ਚੰਡੀਗੜ੍ਹ 25 ਜੂਨ, 2025: ਪੁਲਿਸ ਥਾਣਾ ਪੰਜਾਬ ਸਟੇਟ ਕ੍ਰਾਈਮ ਵਿਖੇ ਸਾਲ 2021 ‘ਚ ਦਰਜ ਐਫ.ਆਈ.ਆਰ ਨੰਬਰ-2 ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (SIT) ਅਤੇ ਵਿਜੀਲੈਂਸ ਬਿਊਰੋ ਵੱਲੋਂ ਕੀਤੀ ਪੜਤਾਲ ਮੁਤਾਬਕ ਬਿਕਰਮ ਸਿੰਘ ਮਜੀਠੀਆ ਵੱਲੋਂ ਡਰੱਗ ਮਨੀ ਦੀ ਵੱਡੀ ਪੱਧਰ ‘ਤੇ ਲਾਂਡਰਿੰਗ ਦਾ ਖੁਲਾਸਾ ਹੋਇਆ ਹੈ।
ਵਿਜੀਲੈਂਸ ਮੁਤਾਬਕ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਸ ਮਾਮਲੇ ‘ਚ 540 ਕਰੋੜ ਰੁਪਏ ਤੋਂ ਵੱਧ ਦੀ ਡਰੱਗ ਮਨੀ ਦਾ ਕਈ ਗੈਰ-ਕਾਨੂੰਨੀ ਤਰੀਕਿਆਂ ਨਾਲ ਲੈਣ-ਦੇਣ ਕੀਤਾ ਗਿਆ | ਜਿਨ੍ਹਾਂ ਸੰਬੰਧੀ ਵੇਰਵੇ ਹੇਠ ਲਿਖੇ ਅਨੁਸਾਰ ਹੈ |
1. ਬਿਕਰਮ ਮਜੀਠੀਆ ਦੇ ਕੰਟਰੋਲ ਵਾਲੀਆਂ ਕੰਪਨੀਆਂ ਦੇ ਬੈਂਕ ਖਾਤਿਆਂ ‘ਚ ਜਮ੍ਹਾਂ 161 ਕਰੋੜ ਰੁਪਏ ਦੀ ਵੱਡੀ ਬੇਹਿਸਾਬੀ ਨਕਦੀ |
2. 141 ਕਰੋੜ ਰੁਪਏ ਦਾ ਸ਼ੱਕੀ ਵਿਦੇਸ਼ੀ ਸੰਸਥਾਵਾਂ ਰਾਹੀਂ ਲੈਣ-ਦੇਣ
3. ਕੰਪਨੀ ਦੇ ਵਿੱਤੀ ਵੇਰਵਿਆਂ (ਸਟੇਟਮੈਂਟਾਂ) ‘ਚ ਬਿਨਾਂ ਕਿਸੇ ਜਾਣਕਾਰੀ/ਸਪੱਸ਼ਟੀਕਰਨ ਦੇ 236 ਕਰੋੜ ਰੁਪਏ ਦੀ ਵਾਧੂ ਜਮ੍ਹਾਂ ਰਾਸ਼ੀ |
4. ਬਿਕਰਮ ਸਿੰਘ ਮਜੀਠੀਆ ਵੱਲੋਂ ਆਮਦਨ ਦੇ ਕਿਸੇ ਜਾਇਜ਼ ਸਰੋਤ ਤੋਂ ਬਿਨਾਂ ਚੱਲ/ਅਚੱਲ ਜਾਇਦਾਦ ਦੀ ਪ੍ਰਾਪਤੀ ਸ਼ਾਮਲ ਹੈ |
