July 7, 2024 4:53 pm
ਵਿਸ਼ਵ ਵੈਟਲੈਂਡਜ਼ ਦਿਵਸ

ਵਿਸ਼ਵ ਵੈਟਲੈਂਡਜ਼ ਦਿਵਸ ਦੇ ਜਸ਼ਨ ‘ਚ ਪੰਛੀ, ਡਾਲਫਿਨ, ਈਕੋ ਟੂਰਿਜ਼ਮ ਅਤੇ ਦਰਿਆਈ ਪ੍ਰਦੂਸ਼ਣ ਤੇ ਕੇਂਦਰਿਤ ਵਿਚਾਰ ਵਟਾਂਦਰਾ

ਹਰੀਕੇ ਪੱਤਣ/ਤਰਨ ਤਾਰਨ, 2 ਫਰਵਰੀ 2024: ਅੱਜ ਇੱਥੇ ਹਰੀਕੇ ਪੱਤਣ ਵੈਟਲੈਂਡ ਵਿਖੇ ਚਾਰ ਗੈਰ ਸਰਕਾਰੀ ਸੰਸਥਾਨ – ਭੂਮਿਤਰਾ, ਇਨਰ ਵ੍ਹੀਲ ਕਲੱਬ (ਤਰਨ ਤਾਰਨ ਸਾਹਿਬ), ਪੀਏਸੀ ਮੱਤੇਵਾੜਾ ਅਤੇ ਇਨਟੈਕ ਪੰਜਾਬ ਨੇ ਵਿਸ਼ਵ ਵੈਟਲੈਂਡਜ਼ ਦਿਵਸ ਦੇ ਜਸ਼ਨ ਨੂੰ ਮਨਾਉਂਦਿਆਂ ਕੁਦਰਤ ਦੀ ਸੈਰ, ਪ੍ਰਵਾਸੀ ਪੰਛੀਆਂ ਦੇ ਦਰਸ਼ਨ, ਸੰਗੀਤ, ਕਵਿਤਾ, ਨ੍ਰਿਤ ਅਤੇ ਕਿਸ਼ਤੀ ਦੀ ਸਵਾਰੀ ਦਾ ਪ੍ਰੋਗਰਾਮ ਕਰਵਾਇਆ ।

ਭੂਮਿਤਰਾ ਦੇ ਸੰਸਥਾਪਕ ਅਤੇ ਸਮਾਗਮ ਦੇ ਮੁੱਖ ਪ੍ਰਬੰਧਕ ਡਾ: ਸੰਨੀ ਸੰਧੂ, ਜੋ ਕਿ ਫਰਾਂਸ ਰਹਿੰਦੇ ਹਨ, ਉਨ੍ਹਾਂ ਨੇ ਦੱਸਿਆ ਕਿ ਉਹ ਪਿਛਲੇ 13 ਸਾਲਾਂ ਤੋਂ ਹਰ ਸਾਲ ਇਸ ਸਮਾਗਮ ਦਾ ਆਯੋਜਨ ਕਰਦੇ ਆ ਰਹੇ ਹਨ। ਪਿਛਲੇ ਸਾਲ ਦੇ ਸਮਾਗਮ ਵਿੱਚ ਪ੍ਰਸਿੱਧ ਗਾਇਕ ਰੱਬੀ ਸ਼ੇਰਗਿੱਲ ਅਤੇ 50 ਦੇ ਕਰੀਬ ਲੋਕਾਂ ਨੇ ਭਾਗ ਲਿਆ ਸੀ ਪਰ ਇਸ ਵਾਰ ਭਾਗੀਦਾਰੀ ਕਈ ਗੁਣਾ ਵੱਧ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਸਮਾਗਮ ਦਾ ਮੁੱਖ ਉਦੇਸ਼ ਪੰਜਾਬ ਸਰਕਾਰ ਦੇ ਨਾਲ-ਨਾਲ ਨਾਗਰਿਕਾਂ ਨੂੰ ਕੁਦਰਤ ਦੀ ਸੰਭਾਲ ਪ੍ਰਤੀ ਜਾਗਰੂਕ ਕਰਨਾ ਅਤੇ ਸੂਬੇ ਵਿੱਚ ਕੁਦਰਤ ਨਾਲ ਸਦਭਾਵਨਾ ਵਾਲੀ ਜ਼ਿੰਮੇਵਾਰ ਈਕੋ ਟੂਰਿਜ਼ਮ ਨੂੰ ਵਿਕਸਤ ਕਰਨਾ ਹੈ।

