ਭੁਲੱਥ, 27 ਜੁਲਾਈ 2023: ਹਲਕਾ ਭੁਲੱਥ (Bholath) ਤੋਂ ਭਾਜਪਾ ਆਗੂ ਅਮਨਦੀਪ ਸਿੰਘ ਗੋਰਾ ਗਿੱਲ ਦੀ ਰਿਹਾਇਸ਼ ਜੋ ਕਿ ਮੇਨ ਸੜਕ ਭੁਲੱਥ-ਕਰਤਾਰਪੁਰ ਤੇ ਪਿੰਡ ਪੰਡੋਰੀ ਅਰਾਈਆਂ ਵਿਖੇ ਬਣੀ ਹੋਈ ਹੈ ਉਸ ‘ਤੇ ਪ੍ਰਸ਼ਾਸ਼ਨ ਵੱਲੋਂ ਪੀਲਾ ਪੰਜਾਂ ਚੱਲਾ ਦਿੱਤਾ ਗਿਆ ਹੈ, ਦੇਖਦੇ ਹੀ ਦੇਖਦੇ ਪਲ੍ਹਾਂ ਵਿੱਚ ਸਾਰੀ ਰਿਹਾਇਸ਼ ਖੰਡਰ ਦੇ ਰੂਪ ਵਿੱਚ ਤਬਦੀਲ ਕਰ ਦਿੱਤੀ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਭਾਜਪਾ ਆਗੂ ਵੱਲੋਂ ਆਪਣੀ ਇਹ ਰਿਹਾਇਸ਼ ਪੀ.ਡਬਲਯੂ.ਡੀ ਵਿਭਾਗ ਨਾਲ ਸਬੰਧਤ ਜਗ੍ਹਾ ‘ਤੇ ਬਣਾਈ ਹੋਈ ਸੀ ਅਤੇ ਮਾਣਯੋਗ ਹਾਈਕੋਰਟ ਵੱਲੋਂ ਇਸ ਰਿਹਾਇਸ਼ ਨੂੰ ਢਾਉਣ ਦੇ ਹੁਕਮ ਜਾਰੀ ਕੀਤੇ ਗਏ ਸਨ। ਹਾਈਕੋਰਟ ਦੇ ਹੁਕਮਾਂ ਤਹਿਤ ਅੱਜ ਏ.ਡੀ.ਸੀ. (ਜਨਰਲ) ਕਪੂਰਥਲਾ ਅਮਰਪ੍ਰੀਤ ਕੌਰ ਦੀ ਅਗਵਾਈ ਹੇਠ ਆਈ ਟੀਮ ਵੱਲੋਂ ਜੇ.ਸੀ.ਬੀ. ਮਸ਼ੀਨਾਂ ਰਾਹੀ ਭਾਜਪਾ ਆਗੂ ਦੇ ਗਿੱਲ ਫਾਰਮ ‘ਤੇ ਬਣਾਈ ਇਸ ਰਿਹਾਇਸ਼ ਨੂੰ ਢਾਹ ਦਿੱਤਾ ਗਿਆ । ਇਸ ਮੌਕੇ ਭਾਜਪਾ ਆਗੂ ਗੋਰਾ ਗਿੱਲ ਨੇ ਆਪਣੇ ਸਾਥੀਆਂ ਸਮੇਤ ਇਸਦਾ ਵਿਰੋਧ ਕੀਤਾ ਪਰ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੇ ਕਿਹਾ ਕਿ ਇਹ ਕਾਰਵਾਈ ਹਾਈਕੋਰਟ ਦੇ ਹੁਕਮਾਂ ਨੂੰ ਮੁੱਖ ਰੱਖਕੇ ਕੀਤੀ ਜਾ ਰਹੀ ਹੈ।
ਜਿਕਰਯੋਗ ਹੈ ਕਿ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਭਾਜਪਾ ਆਗੂ ਗੋਰਾ ਗਿੱਲ ਵੱਲੋਂ ਪਿੰਡ ਪੰਡੋਰੀ ਅਰਾਈਆ ਵਿਖੇ ਬਣਾਈ ਗਈ ਅਣ-ਅਧਿਕਾਰਤ ਰਿਹਾਇਸ਼ ਸੰਬੰਧੀ ਪਟੀਸ਼ਨ ਦਾਇਰ ਕੀਤੀ ਸੀ, ਜਿਸਤੇ ਪੰਜਾਬ ਐਂਡ ਹਰਿਆਣ ਹਾਈਕੋਰਟ ਨੇ ਫੈਸਲਾ ਕਰਦਿਆਂ ਇਸ ਰਿਹਾਇਸ਼ ਨੂੰ ਢਾਉਣ ਦੇ ਹੁਕਮ ਦਿੱਤੇ ਹਨ। ਅਦਾਲਤ ਦੇ ਹੁਕਮਾਂ ਨੂੰ ਲਾਗੂ ਕਰਵਾਉਣ ਲਈ ਮੌਕੇ ‘ਤੇ ਪਹੁੰਚੇ ਐਸ.ਡੀ.ਐਮ. ਭੁਲੱਥ (Bholath) ਸੰਜੀਵ ਸ਼ਰਮਾਂ, ਨੇਕ ਚੰਦ ਐਕਸੀਅਨ ਪੀ.ਡਬਲਯੂ.ਡੀ. ਕਪੂਰਥਲਾ, ਥਾਣਾ ਮੁਖੀ ਭੁਲੱਥ ਗੋਰਵ ਧੀਰ ਦੀ ਅਗਵਾਈ ਹੇਠ ਇਹ ਕਾਰਵਾਈ ਕੀਤੀ ਹੈ |