ਪੰਜਾਬ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਮੁਤਾਬਕ ਵਿਜੀਲੈਂਸ ਬਿਊਰੋ ਨੇ ਪੁਲਿਸ ਥਾਣਾ ਪੰਜਾਬ ਸਟੇਟ ਕ੍ਰਾਈਮ ਐਸਏਐਸ ਨਗਰ ਵਿਖੇ ਐਨ.ਡੀ.ਪੀ.ਐਸ ਐਕਟ 1985 ਦੀ ਧਾਰਾ 25, 27-ਏ ਅਤੇ 29 ਤਹਿਤ ਦਰਜ ਐਫ.ਆਈ.ਆਰ ਨੰਬਰ-2 ਮਿਤੀ 20ਦਸੰਬਰ 2021 ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ (SIT) ਦੀ ਰਿਪੋਰਟ ਦੇ ਆਧਾਰ ‘ਤੇ ਮਾਮਲਾ ਦਰਜ ਕੀਤਾ ਗਿਆ ਹੈ | ਇਸਦੇ ਤਹਿਤ ਬਿਕਰਮ ਮਜੀਠੀਆ ਵੱਲੋਂ ਵੱਡੀ ਪੱਧਰ ‘ਤੇ ਡਰੱਗ ਮਨੀ ਦੀ ਲਾਂਡਰਿੰਗ ਨੂੰ ਦਰਸਾਉਂਦੇ ਸਬੂਤ ਮਿਲੇ ਹਨ।
ਇਸ ਮਾਮਲੇ ‘ਚ ਵਿਜੀਲੈਂਸ ਬਿਊਰੋ ਵੱਲੋਂ ਹਰ ਤਰ੍ਹਾਂ ਦੇ ਲੈਣ-ਦੇਣ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਵਿਸ਼ੇਸ਼ ਜਾਂਚ ਟੀਮ ਵੱਲੋਂ ਕੀਤੀ ਜਾਂਚ ਤੋਂ ਸਪੱਸ਼ਟ ਤੌਰ ‘ਤੇ ਪਤਾ ਚੱਲਦਾ ਹੈ ਕਿ ਇਹ ਫੰਡ ਬਿਕਰਮ ਸਿੰਘ ਮਜੀਠੀਆ ਦੇ ਕੰਟਰੋਲ ਵਾਲੀ ਸਰਾਇਆ ਇੰਡਸਟਰੀਜ਼ ਦੇ ਖਾਤੇ ‘ਚ ਜਮ੍ਹਾ ਕੀਤੀ ਡਰੱਗ ਮਨੀ ਨਾਲ ਸਬੰਧਤ ਹਨ।
ਵਿਜੀਲੈਂਸ ਬਿਊਰੋ ਮੁਤਾਬਕ ਹੁਣ ਤੱਕ ਗੈਰ-ਕਾਨੂੰਨੀ ਢੰਗ ਨਾਲ 540 ਕਰੋੜ ਰੁਪਏ ਦੀ ਡਰੱਗ ਮਨੀ ਦੀ ਲਾਂਡਰਿੰਗ ਸੰਬੰਧੀ ਪਤਾ ਚੱਲਿਆ ਹੈ, ਜਿਸਨੂੰ ਬਿਕਰਮ ਸਿੰਘ ਮਜੀਠੀਆ ਵੱਲੋਂ ਤਤਕਾਲੀ ਪੰਜਾਬ ਸਰਕਾਰ ‘ਚ ਇੱਕ ਵਿਧਾਇਕ ਵਜੋਂ ਅਤੇ ਸਾਬਕਾ ਕੈਬਨਿਟ ਮੰਤਰੀ ਦੇ ਅਹੁਦੇ ਦੇ ਪ੍ਰਭਾਵ ਅਤੇ ਗਲਤ ਢੰਗ ਨਾਲ ਵਰਤੋਂ ਜ਼ਰੀਏ ਜਮ੍ਹਾ ਕੀਤਾ ਗਿਆ ਸੀ।
ਵਿਜੀਲੈਂਸ ਬਿਊਰੋ ਮੁਤਾਬਕ ਬਿਕਰਮ ਸਿੰਘ ਮਜੀਠੀਆ ਅਤੇ ਉਨ੍ਹਾਂ ਦੀ ਪਤਨੀ ਗਿਨੀਵ ਕੌਰ ਦੇ ਨਾਮ ‘ਤੇ ਚੱਲ/ਅਚੱਲ ਜਾਇਦਾਦਾਂ ‘ਚ ਕਾਫ਼ੀ ਵਾਧਾ ਹੋਇਆ ਹੈ | ਜਿਸ ਲਈ ਆਮਦਨ ਦਾ ਕੋਈ ਜਾਇਜ਼ ਸਰੋਤ ਪੇਸ਼ ਨਹੀਂ ਕੀਤਾ ਗਿਆ।
