ਚੰਡੀਗੜ੍ਹ ,20ਅਗਸਤ: ਅੰਮ੍ਰਿਤਸਰ ‘ਚ ਬੀਤੇ ਦਿਨੀਂ ਟਿਫਨ ਵਿਚੋਂ ਬੰਬ ਬਰਾਮਦ ਹੋਇਆ ਸੀ ਤੇ ਪੁਲੀਸ ਦੇ ਵੱਲੋਂ ਉਕਤ ਟਿਫਨ ਬੰਬ ਮਾਮਲੇ ਵਿੱਚ ਅਸਲ ਮਾਸਟਰ ਮਾਈਂਡ ਨੂੰ ਗ੍ਰਿਫ਼ਤਾਰ ਕਰਨ ਦੇ ਲਈ ਕਾਰਵਾਈ ਜਾਰੀ ਸੀ।
ਮਾਮਲੇ ਦੀ ਜਾਂਚ ‘ਚ ਪੰਜਾਬ ਪੁਲੀਸ ਦੇ ਸਹਿਯੋਗ ਦੇ ਨਾਲ ਐੱਨਆਈਏ ਵਲੋਂ ਵੱਡੀ ਕਾਰਵਾਈ ਜਾਰੀ ਹੈ। ਜਰਨੈਲ ਸਿੰਘ ਭਿੰਡਰਾਂਵਾਲੇ ਦੇ ਪਰਿਵਾਰ ਨਾਲ ਸੰਬੰਧ ਰੱਖਣ ਵਾਲੇ ਸਾਬਕਾ ਜਥੇਦਾਰ ਜਸਬੀਰ ਸਿੰਘ ਰੋਡੇ ਦੇ ਘਰ ਉਤੇ ਐਨਆਈਏ ਵੱਲੋਂ ਅੱਜ ਰੇਡ ਕੀਤੀ ਗਈ।
ਸੂਤਰਾਂ ਦੇ ਹਵਾਲੇ ਤੋਂ ਦੱਸਿਆ ਜਾ ਰਿਹਾ ਹੈ ਕਿ ਸਾਬਕਾ ਜਥੇਦਾਰ ਦੇ ਮੁੰਡੇ ਨੂੰ ਜਲੰਧਰ ਵਿਚੋਂ ਪੁਲਸ ਵਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਸੂਤਰ ਇਹ ਵੀ ਦੱਸਦੇ ਹਨ ਕਿ ਜਲੰਧਰ ਵਿਚਲੇ ਰੋਡੇ ਦੇ ਘਰ ਵਿਚੋਂ ਵਿਸਫੋਟਕ ਸਮੱਗਰੀ ਵੀ ਬਰਾਮਦ ਹੋਈ ਹੈ। ਜਿਸ ਦੇ ਬਾਰੇ ਵਿਚ ਹੁਣ ਪੁਲਸ ਅਤੇ ਹੋਰ ਟੀਮਾਂ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਮਿਲੀ ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਅੰਮ੍ਰਿਤਸਰ ਵਿੱਚ ਟਿਫਨ ਬੰਬ ਬਰਾਮਦ ਹੋਏ ਸਨ, ਜਿਸ ਦੀਆਂ ਤਾਰਾਂ ਹੁਣ ਭਿੰਡਰਾਂਵਾਲੇ ਦੇ ਗਰੁੱਪ ਨਾਲ ਜੁਡ਼ੀਆਂ ਹੋਈਆਂ ਨਜ਼ਰੀਂ ਆ ਰਹੀਆਂ ਹਨ। ਉੱਧਰ ਦੂਜੇ ਪਾਸੇ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਜਿਹੜਾ ਵੀ ਪੰਜਾਬ ਦੇ ਵਿੱਚ ਗੜਬੜੀ ਕਰਨ ਦੀ ਕੋਸ਼ਿਸ਼ ਕਰੇਗਾ, ਉਸ ਨੂੰ ਮਾਫ਼ ਨਹੀਂ ਕੀਤਾ ਜਾਵੇਗਾ।