June 29, 2024 10:10 am
ਪਵਿੱਤਰ ਵੇਂਈ

ਵਿਸਾਖੀ ਮੌਕੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਵੱਡਾ ਤੋਹਫਾ, 24 ਸਾਲਾਂ ਬਾਅਦ ਪ੍ਰਦੂਸ਼ਣ ਮੁਕਤ ਹੋਈ ਬਾਬੇ ਨਾਨਕ ਦੀ ਪਵਿੱਤਰ ਵੇਂਈ

ਸੁਲਤਾਨਪੁਰ ਲੋਧੀ, 13 ਅਪ੍ਰੈਲ 2024: ਗੁਰਬਾਣੀ ਦੇ ਆਗਮਨ ਸਥਾਨ ਵਜੋਂ ਜਾਣੀ ਜਾਂਦੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਕਾਲੀ ਵੇਂਈ ਦੇ ਕਿਨਾਰਿਆਂ ਤੇ 100 ਫੀਸਦੀ ਟਰੀਟਮੈਂਟ ਪਲਾਂਟ ਲੱਗ ਗਏ ਹਨ। ਪਵਿੱਤਰ ਵੇਂਈ ਹੁਣ ਦੇਸ਼ ਦੀ ਪਹਿਲੀ ਨਦੀ ਬਣ ਗਈ ਹੈ ਜਿਸਨੂੰ ਪਲੀਤ ਹੋਣ ਤੋਂ ਲੋਕਾਂ ਦੇ ਸਹਿਯੋਗ ਨਾਲ ਸਾਫ ਕੀਤਾ ਗਿਆ ਹੈ।

ਪਵਿੱਤਰ ਵੇਂਈ ਦੇ ਪੱਤਣਾਂ ਉਪਰ 5 ਥਾਵਾਂ ਤੇ ਵਿਸਾਖੀ ਮਨਾਈ ਜਾਂਦੀ ਹੈ। ਜਿਸ ਦੌਰਾਨ ਦੇਸ਼ ਵਿਦੇਸ਼ ਤੋਂ ਸੰਗਤਾਂ ਵੱਡੀ ਗਿਣਤੀ ਵਿੱਚ ਜਿੱਥੇ ਇਸਦੇ ਪਾਣੀ ਦਾ ਚੂਲਾ ਭਰਦੀਆਂ ਹਨ ਤੇ ਉੱਥੇ ਹੀ ਇਸ ਵਿੱਚ ਇਸ਼ਨਾਨ ਕਰਦੀਆਂ ਹਨ। ਪਵਿੱਤਰ ਵੇਂਈ ਦੇ ਸਾਫ਼ ਹੋਣ ਨਾਲ ਇੱਕ ਵੱਡੇ ਤੋਹਫੇ ਵਜੋ ਦੇਖ ਰਹੀਆਂ ਹਨ ਕਿ ਪੰਜਾਬ ਦੀ 165 ਕਿਲੋਮੀਟਰ ਲੰਬੀ ਨਦੀ ਲੰਬੇਂ ਸਮੇਂ ਬਾਅਦ ਆਪਣੇ ਪੁਰਾਤਨ ਰੂਪ ਵਿੱਚ ਵੱਗਣ ਲੱਗ ਪਈ ਹੈ।

ਵਿਸਾਖੀ ਦੀ ਪੂਰਵ ਸੰਧਿਆ ਤੇ ਵਧਾਈ ਦਿੰਦਿਆ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਸੰਗਤਾਂ ਵੱਲੋਂ ਦਹਾਕਿਆਂ ਬੱਧੀ ਕੀਤੀ ਗਈ ਸੇਵਾ ਰੰਗ ਲਿਆਈ ਹੈ। ਉਹਨਾਂ ਕਿਹਾ ਕਿ ਸਾਲ 2024 ਵਿੱਚ ਇਹ ਪਹਿਲੀ ਵਿਸਾਖੀ ਹੈ ਜਦੋਂ ਇਸ ਵੇਂਈ ਵਿੱਚ ਗੰਦੇ ਪਾਣੀ ਨਹੀ ਪੈ ਰਹੇ ਹਨ ਤੇ ਇਹ ਪੂਰੀ ਭਰ ਕਿ ਵਗ ਰਹੀ ਹੈ। ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਵੇਂਈ ਵਿੱਚ 350 ਕਿਊਸਿਕ ਪਾਣੀ ਵੀ ਛੱਡਿਆ ਗਿਆ ਹੈ।

ਜ਼ਿਕਰਯੋਗ ਹੈ ਕਿ ਵੇਂਈ ਵਿੱਚ 43 ਪਿੰਡਾਂ ਅਤੇ 11 ਕਸਬਿਆਂ ਦਾ 54 ਥਾਵਾਂ ਤੋਂ ਗੰਦਾ ਪਾਣੀ ਪੈਂਦਾ ਸੀ। ਪਿਛਲੇ 24 ਸਾਲਾਂ ਤੋਂ ਨਿਯਮਤ ਤੌਰ ਤੇ ਵੇਂਈ ਦੀ ਕੀਤੀ ਜਾ ਰਹੀ ਸਫਾਈ ਤੇ ਇਸ ਵਿੱਚ ਪੈ ਰਹੇ ਗੰਦੇ ਪਾਣੀਆਂ ਨੂੰ ਰੋਕਣ ਲਈ ਉਪਰਾਲੇ ਕੀਤੇ ਜਾ ਰਹੇ ਸਨ। ਜਿਸਦੇ ਨਤੀਜੇ ਵਜੋਂ ਹੁਣ ਵੇਂਈ ਵਿੱਚ ਪਿੰਡਾਂ ਤੇ ਸ਼ਹਿਰਾਂ ਦੇ ਪੈ ਰਹੇ ਗੰਦੇ ਪਾਣੀਆਂ ਨੂੰ ਸਾਫ਼ ਕਰਨ ਲਈ ਸਾਰੇ ਟਰੀਟਮੈਂਟ ਪਲਾਂਟ ਲੱਗ ਗਏ ਹਨ ਤੇ ਸੈਦੋਭੁਲਾਣੇ ਦੀਆਂ ਕਲੋਂਨੀਆਂ ਨੇੜੇ ਆਖਰੀ ਟਰੀਟਮੈਂਟ ਪਲਾਂਟ ਵੀ ਲੱਗ ਗਿਆ ਹੈ।

