ਬਿਕਰਮ ਸਿੰਘ ਮਜੀਠੀਆ

ਜੇਲ੍ਹ ‘ਚ ਰਹਿਣਗੇ ਬਿਕਰਮ ਸਿੰਘ ਮਜੀਠੀਆ, ਅਦਾਲਤ ਨੇ ਨਹੀਂ ਦਿੱਤੀ ਰਾਹਤ

ਮੋਹਾਲੀ, 08 ਅਗਸਤ 2025: ਆਮਦਨ ਤੋਂ ਵੱਧ ਜਾਇਦਾਦ ਮਾਮਲੇ ‘ਚ ਗ੍ਰਿਫ਼ਤਾਰ ਪੰਜਾਬ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਅਰਜ਼ੀ ਦੀ ਅੱਜ ਮੋਹਾਲੀ ਅਦਾਲਤ ‘ਚ ਦੁਬਾਰਾ ਸੁਣਵਾਈ ਹੋਈ। ਪਰ ਅੱਜ ਵੀ ਮਜੀਠੀਆ ਨੂੰ ਰਾਹਤ ਨਹੀਂ ਮਿਲੀ ਹੈ। ਹੁਣ ਇਸ ਮਾਮਲੇ ਦੀ ਸੁਣਵਾਈ 11 ਅਗਸਤ ਨੂੰ ਹੋਵੇਗੀ।

ਇਸਦੇ ਨਾਲ ਹੀ ਬਿਕਰਮ ਸਿੰਘ ਮਜੀਠੀਆ ਦੀ ਬੈਰਕ ਬਦਲਣ ਦੀ ਪਟੀਸ਼ਨ ‘ਤੇ ਵੀ 12 ਅਗਸਤ ਨੂੰ ਸੁਣਵਾਈ ਹੋਵੇਗੀ। ਬਿਕਰਮ ਮਜੀਠੀਆ ਨੂੰ ਵਿਜੀਲੈਂਸ ਨੇ 25 ਜੂਨ ਨੂੰ ਉਨ੍ਹਾਂ ਦੇ ਅੰਮ੍ਰਿਤਸਰ ਸਥਿਤ ਘਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਉਦੋਂ ਤੋਂ ਉਹ ਨਾਭਾ ਜੇਲ੍ਹ ‘ਚ ਬੰਦ ਹਨ।

ਬਿਕਰਮ ਸਿੰਘ ਮਜੀਠੀਆ ਦਾ ਜੇਲ੍ਹ ਤੋਂ ਬਾਹਰ ਆਉਣਾ ਅਜੇ ਵੀ ਮੁਸ਼ਕਿਲ ਹੈ, ਕਿਉਂਕਿ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਤੋਂ ਇਲਾਵਾ ਉਨ੍ਹਾਂ ਵਿਰੁੱਧ ਅੰਮ੍ਰਿਤਸਰ ‘ਚ ਇੱਕ ਹੋਰ ਕੇਸ ਦਰਜ ਹੈ। ਦੋਸ਼ ਹੈ ਕਿ ਜਦੋਂ ਵਿਜੀਲੈਂਸ ਬਿਊਰੋ ਦੀ ਟੀਮ 25 ਜੂਨ ਨੂੰ ਉਨ੍ਹਾਂ ਕੋਲ ਪਹੁੰਚੀ ਤਾਂ ਉਨ੍ਹਾਂ ਨੇ ਟੀਮ ਨਾਲ ਦੁਰਵਿਵਹਾਰ ਕੀਤਾ ਅਤੇ ਪੁਲਿਸ ਮੁਲਾਜ਼ਮਾਂ ਨਾਲ ਹੱਥੋਪਾਈ ਕੀਤੀ।

ਇਸ ਦੌਰਾਨ ਉਨ੍ਹਾਂ ਦੇ ਇੱਕ ਸਮਰਥਕ ਵਿਰੁੱਧ ਵੀ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ‘ਤੇ ਗੈਰ-ਜ਼ਮਾਨਤੀ ਧਾਰਾਵਾਂ ਲਗਾਈਆਂ ਗਈਆਂ ਹਨ। ਅਜਿਹੀ ਸਥਿਤੀ ‘ਚ, ਇੱਕ ਗੱਲ ਸਪੱਸ਼ਟ ਹੈ ਕਿ ਜੇਕਰ ਉਨ੍ਹਾਂ ਨੂੰ ਜ਼ਮਾਨਤ ਮਿਲ ਵੀ ਜਾਂਦੀ ਹੈ, ਤਾਂ ਵੀ ਅੰਮ੍ਰਿਤਸਰ ਪੁਲਿਸ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਵੇਗੀ।

Read More: ਬਿਕਰਮ ਸਿੰਘ ਮਜੀਠੀਆ ਨੂੰ ਨਹੀਂ ਮਿਲ ਰਹੀ ਜ਼ਮਾਨਤ

Scroll to Top