June 30, 2024 5:49 pm
PM Modi

ਜਦੋਂ ਪੂਰਨ ਬਹੁਮਤ ਵਾਲੀ ਸਰਕਾਰ ਹੁੰਦੀ ਹੈ ਤਾਂ ਵੱਡੇ ਪੜਾਅ ਪਾਰ ਹੁੰਦੇ ਹਨ: PM ਮੋਦੀ

ਚੰਡੀਗੜ੍ਹ, 22 ਸਤੰਬਰ, 2023: ਸੰਸਦ ਵੱਲੋਂ ਇਤਿਹਾਸਕ ਬੀਬੀਆਂ ਦਾ ਰਾਖਵਾਂਕਰਨ ਬਿੱਲ ਪਾਸ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi)  ਸ਼ੁੱਕਰਵਾਰ ਨੂੰ ਭਾਜਪਾ ਹੈੱਡਕੁਆਰਟਰ ਪਹੁੰਚੇ। ਇੱਥੇ ਉਨ੍ਹਾਂ ਪਾਰਟੀ ਦੀਆਂ ਬੀਬੀ ਵਰਕਰਾਂ ਦਾ ਸਵਾਗਤ ਕੀਤਾ। ਉਨ੍ਹਾਂ ਬੀਬੀ ਵਰਕਰਾਂ ਦੇ ਪੈਰ ਵੀ ਛੂਹੇ। ਇਸ ਤੋਂ ਬਾਅਦ ਮਹਿਲਾ ਮੋਰਚਾ ਵਰਕਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਧਾਈ ਦਿੱਤੀ। ਇਸ ਪ੍ਰੋਗਰਾਮ ਵਿੱਚ ਭਾਜਪਾ ਦੀਆਂ ਸਾਰੀਆਂ ਸੰਸਦ ਮੈਂਬਰ, ਦਿੱਲੀ ਦੀਆਂ ਸਾਰੀਆਂ ਬੀਬੀ ਕੌਂਸਲਰ ਅਤੇ ਹੋਰ ਜਨ ਪ੍ਰਤੀਨਿਧੀ ਮੌਜੂਦ ਸਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi) ਨੇ ਕਿਹਾ ਕਿ ਜਦੋਂ ਪੂਰਨ ਬਹੁਮਤ ਵਾਲੀ ਸਰਕਾਰ ਹੁੰਦੀ ਹੈ ਤਾਂ ਅਜਿਹੇ ਸਰਬਸੰਮਤੀ ਨਾਲ ਫੈਸਲੇ ਲਏ ਜਾਂਦੇ ਹਨ। ਇਸ ਦਾ ਸਿਹਰਾ ਬੀਬੀ ਵੋਟਰਾਂ ਨੂੰ ਦਿੰਦਿਆਂ ਉਨ੍ਹਾਂ ਕਿਹਾ ਕਿ ਸਾਡੀਆਂ ਮਾਵਾਂ-ਭੈਣਾਂ ਨੇ ਭਾਜਪਾ ਨੂੰ ਪੂਰਾ ਸਮਰਥਨ ਦਿੱਤਾ ਹੈ। ਵੋਟਿੰਗ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਭਾਜਪਾ ਨੂੰ ਜ਼ੋਰਦਾਰ ਢੰਗ ਨਾਲ ਸੱਤਾ ਵਿੱਚ ਆਉਣ ਦਾ ਮੌਕਾ ਦਿੱਤਾ।

ਇਸ ਤੋਂ ਪਹਿਲਾਂ, ਲੋਕ ਸਭਾ ਅਤੇ ਵਿਧਾਨ ਸਭਾਵਾਂ ਵਿੱਚ ਔਰਤਾਂ ਲਈ 33 ਪ੍ਰਤੀਸ਼ਤ ਰਾਖਵਾਂਕਰਨ ਪ੍ਰਦਾਨ ਕਰਨ ਵਾਲਾ 128ਵਾਂ ਸੰਵਿਧਾਨਕ ਸੋਧ ਬਿੱਲ ਵੀਰਵਾਰ ਨੂੰ ਰਾਜ ਸਭਾ ਵਿੱਚ ਪਾਸ ਹੋ ਗਿਆ ਸੀ। ਦਿਨ ਭਰ ਚੱਲੀ ਵਿਚਾਰ ਚਰਚਾ ਤੋਂ ਬਾਅਦ ਪਾਸ ਕੀਤਾ ਗਿਆ। ਬਿੱਲ ਦੇ ਹੱਕ ਵਿੱਚ 214 ਵੋਟਾਂ ਪਈਆਂ, ਜਦੋਂ ਕਿ ਬਿੱਲ ਦੇ ਵਿਰੋਧ ਵਿੱਚ ਕਿਸੇ ਨੇ ਵੀ ਵੋਟ ਨਹੀਂ ਪਾਈ।

