July 7, 2024 7:06 pm
ਸ਼ਹੀਦੀ ਦਿਹਾੜਾ

ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਬਠਿੰਡਾ ਜ਼ਿਲ੍ਹੇ ‘ਚ ਮਨਾਇਆ ਸ਼ਹੀਦੀ ਦਿਹਾੜਾ

ਬਠਿੰਡਾ, 23 ਮਾਰਚ 2023: ਅੱਜ 23 ਮਾਰਚ ਦੇ ਸ਼ਹੀਦਾਂ ਦੇ ਦਿਹਾੜੇ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਕਮੇਟੀ ਦੇ ਸੱਦੇ ਤਹਿਤ ਬਠਿੰਡਾ ਜਿਲ੍ਹੇ ਵਿੱਚ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਚਾਰ ਥਾਵਾਂ ਭੂਤਾਂ ਵਾਲਾ ਖੂਹ ਭਗਤਾ ਵਿਖੇ, ਬਿਜਲੀ ਦਫ਼ਤਰ ਰਾਮਪੁਰਾ ਵਿਖੇ ,ਧੰਨਾ ਜੱਟ ਧਰਮਸ਼ਾਲਾ ਤਲਵੰਡੀ ਸਾਬੋ ਅਤੇ ਕਮਿਊਨਟੀ ਸੈਂਟਰ ਘੁੱਦਾ ਵਿਖੇ ਮਨਾਇਆ । ਸਮਾਗਮਾਂ ਦੀ ਸ਼ੁਰੂਆਤ ਦੋ ਮਿੰਟ ਦਾ ਮੋਨ ਧਾਰਨ ਤੋਂ ਬਾਅਦ ਸ਼ਹੀਦਾਂ ਨੂੰ ਸਮਰਪਿਤ ਨਾਅਰੇ ਨਾਲ ਕੀਤੀ ਗਈ ਅਤੇ ਸਾਮਰਾਜਵਾਦ ਖਿਲਾਫ਼ ਸੰਘਰਸ਼ ਜਾਰੀ ਰੱਖਣ ਦਾ ਅਹਿਦ ਕੀਤਾ ਗਿਆ।

ਅੱਜ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ , ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ,ਜਿਲਾ ਆਗੂ ਦਰਸ਼ਨ ਸਿੰਘ ਮਾਈਸਰਖਾਨਾ, ਬਸੰਤ ਸਿੰਘ ਕੋਠਾ ਗੁਰੂ, ਜਗਦੇਵ ਸਿੰਘ ਜੋਗੇਵਾਲਾ, ਔਰਤ ਜਥੇਬੰਦੀ ਦੇ ਆਗੂ ਹਰਿੰਦਰ ਬਿੰਦੂ,ਮਾਲਣ ਕੌਰ ਅਤੇ ਪਰਮਜੀਤ ਕੌਰ ਪਿੱਥੋ ਨੇ ਭਗਤ ਸਿੰਘ ਦੇ ਵਿਚਾਰਾਂ ਦੇ ਹਵਾਲੇ ਨਾਲ ਕਿਹਾ ਕਿ ਅੰਗਰੇਜ ਬਸਤੀਵਾਦ ਵੇਲੇ ਤੋਂ ਹੀ ਦੇਸ਼ ਅੰਦਰ ਫਿਰਕਾਪ੍ਰਸਤੀ ਦਾ ਪਸਾਰਾ ਕੀਤਾ ਗਿਆ ਸੀ। ਜਿਹੜਾ ਅੰਗਰੇਜ਼ਾਂ ਦੇ ਵਾਰਸ ਦੇਸੀ ਹਾਕਮਾਂ ਵੱਲੋਂ ਵੀ ਪਾੜੋ ਤੇ ਰਾਜ ਕਰੋ ਦੀ ਨੀਤੀ ਹੇਠ ਓਵੇਂ ਜਿਵੇਂ ਜਾਰੀ ਹੈ। ਅੱਜ ਕੱਲ ਪੰਜਾਬ ਇਨ੍ਹਾਂ ਫਿਰਕੂ ਸਿਆਸੀ ਚਾਲਾਂ ਨੂੰ ਹੀ ਹੰਢਾ ਰਿਹਾ ਹੈ।

ਸਮਾਗਮ ਦੌਰਾਨ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਮੰਗ ਕੀਤੀ ਕਿ ਪੰਜਾਬ ਵਿਚੋਂ ਸੁਰੱਖਿਆ ਬਲਾਂ ਨੂੰ ਫੌਰੀ ਵਾਪਸ ਸੱਦਿਆ ਜਾਵੇ, ਕੌਮੀ ਸੁਰੱਖਿਆ ਏਜੰਸੀ ਨੂੰ ਪੰਜਾਬ ਤੋਂ ਦੂਰ ਰੱਖਿਆ ਜਾਵੇ , ਕੌਮੀ ਸੁਰੱਖਿਆ ਕਾਨੂੰਨ ਵਰਤਣਾ ਬੰਦ ਕੀਤਾ ਜਾਵੇ ਤੇ ਇਸ ਨੂੰ ਰੱਦ ਕੀਤਾ ਜਾਵੇ ਅਤੇ ਪੰਜਾਬ ਵਿਚ ਦਹਿਸ਼ਤ ਪਾਉਣ ਦੇ ