July 5, 2024 12:27 am
Navjot Sidhu

ਪੰਜਾਬ ਕਾਂਗਰਸ ਦੀ ਨਵਜੋਤ ਸਿੱਧੂ ਖ਼ਿਲਾਫ਼ ਵੱਡੀ ਕਾਰਵਾਈ, ਇਕਲੌਤਾ ਅਹੁਦਾ ਵੀ ਖੋਹਿਆ

ਚੰਡੀਗੜ੍ਹ, 7 ਜੂਨ 2024: ਪੰਜਾਬ ਦੀ ਸਰਗਰਮ ਸਿਆਸਤ ਤੋਂ ਦੂਰ ਰਹੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ (Navjot Sidhu) ਨੂੰ ਹੁਣ ਇੱਕ ਪਾਸੇ ਕਰਨ ਦੀਆਂ ਤਿਆਰੀਆਂ ਹਨ। ਲੋਕ ਸਭਾ ਚੋਣਾਂ ਵਿੱਚ ਵੀ ਨਵਜੋਤ ਸਿੱਧੂ ਪੂਰੀ ਤਰ੍ਹਾਂ ਗਾਇਬ ਰਹੇ। ਇਸ ਤੋਂ ਬਾਅਦ ਉਨ੍ਹਾਂ ਤੋਂ ਇਕਲੌਤਾ ਅਹੁਦਾ ਵੀ ਖੋਹ ਲਿਆ ਗਿਆ ਹੈ। ਕਾਂਗਰਸ ਨੇ ਨਵਜੋਤ ਸਿੱਧੂ ਤੋਂ ਲੈ ਕੇ ਅੰਮ੍ਰਿਤਸਰ ਸੰਸਦੀ ਹਲਕੇ ਦੀ ਜ਼ਿੰਮੇਵਾਰੀ ਸਾਬਕਾ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਨੂੰ ਸੌਂਪ ਦਿੱਤੀ ਹੈ।

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਹੁਕਮ ਜਾਰੀ ਕਰਕੇ ਜਸਬੀਰ ਸਿੰਘ ਡਿੰਪਾ ਨੂੰ ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਹਲਕੇ ਦਾ ਇੰਚਾਰਜ ਐਲਾਨ ਦਿੱਤਾ ਹੈ। ਅੰਮ੍ਰਿਤਸਰ ਪੂਰਬੀ ਸੀਟ ਦੀ ਗੱਲ ਕਰੀਏ ਤਾਂ ਨਵਜੋਤ ਕੌਰ ਸਿੱਧੂ ਅਤੇ ਨਵਜੋਤ ਸਿੰਘ ਸਿੱਧੂ ਇੱਥੋਂ ਵਿਧਾਇਕ ਰਹਿ ਚੁੱਕੇ ਹਨ।

ਜਸਬੀਰ ਡਿੰਪਾ ਨੂੰ ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਹਲਕੇ ਦਾ ਇੰਚਾਰਜ ਬਣਾਉਣ ਦੇ ਇਹ ਹੁਕਮ ਅਪ੍ਰੈਲ ਮਹੀਨੇ ਵਿੱਚ ਹੀ ਜਾਰੀ ਕੀਤੇ ਗਏ ਸਨ ਪਰ ਲੋਕ ਸਭਾ ਚੋਣਾਂ ਕਾਰਨ ਇਹ ਹੁਕਮ ਜਨਤਕ ਨਹੀਂ ਕੀਤੇ ਗਏ ਸਨ। ਦੱਸ ਦਈਏ ਕਿ ਨਵਜੋਤ ਸਿੱਧੂ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਵਿਧਾਇਕਾ ਜੀਵਨਜੋਤ ਕੌਰ ਤੋਂ ਹਾਰਨ ਤੋਂ ਬਾਅਦ ਹੀ ਵਿਧਾਨ ਸਭਾ ਹਲਕੇ ਅਤੇ ਰਾਜਨੀਤੀ ਤੋਂ ਦੂਰੀ ਬਣਾ ਲਈ ਸੀ। 2024 ਦੀਆਂ ਲੋਕ ਸਭਾ ਚੋਣਾਂ ‘ਚ ਵੀ ਸਿੱਧੂ ਪ੍ਰਚਾਰ ਕਰਨ ਨਹੀਂ ਆਏ ਸਨ ਜਦਕਿ ਉਨ੍ਹਾਂ ਦਾ ਨਾਂ ਸਟਾਰ ਪ੍ਰਚਾਰਕਾਂ ਦੀ ਸੂਚੀ ‘ਚ ਵੀ ਨਹੀਂ ਸੀ।