ਪੰਜਾਬ ਬਰਡ ਕਲੱਬ ਦੇ ਮਨੀਸ਼ ਆਹੂਜਾ ਅਤੇ ਆਨਰੇਰੀ ਵਾਈਲਡ ਲਾਈਫ ਵਾਰਡਨ ਨਵਦੀਪ ਸੂਦ ਨੇ ਪ੍ਰਵਾਸੀ ਪੰਛੀ ਦਰਸ਼ਨ ਅਤੇ ਕੁਦਰਤ ਦੀ ਸੈਰ ਮੁਹਿੰਮ ਦੀ ਅਗਵਾਈ ਕੀਤੀ ਅਤੇ ਸੈਲਾਨੀਆਂ ਨੂੰ ਵੱਖ-ਵੱਖ ਕਿਸਮਾਂ ਦੇ ਪੰਛੀਆਂ ਬਾਰੇ ਦੱਸਿਆ ਜੋ ਸਾਈਬੇਰੀਆ ਅਤੇ ਯੂਰਪ ਦੀਆਂ ਕਠੋਰ ਸਰਦੀਆਂ ਤੋਂ ਹਰੀਕੇ ਵੈਟਲੈਂਡ ਵੱਲ ਪਰਵਾਸ ਕਰਕੇ ਆਏ ਹਨ ਅਤੇ ਹਰੀਕੇ ਵੈਟਲੈਂਡ ਦੇ ਮੌਸਮ ਅਤੇ ਮੱਛੀਆਂ ਦਾ ਆਨੰਦ ਲੈ ਰਹੇ ਹਨ।

ਇਨਰ ਵ੍ਹੀਲ ਕਲੱਬ (ਤਰਨ ਤਾਰਨ ਸਾਹਿਬ) ਦੀ ਪ੍ਰਧਾਨ ਡਾ: ਬਲਜੀਤ ਕੌਰ ਨੇ ਦੱਸਿਆ ਕਿ ਹਰੀਕੇ ਨੇੜੇ ਪਿੰਡ ਕਰਮੂਵਾਲ ਵਿਖੇ ਬਹੁਤ ਹੀ ਸੁੰਦਰ ਸਥਾਨ ‘ਤੇ ਤਿੰਨ ਵੱਡੇ ਬੇੜਿਆਂ ਤੇ ਬੇੜਾ ਯਾਤਰਾ ਦਾ ਆਯੋਜਨ ਕੀਤਾ ਗਿਆ ਸੀ ਅਤੇ ਪੰਜਾਬ ਭਰ ਤੋਂ ਆਏ ਵਾਤਾਵਰਨ ਪ੍ਰੇਮੀਆਂ ਨੇ ਇਸ ਨੂੰ ਬਹੁਤ ਪਸੰਦ ਕੀਤਾ। ਨਿਕੋਲੋ ਵੈਚੀ ਸੋਪ੍ਰਾਨੋ ਸੈਕਸੋਫੋਨਿਸਟ ਫਰਾਂਸ ਤੋਂ ਇਸ ਸਮਾਗਮ ਵਿੱਚ ਹਿੱਸਾ ਲੈਣ ਲਈ ਵਿਸ਼ੇਸ਼ ਤੌਰ ‘ਤੇ ਪਹੁੰਚੇ ਅਤੇ ਕਿਸ਼ਤੀਆਂ ‘ਤੇ ਆਪਣੇ ਸੰਗੀਤ ਨਾਲ ਸਰੋਤਿਆਂ ਨੂੰ ਮੋਹ ਲਿਆ।

ਬਿਆਸ ਦਰਿਆ ਦੀਆਂ ਡੌਲਫਿਨਾਂ ਬਾਰੇ ਗੱਲ ਕਰਦਿਆਂ ਡਾ: ਬਲਜੀਤ ਕੌਰ ਨੇ ਕਿਹਾ ਕਿ ਬਹੁਤ ਸਾਰੇ ਲੋਕ ਨਹੀਂ ਜਾਣਦੇ ਸਨ ਕਿ ਬਿਆਸ ਵਿੱਚ ਇਹ ਤਾਜ਼ੇ ਪਾਣੀ ਦੀਆਂ ਡੌਲਫਿਨ ਹਨ ਜੋ ਪਹਿਲਾਂ ਵੀ ਕਈ ਵਾਰ ਕਰਮੂਵਾਲ ਨੇੜੇ ਵੇਖੀਆਂ ਗਈਆਂ ਹਨ। ਉਹਨਾਂ ਦੱਸਿਆ ਕਿ ਇਸ ਸਮਾਗਮ ਵਿੱਚ ਕਿਸ਼ਤੀ ਚਲਾਉਣ ਵਾਲੇ ਗੁਰਪ੍ਰੀਤ ਅਤੇ ਭਾਗ ਸਿੰਘ ਦੀ ਭੂਮਿਕਾ ਬਹੁਤ ਅਹਿਮ ਸੀ ਅਤੇ ਉਹਨਾਂ ਦੇ ਈਕੋ-ਟੂਰਿਜ਼ਮ ਨੂੰ ਸਮਰਥਨ ਦੇਣ ਲਈ ਪ੍ਰਬੰਧਕਾਂ ਨੇ ਉਹਨਾਂ ਨੂੰ ਫਰਾਂਸ ਤੋਂ ਲਿਆਂਦੀ ਇੱਕ ਦੂਰਬੀਨ ਤੋਹਫ਼ੇ ਵਜੋਂ ਦਿੱਤੀ।

