਫੁਲੇ ਦੇ ਪਿਤਾ ਗੋਵਿੰਦ ਰਾਉ ਵੀ ਪਿੰਡ ਵਾਸੀਆਂ ਦਾ ਸਾਥ ਦੇਣ ਲੱਗੇ ਅਤੇ ਪਤੀ ਪਤਨੀ ਨੂੰ ਆਪਣੇ ਘਰ ਵਿੱਚੋਂ ਬਾਹਰ ਕੱਢ ਦਿੱਤਾ।

ਸਵਿਤਰੀਬਾਈ ਫੂਲੇ ਜਦੋਂ ਸਕੂਲ ਜਾਂਦੀ ਤਾਂ ਲੋਕ ਤਾਂਅਨੇ ਮਾਰਦੇ, ਗੰਦੀਆ ਗਾਲਾ ਕੱਢਦੇ , ਗੋਬਰ ਅਤੇ ਕੂੜਾ ਤੱਕ ਉਸ ਉੱਪਰ ਸੁੱਟ ਦਿੰਦੇ ਸਨ। ਸਕੂਲ ਜਾਂਦੇ ਸਮੇਂ ਉਹ ਇੱਕ ਸਾੜੀ ਬੈਗ ਵਿਚ ਨਾਲ ਲੈ ਕੇ ਜਾਂਦੀ ਸੀ, ਤਾਂ ਜੋ ਰਸਤੇ ਵਿੱਚ ਲੋਕ ਖਰਾਬ ਕਰ ਦੇਣ ਤਾਂ ਸਕੂਲ ਪਹੁੰਚ ਕੇ ਉਹ ਬਦਲ ਸਕੇ। ਇੰਨੀਆਂ ਮੁਸ਼ਕਿਲਾਂ ਅਤੇ ਰੁਕਾਵਟਾਂ ਹੋਣ ਦੇ ਬਾਵਜੂਦ ਵੀ ਉਸ ਔਰਤ ਨੇ ਹੌਸਲਾ ਨਹੀਂ ਛੱਡਿਆ।

ਪਤੀ ਪਤਨੀ ਨੇ ਇਕਠੇ ਮਿਲ ਕੇ ਇਲਾਕੇ ਵਿੱਚ 17 ਹੋਰ ਸਕੂਲ ਵੀ ਖੋਲ੍ਹੇ। ਲੜਕੀਆਂ ਨੂੰ ਸਿੱਖਿਆ ਦੇਣ ਦੇ ਨਾਲ-ਨਾਲ ਉਨ੍ਹਾਂ ਨੇ ਉਨ੍ਹਾਂ ਦੇ ਅਧਿਕਾਰਾਂ ਪ੍ਰਤੀ ਜਾਗਰੂਕਤਾ ਲਹਿਰ ਵੀ ਖੜੀ ਕੀਤੀ। ਸਤੀ ਪ੍ਰਥਾ ,ਬਾਲ ਵਿਆਹ ਅਤੇ ਜਾਤੀ ਪ੍ਰਥਾ ਖਿਲਾਫ਼ ਵੀ ਸੰਘਰਸ਼ ਕੀਤਾ। ਔਰਤਾਂ ਦੇ ਲਈ ਸਿੱਖਿਆ ਦਾ ਰਸਤਾ ਖੋਲ੍ਹਣ ਵਾਲੀ ਮਹਾਨ ਔਰਤ ਸਵਿਤਰੀਬਾਈ ਫੂਲੇ ਨੂੰ ,ਉਸ ਦੇ ਜਨਮ ਦਿਨ ਤੇ ਉਸ ਦੇ ਜਜ਼ਬੇ, ਮਿਹਨਤ ,ਲਗਨ ਅਤੇ ਸੋਚ ਨੂੰ ਦਿਲੋਂ ਸਲਾਮ।

Scroll to Top