ਚੰਡੀਗੜ੍ਹ, 17 ਜੂਨ 2023: ਚੱਕਰਵਾਤ ਤੂਫ਼ਾਨ ‘ਬਿਪਰਜੋਏ’ ਦਾ ਹੁਣ ਰਾਜਸਥਾਨ (Rajasthan) ‘ਚ ਕਾਫ਼ੀ ਅਸਰ ਦੇਖਣ ਨੂੰ ਮਿਲਿਆ। ਬਾੜਮੇਰ, ਮਾਊਂਟ ਆਬੂ, ਸਿਰੋਹੀ, ਉਦੈਪੁਰ, ਜਾਲੌਰ, ਜੋਧਪੁਰ ਅਤੇ ਨਾਗੌਰ ‘ਚ ਚੱਕਰਵਾਤੀ ਤੂਫਾਨ ਦੇ ਪ੍ਰਭਾਵ ਕਾਰਨ ਸ਼ਨੀਵਾਰ ਸਵੇਰ ਤੋਂ ਹੀ ਭਾਰੀ ਬਾਰਿਸ਼ ਹੋ ਰਹੀ ਹੈ। 50 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਰਹੀਆਂ ਹਨ। ਬਿਪਰਜੋਏ 17 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਜੋਧਪੁਰ-ਪਾਲੀ ਵੱਲ ਵਧ ਰਿਹਾ ਹੈ।
ਖ਼ਬਰਾਂ ਮੁਤਾਬਕ ਬਾੜਮੇਰ ਵਿੱਚ ਹੜ੍ਹ ਦੀ ਸਥਿਤੀ ਬਣ ਗਈ ਹੈ। ਐਨਡੀਆਰਐਫ ਦੀ ਟੀਮ ਨੂੰ ਇੱਥੇ ਬੁਲਾਇਆ ਗਿਆ ਹੈ। ਦੂਜੇ ਪਾਸੇ ਪਾਲੀ ਦੇ ਜੈਤਾਰਨ ਥਾਣਾ ਖੇਤਰ ‘ਚ ਖਰਾਬ ਮੌਸਮ ਕਾਰਨ 11 ਕੇਵੀ ਬਿਜਲੀ ਲਾਈਨ ਦੀ ਤਾਰ ਡਿੱਗਣ ਨਾਲ ਇੱਕ ਪਿੰਡ ਦੀ 16 ਸਾਲਾ ਪੂਜਾ ਕੁਮਾਵਤ ਦੀ ਮੌਤ ਹੋ ਗਈ।
ਪਿਛਲੇ 24 ਘੰਟਿਆਂ ਦੌਰਾਨ ਇਸ ਦਾ ਸਭ ਤੋਂ ਵੱਧ ਅਸਰ ਜਲੌਰ, ਸਿਰੋਹੀ ਅਤੇ ਬਾੜਮੇਰ ਦੇ ਰੇਗਿਸਤਾਨੀ ਜ਼ਿਲ੍ਹਿਆਂ ਵਿੱਚ ਦੇਖਿਆ ਗਿਆ। ਮਾਊਂਟ ਆਬੂ ਵਿੱਚ ਰਿਕਾਰਡ ਬਾਰਿਸ਼ ਪਈ । ਮੌਸਮ ਵਿਗਿਆਨ ਕੇਂਦਰ ਜੈਪੁਰ ਨੇ ਵੀ ਸਿਰੋਹੀ ਅਤੇ ਜਲੌਰ ਵਿੱਚ ਹੜ੍ਹ ਦੀ ਸਥਿਤੀ ਦੀ ਸੰਭਾਵਨਾ ਜਤਾਈ ਹੈ। ਜੈਪੁਰ ‘ਚ ਵੀ ਸਵੇਰ ਤੋਂ ਹੀ ਬੱਦਲ ਛਾਏ ਹੋਏ ਹਨ। ਇਸ ਦੌਰਾਨ ਸ਼ਾਮ ਨੂੰ ਹਲਕੀ ਬਾਰਿਸ਼ ਵੀ ਸ਼ੁਰੂ ਹੋ ਗਈ।
ਮੌਸਮ ਵਿਭਾਗ ਨੇ ਬਾੜਮੇਰ, ਜਲੌਰ, ਸਿਰੋਹੀ ਅਤੇ ਪਾਲੀ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਰੇਲਵੇ ਨੇ ਬਾੜਮੇਰ ਤੋਂ ਲੰਘਣ ਵਾਲੀਆਂ 14 ਟਰੇਨਾਂ ਨੂੰ ਰੱਦ ਕਰ ਦਿੱਤਾ ਹੈ। ਇਸੇ ਤਰ੍ਹਾਂ ਉਦੈਪੁਰ ਤੋਂ ਦਿੱਲੀ ਅਤੇ ਮੁੰਬਈ ਦੀਆਂ ਦੋ ਉਡਾਣਾਂ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ। ਪਾਕਿਸਤਾਨ ਸਰਹੱਦ ਨਾਲ ਲੱਗਦੇ 5 ਪਿੰਡਾਂ ਬਾੜਮੇਰ (ਬਖਸਰ, ਸੇਦਵਾ ਚੌਹਾਤਾਨ, ਰਾਮਸਰ, ਧੂਰੀਮਨਾ) ਦੇ ਪੰਜ ਹਜ਼ਾਰ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਭੇਜ ਦਿੱਤਾ ਗਿਆ ਹੈ।