ਪੀ.ਏ.ਸੀ ਮੱਤੇਵਾੜਾ ਦੇ ਜਸਕੀਰਤ ਸਿੰਘ ਨੇ ਕਿਹਾ, “ਹਰੀਕੇ ਵੈਟਲੈਂਡ ਸਤਲੁਜ ਅਤੇ ਬਿਆਸ ਦੇ ਸੰਗਮ ਦਾ ਸਥਾਨ ਹੈ। ਇੱਥੇ ਇਹ ਸਾਫ਼ ਦਿਖਾਈ ਦੇ ਰਿਹਾ ਹੈ ਕਿ ਸਤਲੁਜ ਦੇ ਪਾਣੀ ਦਾ ਰੰਗ ਕਾਲਾ ਹੈ ਅਤੇ ਬਿਆਸ ਦਾ ਰੰਗ ਹਰਾ ਹੈ। ਇਸ ਅੰਤਰ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿ ਇਸ ਦਾ ਕਾਰਨ ਕੀ ਹੈ। ਇਹੀ ਪੰਜਾਬ ਦੇ ਜਲ ਪ੍ਰਦੂਸ਼ਣ ਦੀ ਸਮੱਸਿਆ ਦੀ ਜੜ੍ਹ ਹੈ ਅਤੇ ਇਸ ਦੇ ਪਿੱਛੇ ਬੁੱਢਾ ਦਰਿਆ ਅਤੇ ਕਾਲਾ ਸੰਘਿਆਂ ਡਰੇਨ ਵਰਗੇ ਗੰਦੇ ਪਾਣੀ ਦੇ ਨਾਲੇ ਹਨ ਜੋ ਲੁਧਿਆਣਾ ਅਤੇ ਜਲੰਧਰ ਵਰਗੇ ਸਨਅਤੀ ਕਸਬਿਆਂ ਦਾ ਗੰਦਾ ਪਾਣੀ ਸਤਲੁਜ ਵਿੱਚ ਸੁੱਟ ਕੇ ਇਸ ਦੇ ਪਾਣੀ ਨੂੰ ਕਾਲਾ ਕਰ ਦਿੰਦੇ ਹਨ। ਇਹ ਪੰਜਾਬ ਦੀ ਸਭ ਤੋਂ ਵੱਡੀ ਪ੍ਰਦੂਸ਼ਣ ਸਮੱਸਿਆ ਹੈ ਜਿਸ ਦਾ ਹੱਲ ਅਜੇ ਤੱਕ ਨਹੀਂ ਲੱਭਿਆ ਗਿਆ।

ਜਨਰਲ ਬਲਵਿੰਦਰ ਸਿੰਘ (ਸੇਵਾਮੁਕਤ), ਕਨਵੀਨਰ ਇਨਟੈਕ ਪੰਜਾਬ ਨੇ ਕਿਹਾ ਕਿ ਜੇਕਰ ਅਸੀਂ ਸੂਬੇ ਦੀਆਂ ਅਜਿਹੀਆਂ ਥਾਵਾਂ ਜੋ ਕਿ ਸਾਡੀ ਕੁਦਰਤੀ ਵਿਰਾਸਤ ਹਨ,’ਤੇ ਵਾਤਾਵਰਣ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨਾ ਹੈ, ਤਾਂ ਅਜਿਹੇ ਸਮਾਗਮਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਜੋ ਸਾਡਾ ਮਨੋਰੰਜਨ ਕਰਨ ਦੇ ਨਾਲ ਕੁਦਰਤ ਦੀ ਸੰਭਾਲ ਲਈ ਸਾਨੂੰ ਸੇਧ ਵੀ ਦਿੰਦੇ ਹਨ। ਭਾਗ ਲੈਣ ਵਾਲਿਆਂ ਲਈ ਇੱਕ ਪੂਰੀ ਤਰ੍ਹਾਂ ਵਾਤਾਵਰਣ ਪੱਖੀ ਲੰਗਰ ਦਾ ਪ੍ਰਬੰਧ ਸੀ ਜਿਸ ਵਿੱਚ ਕੋਈ ਵੀ ਪਲਾਸਟਿਕ ਦਾ ਬਰਤਨ ਨਹੀਂ ਵਰਤਿਆ ਗਿਆ ਅਤੇ ਹਰ ਕਿਸਮ ਦੀ ਗੰਦਗੀ ਤੋਂ ਬਚਣ ਲਈ ਸਿੱਧੇ ਹੱਥਾਂ ‘ਤੇ ਹੀ ਭੋਜਨ ਪਰੋਸਿਆ ਗਿਆ।