ਵਿਜੀਲੈਂਸ ਬਿਊਰੋ ਦੇ ਬੁਲਾਰੇ ਮੁਤਾਬਕ ਐਸਆਈਟੀ ਵੱਲੋਂ 22 ਵਿਅਕਤੀਆਂ ਦੇ ਟਿਕਾਣਿਆਂ ਅਤੇ ਵਿਜੀਲੈਂਸ ਬਿਊਰੋ ਵੱਲੋਂ 3 ਥਾਵਾਂ ‘ਤੇ ਤਲਾਸ਼ੀ ਅਤੇ ਬਰਾਮਦਗੀ ਦੀਆਂ ਦੀਆਂ ਕਾਰਵਾਈਆਂ ਕੀਤੀਆਂ | ਵਿਜੀਲੈਂਸ ਮੁਤਾਬਕ ਇਸ ਦੌਰਾਨ 30 ਤੋਂ ਵੱਧ ਮੋਬਾਈਲ ਫੋਨ, 3 ਆਈਪੈਡ, 5 ਲੈਪਟਾਪ, 2 ਡੈਸਕਟਾਪ, ਕਈ ਡਾਇਰੀਆਂ, ਸੰਪਤੀ ਦੇ ਕਈ ਦਸਤਾਵੇਜ਼ ਅਤੇ ਸਰਾਇਆ ਇੰਡਸਟਰੀਜ਼ ਨਾਲ ਸਬੰਧਤ ਕਈ ਦਸਤਾਵੇਜ਼ ਮਿਲੇ ਹਨ।
ਵਿਜੀਲੈਂਸ ਦੇ ਬੁਲਾਰੇ ਨੇ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਨੂੰ ਵਿਜੀਲੈਂਸ ਬਿਊਰੋ ਵੱਲੋਂ ਕਾਨੂੰਨ ਅਨੁਸਾਰ ਢੁਕਵੀਂ ਪ੍ਰਕਿਰਿਆ ਦੀ ਪਾਲਣਾ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾ ਦੱਸਿਆ ਕਿ ਉਕਤ ਮਾਮਲੇ ਦੀ ਜਾਂਚ ਜਾਰੀ ਹੈ, ਜਿਸ ‘ਚ ਹੋਰ ਗ੍ਰਿਫ਼ਤਾਰੀਆਂ, ਤਲਾਸ਼ੀਆਂ ਅਤੇ ਬਰਾਮਦਗੀਆਂ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਜਾਂਚ ਨੂੰ ਤਰਕਪੂਰਨ ਸਿੱਟੇ ‘ਤੇ ਲਿਜਾਣ ਅਤੇ ਨਿਆਂਇਕ ਫੈਸਲੇ ਲਈ ਸਾਰੇ ਇਕੱਠੇ ਕੀਤੇ ਸਬੂਤਾਂ ਨੂੰ ਸਬੰਧਤ ਅਦਾਲਤ ਸਾਹਮਣੇ ਰੱਖਿਆ ਜਾਵੇਗਾ ਅਤੇ ਢੁਕਵੀਂ ਪ੍ਰਕਿਰਿਆ ਦੀ ਪਾਲਣਾ ਕੀਤੀ ਜਾਵੇਗੀ।
Read More: ਬਿਕਰਮ ਮਜੀਠੀਆ ਦੀ ਗ੍ਰਿਫ਼ਤਾਰ ‘ਤੇ ਕੇਜਰੀਵਾਲ ਦਾ ਬਿਆਨ, “ਕੋਈ ਵੱਡਾ ਆਗੂ ਕਿਉਂ ਨਾ ਹੋਵੇ, ਬਖਸ਼ਿਆ ਨਹੀਂ ਜਾਵੇਗਾ”