ਚੰਡੀਗੜ੍ਹ, 20 ਮਾਰਚ 2023: ਏਅਰ ਇੰਡੀਆ (Air India) ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਕੈਂਪਬੈਲ ਵਿਲਸਨ ਨੇ ਸੋਮਵਾਰ ਨੂੰ ਕਿਹਾ ਕਿ ਏਅਰਲਾਈਨ ਚਾਲਕ ਦਲ ਦੀ ਕਮੀ ਕਾਰਨ ਕੁਝ ਅਮਰੀਕੀ ਰੂਟਾਂ ‘ਤੇ ਅਸਥਾਈ ਸਮੇਂ ਲਈ ਉਡਾਣਾਂ ਦੀ ਗਿਣਤੀ ਨੂੰ ਘਟਾ ਦੇਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਏਅਰਲਾਈਨ ਕੋਲ ਅਗਲੇ ਤਿੰਨ ਮਹੀਨਿਆਂ ਵਿੱਚ ਬੋਇੰਗ 777 ਜਹਾਜ਼ਾਂ ਲਈ 100 ਪਾਇਲਟ ਹੋਣਗੇ | ਇਸ ਤੋਂ ਇਲਾਵਾ, ਲਗਭਗ 1,400 ਕੈਬਿਨ ਕਰੂ ਸਿਖਲਾਈ ਲੈ ਰਹੇ ਹਨ।
ਹਾਲ ਹੀ ਦੇ ਮਹੀਨਿਆਂ ਵਿੱਚ, ਚਾਲਕ ਦਲ ਦੀ ਕਮੀ ਕਾਰਨ ਕੁਝ ਲੰਬੀ ਦੂਰੀ ਦੀਆਂ ਉਡਾਣਾਂ ਪ੍ਰਭਾਵਿਤ ਹੋਣ ਦੀਆਂ ਘਟਨਾਵਾਂ ਵਾਪਰੀਆਂ ਹਨ। ਏਅਰ ਇੰਡੀਆ ਦੇ ਸੀਈਓ ਅਤੇ ਐਮਡੀ ਵਿਲਸਨ ਨੇ ਕਿਹਾ ਹੈ ਕਿ ਚਾਲਕ ਦਲ ਦੀ ਕਮੀ ਕਾਰਨ ਅਮਰੀਕਾ ਦੇ ਕੁਝ ਰੂਟਾਂ ‘ਤੇ ਉਡਾਣਾਂ ਦੀ ਗਿਣਤੀ ਘਟਾਈ ਗਈ ਹੈ। ਏਅਰਲਾਈਨ ਦੇ ਲਗਭਗ 11,000 ਕਰਮਚਾਰੀ ਹਨ, ਜਿਸ ਵਿੱਚ ਫਲਾਇੰਗ ਅਤੇ ਨਾਨ-ਫਲਾਈ ਸਟਾਫ ਸ਼ਾਮਲ ਹਨ।
ਏਅਰ ਇੰਡੀਆ ਦੇ ਸੀਈਓ ਰਾਸ਼ਟਰੀ ਰਾਜਧਾਨੀ ਵਿੱਚ ਸੀਏਪੀਏ ਇੰਡੀਆ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ। ਟਾਟਾ ਸਮੂਹ ਨੇ ਏਅਰ ਇੰਡੀਆ ਐਕਸਪ੍ਰੈਸ ਦੇ ਨਾਲ ਜਨਵਰੀ 2022 ਵਿੱਚ ਘਾਟੇ ਵਿੱਚ ਚੱਲ ਰਹੀ ਏਅਰ ਇੰਡੀਆ ਅਤੇ AIATSL ਵਿੱਚ 50 ਪ੍ਰਤੀਸ਼ਤ ਹਿੱਸੇਦਾਰੀ ਦਾ ਕੰਟਰੋਲ ਆਪਣੇ ਹੱਥਾਂ ਵਿੱਚ ਲੈ ਲਿਆ। ਏਅਰ ਇੰਡੀਆ ਨੇ ਪੰਜ ਸਾਲਾਂ ਦੀ ਮਿਆਦ ਵਿੱਚ Vihaan.AI ਦੇ ਤਹਿਤ ਪਰਿਵਰਤਨ ਲਈ ਇੱਕ ਰੋਡ ਮੈਪ ਤਿਆਰ ਕੀਤਾ ਹੈ ਅਤੇ ਇਸਦੇ ਪੂਰੇ ਵੱਡੇ ਬੇੜੇ ਦੇ ਅੰਦਰੂਨੀ ਹਿੱਸੇ ਨੂੰ ਨਵਿਆਉਣ ਲਈ 400 ਕਰੋੜ ਡਾਲਰ ਦੀ ਵਚਨਬੱਧਤਾ ਸਮੇਤ ਕਈ ਉਪਾਅ ਕੀਤੇ ਹਨ।
ਪਿਛਲੇ ਮਹੀਨੇ ਏਅਰ ਇੰਡੀਆ (Air India) ਨੇ ਏਅਰਬੱਸ ਅਤੇ ਬੋਇੰਗ ਤੋਂ 70 ਵਾਈਡ-ਬਾਡੀ ਜਹਾਜ਼ਾਂ ਸਮੇਤ 470 ਜਹਾਜ਼ਾਂ ਦੇ ਆਰਡਰ ਦੇਣ ਦਾ ਐਲਾਨ ਕੀਤਾ ਸੀ। ਇਨ੍ਹਾਂ ਵਿੱਚੋਂ 250 ਏਅਰਬੱਸ ਅਤੇ 220 ਬੋਇੰਗ ਜਹਾਜ਼ ਹੋਣਗੇ। ਦੋਵਾਂ ਜਹਾਜ਼ ਨਿਰਮਾਤਾਵਾਂ ਤੋਂ ਵਾਧੂ 370 ਜਹਾਜ਼ ਖਰੀਦਣ ਦਾ ਵਿਕਲਪ ਵੀ ਹੈ। ਇਸ ਤੋਂ ਇਲਾਵਾ ਏਅਰ ਏਸ਼ੀਆ ਇੰਡੀਆ ਦਾ ਏਅਰ ਇੰਡੀਆ ਐਕਸਪ੍ਰੈਸ ਨਾਲ ਰਲੇਵਾਂ ਅਤੇ ਵਿਸਤਾਰਾ ਦਾ ਏਅਰ ਇੰਡੀਆ ਨਾਲ ਰਲੇਵਾਂ ਸ਼ੁਰੂ ਕੀਤਾ ਗਿਆ ਹੈ।