ਚੰਡੀਗੜ੍ਹ, 03 ਅਕਤੂਬਰ 2024: ਹਰਿਆਣਾ ਵਿਧਾਨ ਸਭਾ ਚੋਣਾਂ ਲਈ ਕੁਝ ਹੀ ਦਿਨ ਬਾਕੀ ਹਨ | ਇਸਦੇ ਨਾਲ ਅੱਜ ਸ਼ਾਮ ਤੋਂ ਚੋਣ ਪ੍ਰਚਾਰ ‘ਤੇ ਵੀ ਰੋਕ ਲੱਗ ਜਾਵੇਗੀ | ਇਸ ਦੌਰਾਨ ਹਰਿਆਣਾ ‘ਚ ਭਾਰਤੀ ਜਨਤਾ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ। ਸਾਬਕਾ ਸੰਸਦ ਮੈਂਬਰ ਅਸ਼ੋਕ ਤੰਵਰ (Ashok Tanwar) ਕਾਂਗਰਸ ‘ਚ ਸ਼ਾਮਲ ਹੋ ਗਏ ਹਨ। ਮਹਿੰਦਰਗੜ੍ਹ ‘ਚ ਰੈਲੀ ਦੌਰਾਨ ਰਾਹੁਲ ਗਾਂਧੀ ਨੇ ਉਨ੍ਹਾਂ ਨੂੰ ਰਸ਼ਮੀ ਤੌਰ ‘ਤੇ ਪਾਰਟੀ ‘ਚ ਸ਼ਾਮਲ ਕੀਤਾ ਹੈ।
ਜਿਕਰਯੋਗ ਹੈ ਕਿ ਕਰੀਬ 8 ਮਹੀਨੇ ਪਹਿਲਾਂ ਅਸ਼ੋਕ ਤੰਵਰ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ‘ਚ ਸ਼ਾਮਲ ਹੋਏ ਸਨ। ਦਿੱਲੀ ‘ਚ ਕੇਂਦਰੀ ਮੰਤਰੀ ਅਤੇ ਸਾਬਕਾ ਸੀਐਮ ਮਨੋਹਰ ਲਾਲ ਨੇ ਉਨ੍ਹਾਂ ਨੂੰ ਪਾਰਟੀ ‘ਚ ਸ਼ਾਮਲ ਕਰਵਾਇਆ ਸੀ | ਅਸ਼ੋਕ ਤੰਵਰ 4 ਅਪ੍ਰੈਲ 2022 ਨੂੰ ‘ਆਪ’ ‘ਚ ਸ਼ਾਮਲ ਹੋਏ ਸਨ। 22 ਮਹੀਨੇ ਪਾਰਟੀ ‘ਚ ਰਹਿਣ ਤੋਂ ਬਾਅਦ ਉਨ੍ਹਾਂ ‘ਆਪ’ ਨੂੰ ਅਲਵਿਦਾ ਕਹਿ ਦਿੱਤਾ। ਇਸ ਤੋਂ ਪਹਿਲਾਂ ਉਹ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਪਾਰਟੀ ਤ੍ਰਿਣਮੂਲ ਕਾਂਗਰਸ ‘ਚ ਵੀ ਸਨ।
ਕਾਂਗਰਸ ਦੇ ਸੂਬਾ ਪ੍ਰਧਾਨ ਵਜੋਂ ਅਸ਼ੋਕ ਤੰਵਰ (Ashok Tanwar) ਅਤੇ ਸਾਬਕਾ ਮੁੱਖ ਮੰਤਰੀ ਭੂਪੇਂਦਰ ਸਿੰਘ ਹੁੱਡਾ ਦਾ ਅੰਕੜਾ ਹਮੇਸ਼ਾ 36 ਦਾ ਰਿਹਾ ਹੈ। ਹੁੱਡਾ ਦੇ ਕਾਰਨ ਹੀ ਉਨ੍ਹਾਂ ਨੂੰ ਹਰਿਆਣਾ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਦਾ ਅਹੁਦਾ ਛੱਡਣਾ ਪਿਆ ਸੀ। 2019 ਦੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਟਿਕਟਾਂ ਦੀ ਵੰਡ ਤੋਂ ਨਾਰਾਜ਼ ਅਸ਼ੋਕ ਤੰਵਰ ਨੇ 5 ਅਕਤੂਬਰ 2019 ਨੂੰ ਕਾਂਗਰਸ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਸੀ। ਉਸ ਸਮੇਂ ਅਸ਼ੋਕ ਤੰਵਰ ਨੇ ਉਨ੍ਹਾਂ ‘ਤੇ 5 ਕਰੋੜ ਰੁਪਏ ‘ਚ ਕਾਂਗਰਸ ਦੀਆਂ ਟਿਕਟਾਂ ਵੇਚਣ ਦਾ ਦੋਸ਼ ਵੀ ਲਗਾਇਆ ਸੀ।
ਅਸ਼ੋਕ ਤੰਵਰ ਨੇ ਆਪਣੇ ਸਿਆਸੀ ਕਰੀਅਰ ਦੀ ਸ਼ੁਰੂਆਤ 1993 ‘ਚ ਕਾਂਗਰਸ ਨਾਲ ਕੀਤੀ ਸੀ। ਉਸ ਸਮੇਂ ਉਨ੍ਹਾਂ ਦੀ ਉਮਰ ਸਿਰਫ਼ 17 ਸਾਲ ਸੀ। ਉਹ 2003 ‘ਚ ਕਾਂਗਰਸ ਪਾਰਟੀ ਦੇ ਵਿਦਿਆਰਥੀ ਵਿੰਗ, ਐਨਐਸਯੂਆਈ, ਅਤੇ 2005 ‘ਚ ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਬਣੇ। ਉਨ੍ਹਾਂ ਨੇ ਰਾਹੁਲ ਗਾਂਧੀ ਨਾਲ ਯੂਥ ਕਾਂਗਰਸ ‘ਚ ਕੰਮ ਕੀਤਾ। ਰਾਹੁਲ ਗਾਂਧੀ ਨੇ ਖੁਦ ਅਸ਼ੋਕ ਤੰਵਰ ਨੂੰ ਫਰਵਰੀ 2014 ‘ਚ ਹਰਿਆਣਾ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਾਇਆ ਸੀ।