ਚੰਡੀਗ੍ਹੜ, 27 ਦਸੰਬਰ 2023: ਸਾਬਕਾ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ (Bikram Majithia) ਅੱਜ ਨਸ਼ੇ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਅੱਗੇ ਪੇਸ਼ ਨਹੀਂ ਹੋਣਗੇ। ਮਾਮਲੇ ਦੀ ਪੁੱਛਗਿੱਛ ਸੰਬੰਧੀ ਐਸਆਈਟੀ ਨੇ ਮਜੀਠੀਆ ਨੂੰ 27 ਦਸੰਬਰ ਨੂੰ ਸਵੇਰੇ 11 ਵਜੇ ਤਲਬ ਕੀਤਾ ਸੀ।
ਅਕਾਲੀ ਦਲ ਦੇ ਮੁੱਖ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਦੱਸਿਆ ਕਿ ਪਿਛਲੀ ਪੇਸ਼ੀ ਦੌਰਾਨ ਮਜੀਠੀਆ ਨੇ ਐਸ.ਆਈ.ਟੀ ਨੂੰ ਕਿਹਾ ਸੀ ਕਿ ਸ਼ਹੀਦੀ ਹਫ਼ਤੇ ਦੌਰਾਨ ਅਗਲੀ ਤਾਰੀਖ਼ ਨਾ ਰੱਖੀ ਜਾਵੇ ਅਤੇ ਇਹ ਗੱਲ ਕੈਮਰੇ ‘ਤੇ ਕਹੀ ਗਈ ਸੀ। ਉਨ੍ਹਾਂ ਕਿਹਾ ਕਿ ਐੱਸ.ਆਈ.ਟੀ. ‘ਆਪ’ ਨੇ ਮਜੀਠੀਆ ਨੂੰ ਕੁਝ ਲਿਖਤੀ ਸਵਾਲ ਕੀਤੇ ਹਨ, ਜਿਨ੍ਹਾਂ ਦੇ ਜਵਾਬ ਆਉਣ ਵਾਲੇ ਸਮੇਂ ‘ਚ ਲਿਖਤੀ ਰੂਪ ‘ਚ ਦਿੱਤੇ ਜਾਣਗੇ ਪਰ ਅਫਸੋਸ ਦੀ ਗੱਲ ਹੈ ਕਿ ਸ਼ਹੀਦੀ ਦਿਹਾੜੇ ਮੌਕੇ ਵੀ ‘ਆਪ’ ਸਰਕਾਰ ਰਾਜਨੀਤੀ ਕਰਨ ਤੋਂ ਗੁਰੇਜ਼ ਨਹੀਂ ਕਰ ਰਹੀ।
ਬਿਕਰਮ ਸਿੰਘ ਮਜੀਠੀਆ ਇਸ ਦੇ ਪਹਿਲਾਂ 18 ਦਸੰਬਰ ਨੂੰ ਐੱਸ. ਆਈ. ਟੀ. ਅੱਗੇ ਪੇਸ਼ ਹੋਏ ਸਨ। ਉਹ ਆਪਣੇ ਸਮਰਥਕਾਂ ਸਮੇਤ 11 ਵਜੇ ਦੇ ਲਗਭਗ ਪਟਿਆਲਾ ਪਹੁੰਚੇ ਸਨ, ਜਿੱਥੇ ਏ. ਡੀ. ਜੀ. ਪੀ. ਦਫ਼ਤਰ ਜਾਣ ਲਈ ਜਦੋਂ ਉਨ੍ਹਾਂ ਕੋਸ਼ਿਸ਼ ਕੀਤੀ ਤਾਂ ਪੁਲਸ ਨੇ ਉਨ੍ਹਾਂ ਦੇ ਸਮਰਥਕਾਂ ਨੂੰ ਉੱਥੇ ਹੀ ਰੋਕ ਦਿੱਤਾ ਸੀ। ਬਿਕਰਮ ਮਜੀਠੀਆ ਨਾਲ ਡਾ. ਦਲਜੀਤ ਸਿੰਘ ਚੀਮਾ, ਸੁਰਜੀਤ ਸਿੰਘ ਰੱਖੜਾ, ਹਰਿੰਦਰਪਾਲ ਸਿੰਘ ਚੰਦੂਮਾਜਰਾ ਅਤੇ ਅਰਸ਼ਦੀਪ ਸਿੰਘ ਕਲੇਰ ਗਏ ਸਨ।
ਏ. ਡੀ. ਜੀ. ਪੀ. ਦਫ਼ਤਰ ਦੇ ਅੰਦਰ ਸਿਰਫ਼ ਮਜੀਠੀਆ (Bikram Majithia) ਨੂੰ ਪੁੱਛਗਿੱਛ ਲਈ ਸੱਦਿਆ ਗਿਆ ਸੀ, ਜਿੱਥੇ ਲਗਾਤਾਰ 7 ਘੰਟੇ ਉਨ੍ਹਾਂ ਤੋਂ ਇਸ ਕੇਸ ਬਾਰੇ ਸਵਾਲ ਪੁੱਛੇ ਗਏ।