ਚੰਡੀਗੜ੍ਹ, 26 ਜੁਲਾਈ 2024: ਪੰਜਾਬ ਦੇ ਖ਼ਜਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ‘ਚ ਟੈਕਸ (Tax) ਚੋਰੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ | ਸੂਬੇ ‘ਚ ਟੈਕਸ ਚੋਰੀ ਨੂੰ ਰੋਕਣ ਲਈ ਮੁਹਿੰਮ ਹੋਰ ਤੇਜ਼ ਕੀਤੀ ਜਾ ਰਹੀ ਹੈ |
ਪ੍ਰੈਸ ਵਾਰਤਾ ਦੌਰਾਨ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਅੰਮ੍ਰਿਤਸਰ ਦੀ ਇੱਕ ਫਰਮ ਤੋਂ 336 ਕਰੋੜ ਰੁਪਏ ਦੇ ਜਾਅਲੀ ਸੋਨੇ ਦੇ ਬਿੱਲ ਜ਼ਬਤ ਕੀਤੇ ਗਏ ਹਨ। ਉਨ੍ਹਾਂ ਨੇ ਸੋਨਾ ਕਿੱਥੋਂ ਖਰੀਦਿਆ ਅਤੇ ਕਿੱਥੋਂ ਵੇਚਿਆ ਇਸ ਬਾਰੇ ਉਨ੍ਹਾਂ ਕੋਲ ਕੋਈ ਜਾਣਕਾਰੀ ਨਹੀਂ ਸੀ। ਇਸ ‘ਤੇ 20 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ | ਉਨ੍ਹਾਂ ਦੱਸਿਆ ਦੂਜੀ ਕੰਪਨੀ ਲੁਧਿਆਣਾ ਅੰਦਰ ਸੀ, ਜਿਸ ਤੋਂ 424 ਕਰੋੜ ਰੁਪਏ ਦੇ ਜਾਅਲੀ ਬਿੱਲ ਮਿਲੇ ਹਨ | ਇਸ ਕੰਪਨੀ ਤੋਂ 25 ਕਰੋੜ ਰੁਪਏ ਦਾ ਟੈਕਸ (Tax) ਵਸੂਲਿਆ ਜਾਵੇਗਾ ।
ਉਨ੍ਹਾਂ ਨੇ ਦੱਸਿਆ ਪੰਜਾਬ ਦੇ ਆਬਕਾਰੀ ਤੇ ਕਰ ਵਿਭਾਗ ਨੇ 303 ਅਜਿਹੀਆਂ ਫਰਮਾਂ ਜਾਂ ਕੰਪਨੀਆਂ ਦਾ ਪਰਦਾਫਾਸ਼ ਕੀਤਾ ਹੈ, ਜੋ ਕਿ ਲੋਹੇ ਦੀ ਖਰੀਦ-ਵੇਚ ਨਾਲ ਸੰਬੰਧਿਤ ਬੋਗਸ ਬਿੱਲ ਦਿਖਾ ਕੇ 4044 ਕਰੋੜ ਰੁਪਏ ਦੇ ਫਰਜ਼ੀ ਆਈ.ਟੀ.ਸੀ. ਰਿਟਰਨ ਭਰ ਰਹੀਆਂ ਸਨ। ਇਨ੍ਹਾਂ ਫਰਮਾਂ ‘ਚੋਂ 206 ਕੇਂਦਰ ਕੋਲ ਰਜਿਸਟਰਾਰ ਸਨ। ਜਦਕਿ 11 ਪੰਜਾਬ ਅਤੇ 86 ਹੋਰ ਸੂਬਿਆਂ ਨਾਲ ਸਬੰਧਤ ਸਨ।
ਇਹ ਕੰਪਨੀਆਂ ਲੁਧਿਆਣਾ, ਮੰਡੀ ਗੋਬਿੰਦਗੜ੍ਹ ਸਮੇਤ ਕਈ ਇਲਾਕਿਆਂ ਤੋਂ ਚੱਲ ਰਹੀਆਂ ਸਨ। ਇਹ ਫਰਮ ਕੁਝ ਸਮਾਂ ਪਹਿਲਾਂ ਰਜਿਸਟਰਡ ਹੋਈ ਸੀ। ਉਨ੍ਹਾਂ ਦੱਸਿਆ ਕਿ ਪੰਜਾਬ ਦੀਆਂ ਸਾਰੀਆਂ ਫਰਮਾਂ ਦੀ ਰਜਿਸਟ੍ਰੇਸ਼ਨ ਰੱਦ ਕਰ ਦਿੱਤੀ ਗਈ ਹੈ। 11 ਜਣਿਆਂ ਖ਼ਿਲਾਫ਼ ਮਾਮਲਾ ਵੀ ਦਰਜ ਕੀਤਾ ਗਿਆ ਹੈ। ਜਦੋਂਕਿ ਕੇਂਦਰ ਨੇ ਵੀ ਕਾਰਵਾਈ ਕਰਨੀ ਹੈ।