July 4, 2024 8:01 pm
ESMA

ਬਿਕਰਮ ਮਜੀਠੀਆ ਨੇ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ’ਤੇ ਐਸਮਾ ਲਾਗੂ ਕਰਨ ਦੇ ਫੈਸਲੇ ਦੀ ਕੀਤੀ ਨਿਖੇਧੀ

ਚੰਡੀਗੜ੍ਹ, 2 ਸਤੰਬਰ 2023: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਪੰਚਾਇਤਾਂ ਭੰਗ ਕਰਨ ਤੇ ਤਾਜ਼ਾ ਚੋਣਾਂ ਕਰਵਾਉਣ ਦੇ ਮਾਮਲੇ ’ਤੇ ਸਨਸਨੀਖੇਜ਼ ਸਬੂਤ ਲੋਕਾਂ ਸਾਹਮਣੇ ਪੇਸ਼ ਕੀਤੇ ਜਿਸ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪ ਹਸਤਾਖ਼ਰ ਕਰ ਕੇ ਸਰਕਾਰੀ ਹੁਕਮ ਜਾਰੀ ਕੀਤੇ ਹਨ। ਉਹਨਾਂ ਕਿਹਾ ਕਿ ਇਹ ਤਕਨੀਕੀ ਨੁਕਸਤ ਦਾ ਮਾਮਲਾ ਨਹੀਂ ਬਲਕਿ ਸਰਕਾਰ ਦੇ ਮੁਖੀ ਦੇ ਝੂਠ ਦਾ ਮਾਮਲਾ ਹੈ ਜੋ ਆਪਣੀਆਂ ਲਿਖਤੀ ਹਦਾਇਤਾਂ ਤੋਂ ਮੁਕਰ ਰਿਹਾ ਹੈ। ਉਹਨਾਂ ਕਿਹਾ ਕਿ ਯਕੀਨੀ ਤੌਰ ’ਤੇ ਇਹ ਅਵਿਸ਼ਵਾਸਯੋਗ ਹੈ, ਅਪਮਾਨਜਨਕ ਤੇ ਹੈਰਾਨੀ ਭਰਿਆ ਵਰਤਾਰਾ ਹੈ।

ਸਾਬਕਾ ਕੈਬਨਿਟ ਮੰਤਰੀ ਨੇ ਮੁੱਖ ਮੰਤਰੀ ਤੇ ਉਹਨਾਂ ਦੀ ਸਰਕਾਰ ਵੱਲੋਂ ਪੰਜਾਬੀ ਮੁਲਾਜ਼ਮਾਂ ਤੇ ਕੰਮਕਾਜੀ ਲੋਕਾਂ ’ਤੇ ਐਸਮਾ ਲਾਗੂ ਕਰ ਕੇ ਅੰਦਰੂਨੀ ਐਮਰਜੰਸੀ ਲਾਗੂ ਕਰਨ ਦੀ ਵੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਸੂਬੇ ਵਿਚ ਪਹਿਲਾਂ ਅਜਿਹਾ ਕਦੇ ਸੁਣਨ ਨੂੰ ਨਹੀਂ ਮਿਲਿਆ ਸਿਵਾਏ ਉਹਨਾਂ ਮਾੜੇ ਦਿਨਾਂ ਦੇ ਜਦੋਂ ਇੰਦਰਾ ਗਾਂਧੀ ਨੇ ਐਮਰਜੰਸੀ ਲਾਗੂ ਕੀਤੀ ਤੇ ਸੱਚਖੰਡ ਸ੍ਰੀ ਹਰਿਮੰਦਿਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ’ਤੇ 1984 ਵਿਚ ਹਮਲਾ ਕਰਵਾਇਆ।

ਮਜੀਠੀਆ ਇਥੇ ਇਕ ਵਿਸ਼ੇਸ਼ ਤੌਰ ’ਤੇ ਸੱਦੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ।

ਪੰਚਾਇਤ ਚੋਣਾਂ ਸਬੰਧੀ ਵਿਵਾਦ ਬਾਰੇ ਅਕਾਲੀ ਆਗੂ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਚਾਇਤਾਂ ਭੰਗ ਕਰ ਕੇ ਤਾਜ਼ਾ ਚੋਣਾਂ ਕਰਵਾਉਣ ਦੇ ਮੁੱਖ ਮੰਤਰੀ ਦੇ ਹੁਕਮਾਂ ਦੀ ਕਾਪੀ ਮੀਡੀਆ ਅੱਗੇ ਜਾਰੀ ਕੀਤੀ। ਉਹਨਾਂ ਕਿਹਾ ਕਿ ਇਹ ਦਸਤਾਵੇਜ਼ ਸਪਸ਼ਟ ਕਰਾਉਂਦੇ ਹਨ ਕਿ ਨਾ ਸਿਰਫ ਸਬੰਧਤ ਅਫਸਰਾਂ ਨੂੰ ਹਦਾਇਤੀਆਂ ਦਿੱਤੀਆਂ ਗਈਆਂ ਬਲਕਿ ਪੰਚਾਇਤਾਂ ਭੰਗ ਕਰਨ ਤੇ ਮੁੜ ਚੋਣਾਂ ਕਰਵਾਉਣ ਦੇ ਹੁਕਮ ਅਧਿਕਾਰਤ ਤੌਰ ’ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ਤਹਿਤ ਜਾਰੀ ਕੀਤੇ ਗਏ।

