July 5, 2024 12:51 am
Bilkis Bano

ਬਿਲਕਿਸ ਬਾਨੋ ਕੇਸ: ਸੁਪਰੀਮ ਕੋਰਟ ਵੱਲੋਂ ਦੋਸ਼ੀਆਂ ਦੀ ਆਤਮ ਸਮਰਪਣ ਦੀ ਮਿਆਦ ਵਧਾਉਣ ਵਾਲੀ ਪਟੀਸ਼ਨ ਖਾਰਜ

ਚੰਡੀਗ੍ਹੜ, 19 ਜਨਵਰੀ 2024: ਸੁਪਰੀਮ ਕੋਰਟ ਨੇ ਬਿਲਕਿਸ ਬਾਨੋ ਕੇਸ (Bilkis Bano case) ਦੇ 11 ਦੋਸ਼ੀਆਂ ਨੂੰ ਵੱਡਾ ਝਟਕਾ ਦਿੱਤਾ ਹੈ। ਦਰਅਸਲ, ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਉਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ, ਜਿਸ ਵਿੱਚ ਦੋਸ਼ੀਆਂ ਨੇ ਆਤਮ ਸਮਰਪਣ ਦੀ ਸਮਾਂ ਸੀਮਾ ਵਧਾਉਣ ਦੀ ਮੰਗ ਕੀਤੀ ਸੀ। ਦੋਸ਼ੀਆਂ ਦੇ ਆਤਮ ਸਮਰਪਣ ਦਾ ਸਮਾਂ 21 ਜਨਵਰੀ ਨੂੰ ਖ਼ਤਮ ਹੋ ਰਿਹਾ ਹੈ।

ਜਸਟਿਸ ਬੀ.ਵੀ ਨਾਗਰਤਨਾ ਅਤੇ ਜਸਟਿਸ ਉੱਜਲ ਭੂਈਆ ਦੇ ਬੈਂਚ ਨੇ ਕਿਹਾ ਕਿ ਦੋਸ਼ੀਆਂ ਵੱਲੋਂ ਦਿੱਤੇ ਗਏ ਕਾਰਨਾਂ ‘ਚ ਕੋਈ ਦਮ ਨਹੀਂ ਹੈ। ਬੈਂਚ ਨੇ ਅੱਗੇ ਕਿਹਾ, ‘ਅਸੀਂ ਸਾਰਿਆਂ ਦੀਆਂ ਦਲੀਲਾਂ ਸੁਣੀਆਂ। ਬਿਨੈਕਾਰਾਂ ਵੱਲੋਂ ਆਤਮ ਸਮਰਪਣ ਮੁਲਤਵੀ ਕਰਨ ਅਤੇ ਜੇਲ੍ਹ ਵਾਪਸ ਰਿਪੋਰਟ ਕਰਨ ਦੇ ਦਿੱਤੇ ਗਏ ਕਾਰਨਾਂ ਦਾ ਕੋਈ ਦਮ ਨਹੀਂ ਹੈ। ਇਸ ਲਈ ਅਰਜ਼ੀਆਂ ਰੱਦ ਕੀਤੀਆਂ ਜਾਂਦੀਆਂ ਹਨ।

ਇਨ੍ਹਾਂ ਦੋਸ਼ੀਆਂ ਵਿੱਚੋਂ ਕੁਝ ਨੇ ਆਪਣੇ ਪੁੱਤਰ ਦੇ ਵਿਆਹ ਦਾ ਹਵਾਲਾ ਦਿੰਦੇ ਹੋਏ ਆਤਮ ਸਮਰਪਣ ਦੀ ਤਾਰੀਖ਼ ਵਧਾਉਣ ਦੀ ਮੰਗ ਕੀਤੀ ਸੀ, ਕੁਝ ਨੇ ਲੱਤ ਦੀ ਸਰਜਰੀ ਲਈ, ਕੁਝ ਨੇ ਬਜ਼ੁਰਗ ਮਾਤਾ-ਪਿਤਾ ਦੀ ਦੇਖਭਾਲ ਲਈ, ਕੁਝ ਨੇ ਫਸਲਾਂ ਦੀ ਕਟਾਈ ਦਾ ਹਵਾਲਾ ਦਿੱਤਾ।

ਸੁਪਰੀਮ ਕੋਰਟ ਨੇ 8 ਜਨਵਰੀ ਨੂੰ 2002 ਦੇ ਗੁਜਰਾਤ ਦੰਗਿਆਂ ਦੌਰਾਨ ਬਿਲਕਿਸ ਸਮੂਹਿਕ ਬਲਾਤਕਾਰ ਦੇ ਦੋਸ਼ੀਆਂ ਨੂੰ ਸਮੇਂ ਤੋਂ ਪਹਿਲਾਂ ਰਿਹਾਈ ਦੇਣ ਦੇ ਰਾਜ ਸਰਕਾਰ ਦੇ ਫੈਸਲੇ ਨੂੰ ਰੱਦ ਕਰ ਦਿੱਤਾ ਸੀ। ਅਦਾਲਤ ਨੇ ਸਾਰੇ ਦੋਸ਼ੀਆਂ ਨੂੰ ਦੋ ਹਫ਼ਤਿਆਂ ਦੇ ਅੰਦਰ ਭਾਵ 22 ਜਨਵਰੀ ਤੱਕ ਆਤਮ ਸਮਰਪਣ ਕਰਨ ਲਈ ਕਿਹਾ ਸੀ।

ਸੁਪਰੀਮ ਕੋਰਟ ਨੇ ਹਾਲ ਹੀ ਵਿੱਚ ਗੁਜਰਾਤ ਸਰਕਾਰ ਵੱਲੋਂ ਦਿੱਤੀ ਗਈ ਛੋਟ ਨੂੰ ਰੱਦ ਕਰ ਦਿੱਤਾ ਸੀ। ਜ਼ਿਕਰਯੋਗ ਹੈ ਕਿ 2002 ਦੇ ਗੁਜਰਾਤ ਦੰਗਿਆਂ ਦੌਰਾਨ ਬਿਲਕਿਸ ਬਾਨੋ (Bilkis Bano) ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ ਸੀ ਅਤੇ ਉਸ ਦੇ ਪਰਿਵਾਰ ਦੇ ਸੱਤ ਮੈਂਬਰਾਂ ਦਾ ਕਤਲ ਕਰ ਦਿੱਤਾ ਸੀ।