ਇਸ ਨਾਲ ਸੰਸਦ ਅਤੇ ਵਿਧਾਨ ਸਭਾਵਾਂ ਵਿੱਚ ਮਹਿਲਾ ਸਸ਼ਕਤੀਕਰਨ ਦੇ ਰਾਹ ਵਿੱਚ ਪਿਛਲੇ 27 ਸਾਲਾਂ ਦਾ ਸੋਕਾ ਖਤਮ ਹੋ ਗਿਆ ਅਤੇ ਨਵੀਂ ਸੰਸਦ ਭਵਨ ਨੇ ਆਪਣੇ ਪਹਿਲੇ ਸੈਸ਼ਨ ਵਿੱਚ ਹੀ ਨਾਰੀ ਸ਼ਕਤੀ ਦਾ ਗੁਣਗਾਨ ਕਰਨ ਦਾ ਨਵਾਂ ਇਤਿਹਾਸ ਰਚਿਆ। ਇਸ ਤੋਂ ਪਹਿਲਾਂ ਬਿੱਲ ਨੂੰ ਬੁੱਧਵਾਰ ਨੂੰ ਲੋਕ ਸਭਾ ਤੋਂ ਮਨਜ਼ੂਰੀ ਮਿਲ ਗਈ ਸੀ। ਲੋਕ ਸਭਾ ਨੇ ਵੀ ਇਸ ਬਿੱਲ ਨੂੰ ਦੋ ਤਿਹਾਈ ਬਹੁਮਤ ਨਾਲ ਪਾਸ ਕਰ ਦਿੱਤਾ। ਇਸ ਦੇ ਹੱਕ ਵਿੱਚ 454 ਅਤੇ ਵਿਰੋਧ ਵਿੱਚ ਦੋ ਵੋਟਾਂ ਪਈਆਂ।

ਅੱਜ ਪੀਐਮ ਮੋਦੀ ਨੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਅੱਜ ਮੈਂ ਦੇਸ਼ ਦੀ ਹਰ ਮਾਂ, ਭੈਣ ਅਤੇ ਧੀ ਨੂੰ ਵਧਾਈ ਦਿੰਦਾ ਹਾਂ। ਕੱਲ੍ਹ ਅਤੇ ਪਰਸੋਂ ਅਸੀਂ ਸਾਰਿਆਂ ਨੇ ਇੱਕ ਨਵਾਂ ਇਤਿਹਾਸ ਰਚਦੇ ਦੇਖਿਆ। ਅਸੀਂ ਸਾਰੇ ਖੁਸ਼ਕਿਸਮਤ ਹਾਂ ਕਿ ਲੱਖਾਂ ਲੋਕਾਂ ਨੇ ਸਾਨੂੰ ਇਹ ਇਤਿਹਾਸ ਸਿਰਜਣ ਦਾ ਮੌਕਾ ਦਿੱਤਾ ਹੈ। ਦੋਵਾਂ ਸਦਨਾਂ ਵੱਲੋਂ ਨਾਰੀ ਸ਼ਕਤੀ ਵੰਦਨ ਬਿੱਲ ਦਾ ਪਾਸ ਹੋਣਾ ਵੀ ਇਸ ਗੱਲ ਦਾ ਪ੍ਰਮਾਣ ਹੈ ਕਿ ਜਦੋਂ ਪੂਰੇ ਬਹੁਮਤ ਵਾਲੀ ਸਥਿਰ ਸਰਕਾਰ ਹੁੰਦੀ ਹੈ ਤਾਂ ਦੇਸ਼ ਕਿਸ ਤਰ੍ਹਾਂ ਵੱਡੇ ਫੈਸਲੇ ਲੈਂਦਾ ਹੈ ਅਤੇ ਵੱਡੇ ਪੜਾਅ ਵੀ ਪਾਰ ਕਰਦਾ ਹੈ।