ਉਹਨਾਂ ਕਿਹਾ ਕਿ ਹੁਣ ਭਗਵੰਤ ਮਾਨ ਇਸਦੀ ਜ਼ਿੰਮੇਵਾਰੀ ਆਈ ਏ ਐਸ ਅਫਸਰਾਂ ਸਿਰ ਪਾ ਰਹੇ ਹਨ ਜੋ ਆਪ ਦੇ ਸਰਕਲ ਰਿੰਗ ਲੀਡਰ ਅਰਵਿੰਦ ਕੇਜਰੀਵਾਲ ਦਾ ਅਸਲ ਨਾਟਕੀ ਢੰਗ ਹੈ। ਉਹਨਾਂ ਕਿਹਾ ਕਿ ਇਹਨਾਂ ਝੂਠਾਂ ਨੇ ਇਸ ਗੱਲ ਨੂੰ ਬੇਨਕਾਬ ਕਰ ਦਿੱਤਾ ਹੈ ਕਿ ਭਗਵੰਤ ਮਾਨ ਜਾਂ ਤਾਂ ਝੂਠ ਬੋਲਣ ਲਈ ਮਜਬੂਰ ਹਨ ਜਾਂ ਫਿਰ ਉਹ ਦਿਮਾਗੋਂ ਪੈਦਲ ਹਨ। ਉਹਨਾਂ ਕਿਹਾ ਕਿ ਦੋਵੇਂ ਮਾਮਲੇ ਪੰਜਾਬ ਲਈ ਚਿੰਤਾ ਦਾ ਵਿਸ਼ਾ ਹਨ।

ਮਜੀਠੀਆ ਨੇ ਕਿਹਾ ਕਿ ਭਗਵੰਤ ਮਾਨ ਨੇ ਦੋ ਸੀਨੀਅਰ ਆਈ ਏ ਐਸ ਅਫਸਰ ਤਕਨੀਕੀ ਖਾਮੀਆਂ ਹੋਣ ਦਾ ਬਹਾਨਾ ਲੈ ਕੇ ਸਸਪੈਂਡ ਕਰ ਦਿੱਤੇ ਹਨ ਪਰ ਇਹ ਵੇਖਣ ਵਾਲੀ ਗੱਲ ਹੋਵੇਗੀ ਕਿ ਉਹ ਆਪਣੇ ਖਿਲਾਫ ਕੀ ਕਾਰਵਾਈ ਕਰਦੇ ਹਨ ਕਿਉਂਕਿ ਆਪਣੇ ਹਸਤਾਖ਼ਰ ਹੇਠ ਉਹਨਾਂ ਨੇ ਹੀ ਗਲਤ ਹਸਤਾਖ਼ਰ ਜਾਰੀ ਕੀਤੇ ਹਨ ਤੇ ਫਿਰ ਨਾ ਸਿਰਫ ਲੋਕਾਂ ਸਾਹਮਣੇ ਬਲਕਿ ਕਾਨੂੰਨ ਦੀ ਅਦਾਲਤ ਵਿਚ ਇਸ ਤੋਂ ਮੁੱਕਰੇ ਹਨ।

ਮਜੀਠੀਆ ਨੇ ਕਿਹਾ ਕਿ ਮਸਲਾ ਤਕਨੀਕੀ ਖਾਮੀ ਦਾ ਨਹੀਂ ਹੈ। ਇਹ ਮੁੱਖ ਮੰਤਰੀ ਵੱਲੋਂ ਆਪਣੇ ਹੀ ਹੁਕਮਾਂ ’ਤੇ ਝੂਠ ਬੋਲਣ ਤੇ ਆਪਣੇ ਹੀ ਕੀਤੇ ਹਸਤਾਖ਼ਰਾਂ ਤੋਂ ਮੁਕਰਣ ਦਾ ਹੈ। ਉਹਨਾਂ ਕਿਹਾ ਕਿ ਇਹ ਦਿਨ ਦਿਹਾੜੇ ਬੋਲੇ ਝੂਠਾਂ ਤੋਂ ਪੰਜਾਬ ਹੈਰਾਨ ਹੈ ਕਿਉਂਕਿ ਪੰਜਾਬੀਆਂ ਦੇ ਨਾਂ ’ਤੇ ਦੇਸ਼ ਤੇ ਦੁਨੀਆਂ ਨਾਲ ਝੂਠ ਬੋਲਿਆ ਜਾ ਰਿਹਾ ਹੈ।