T10 cricket

ਯੂਰਪ ‘ਚ ਟੁੱਟਿਆ T10 ਕ੍ਰਿਕਟ ਦਾ ਵੱਡਾ ਰਿਕਾਰਡ, ਇਸ ਬੱਲੇਬਾਜ਼ ਨੇ ਬਣਾਈਆਂ 43 ਗੇਂਦਾਂ ‘ਤੇ 193 ਦੌੜਾਂ

ਚੰਡੀਗੜ੍ਹ, 08 ਦਸੰਬਰ 2023: ਯੂਰਪ ਵਿੱਚ ਇੱਕ ਬੱਲੇਬਾਜ਼ ਨੇ 43 ਗੇਂਦਾਂ ਵਿੱਚ 193 ਦੌੜਾਂ ਦੀ ਪਾਰੀ ਖੇਡ ਕੇ ਸਨਸਨੀ ਮਚਾ ਦਿੱਤੀ ਹੈ। ਵੀਰਵਾਰ ਨੂੰ ਹਮਜ਼ਾ ਸਲੀਮ ਡਾਰ ਨਾਂ ਦੇ ਖਿਡਾਰੀ ਨੇ ਯੂਰਪੀਅਨ ਕ੍ਰਿਕਟ ਟੀ-10 (T10 cricket) ਮੈਚ ‘ਚ ਤੂਫਾਨੀ ਪਾਰੀ ਖੇਡੀ। ਉਨ੍ਹਾਂ ਨੇ ਹਮਲਾਵਰ ਤਰੀਕੇ ਨਾਲ 22 ਛੱਕੇ ਲਗਾਏ। ਇਸ ਤੋਂ ਇਲਾਵਾ ਉਸ ਨੇ ਆਪਣੀ ਪਾਰੀ ‘ਚ 14 ਚੌਕੇ ਵੀ ਲਗਾਏ। ਉਹ 193 ਦੌੜਾਂ ਬਣਾ ਕੇ ਨਾਬਾਦ ਰਿਹਾ। 60 ਗੇਂਦਾਂ ਦੀ ਕ੍ਰਿਕੇਟ ਵਿੱਚ ਹਮਜ਼ਾ ਨੇ 43 ਗੇਂਦਾਂ ਦਾ ਸਾਹਮਣਾ ਕੀਤਾ ਅਤੇ ਆਪਣੀ ਟੀਮ ਨੂੰ ਜਿੱਤ ਤੱਕ ਪਹੁੰਚਾਇਆ।

ਸਪੇਨ ਦੇ ਬਾਰਸੀਲੋਨਾ ਵਿੱਚ ਕੈਟਲੁਨੀਆ ਜੈਗੁਆਰ ਅਤੇ ਸੋਹਲ ਹਾਸਪਿਟਲੈਟ ਵਿਚਕਾਰ ਮੈਚ (T10 cricket) ਖੇਡਿਆ ਗਿਆ। ਕੈਟਲੁਨੀਆ ਜੈਗੁਆਰ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਉਸ ਨੇ 10 ਓਵਰਾਂ ਵਿੱਚ ਬਿਨਾਂ ਕਿਸੇ ਨੁਕਸਾਨ ਦੇ 257 ਦੌੜਾਂ ਬਣਾਈਆਂ। ਹਮਜ਼ਾ ਤੋਂ ਇਲਾਵਾ ਯਾਸਿਰ ਅਲੀ ਨੇ 19 ਗੇਂਦਾਂ ‘ਤੇ ਨਾਬਾਦ 58 ਦੌੜਾਂ ਬਣਾਈਆਂ। ਉਸ ਨੇ ਚਾਰ ਚੌਕੇ ਤੇ ਸੱਤ ਛੱਕੇ ਲਾਏ। ਜਵਾਬ ਵਿੱਚ ਸੋਹਲ ਦੀ ਟੀਮ 10 ਓਵਰਾਂ ਵਿੱਚ ਅੱਠ ਵਿਕਟਾਂ ’ਤੇ 104 ਦੌੜਾਂ ਹੀ ਬਣਾ ਸਕੀ।

ਹਮਜ਼ਾ ਸਲੀਮ ਡਾਰ ਨੇ 449 ਦੀ ਸਟ੍ਰਾਈਕ ਰੇਟ ਨਾਲ ਦੌੜਾਂ ਬਣਾਈਆਂ। ਉਸਨੇ T10 ਕ੍ਰਿਕਟ ਦੀ ਸਭ ਤੋਂ ਵੱਡੀ ਪਾਰੀ ਖੇਡੀ। ਇਸ ਤੋਂ ਪਹਿਲਾਂ ਇਹ ਰਿਕਾਰਡ 163 ਦੌੜਾਂ ਦਾ ਸੀ। ਇਸ ਮੈਚ ਤੋਂ ਬਾਅਦ ਜੈਗੁਆਰ ਨੇ ਆਪਣੀ ਜਿੱਤ ਦਾ ਸਿਲਸਿਲਾ ਜਾਰੀ ਰੱਖਿਆ। ਇਸਨੇ ECS ਸਪੇਨ T10 ਮੈਚ ਵਿੱਚ ਬੰਗਾਲੀ ਸੀਸੀ ਨੂੰ ਹਰਾਇਆ।

Scroll to Top