ਬਾਬੇ ਨਾਨਕ ਦੀ ਪਵਿੱਤਰ ਵੇਂਈ ਪਿਛਲੇ ਢਾਈ ਦਹਾਕਿਆਂ ਤੋਂ ਗੰਦੇ ਨਾਲੇ ਦੇ ਰੂਪ ਵਿੱਚ ਬਦਲੀ ਹੋਈ ਸੀ। ਜਿਸਦੇ ਕੋਲੋਂ ਵੀ ਲੰਘਣਾ ਬਹੁਤ ਮੁਸ਼ਕਿਲ ਹੁੰਦਾ ਸੀ। ਇਸ ਵਿੱਚ ਹੁਸ਼ਿਆਰਪੁਰ ਤੇ ਕਪੂਰਥਲੇ ਜ਼ਿਿਲ੍ਹਆਂ ਦਾ ਗੰਦਾ ਪਾਣੀ ਪੈ ਰਿਹਾ ਸੀ ਤੇ ਇਹ ਸੰਨ 2000 ਦੌਰਾਨ ਇੱਕ ਗੰਦੇ ਡਸਟਬਿਨ ਤੋਂ ਵੱਧ ਕੁੱਝ ਵੀ ਨਹੀ ਸੀ। 165 ਕਿਲੋਮੀਟਰ ਲੰਬੀ ਇਹ ਵੇਂਈ ਬਿਆਸ ਦਰਿਆ ਦੀ ਸਹਾਇਕ ਨਦੀ ਹੈ। ਜਿਹੜੀ ਕਿ ਹੁਸ਼ਿਆਰਪੁਰ ਜ਼ਿਲੇ੍ਹ ਦੇ ਮੁਕੇਰੀਆਂ ਇਲਾਕੇ ਦੀ ਛੰਭ ਚੋਂ ਨਿਕਲਦੀ ਹੈ।

ਤਕਰੀਬਨ 24 ਸਾਲ ਪਹਿਲਾਂ ਵਾਤਾਵਰਨ ਪ੍ਰੇਮੀ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਇਲਾਕੇ ਦੀਆਂ ਸੰਗਤਾਂ ਨੂੰ ਨਾਲ ਲੈ ਕੇ ਇਸਦੀ ਕਾਰਸੇਵਾ ਆਰੰਭ ਕੀਤੀ ਸੀ। ਵੇਂਈ ਦੀ ਕਾਰਸੇਵਾ ਨੇ 2006 ਵਿੱਚ ਡਾ. ਏ.ਪੀ.ਜੇ ਅਬਦੁਲ ਕਲਾਮ ਦਾ ਧਿਆਨ ਵੀ ਖਿੱਚਿਆ ਸੀ ਕਿ ਉਹ 17 ਅਗਸਤ 2006 ਨੂੰ ਸੁਲਤਾਨਪੁਰ ਲੋਧੀ ਪਵਿੱਤਰ ਵੇਂਈ ਦੇ ਦਰਸ਼ਨਾਂ ਲਈ ਉਚੇਚੇ ਤੌਰ ਤੇ ਆਏ ਸੀ। ਇਹ ਅਜ਼ਾਦ ਭਾਰਤ ਦੀ ਪਹਿਲੀ ਉਦਹਾਰਨ ਸੀ ਜਦੋਂ ਕਿਸੇ ਦੇਸ਼ ਦਾ ਰਾਸ਼ਟਰਪਤੀ ਲੋਕਾਂ ਵੱਲੋਂ ਸਾਫ ਕੀਤੀ ਨਦੀ ਨੂੰ ਦੇਖਣ ਲਈ ਆਇਆ ਹੋਵੇ। ਉਸ ਵੇਲੇ ਵੇਂਈ ਵਿੱਚ ਪਾਣੀ ਦਾ ਨਿਰੰਤਰ ਵਹਾਅ ਚਾਲੂ ਰੱਖਣਾ ਇੱਕ ਵੱਡੀ ਚੁਣੌਤੀ ਬਣਿਆ ਹੋਇਆ ਸੀ। ਪਰ ਲੰਬੇ ਸੰਘਰਸ਼ ਤੋਂ ਬਾਅਦ ਬਾਬੇ ਨਾਨਕ ਦੀ ਇਹ ਪਵਿੱਤਰ ਵੇਂਈ ਹੁਣ ਜਿੱਥੇ ਨਿਰੰਤਰ ਵੱਗ ਰਹੀ ਹੈ, ਉੱਥੇ ਹੀ ਇਸਦਾ ਪਾਣੀ ਆਮ ਮੋਟਰਾਂ ਦੇ ਪੀਣ ਵਾਲੇ ਪਾਣੀ ਤੋਂ ਕਿੱਥੇ ਸਾਫ਼ ਹੈ।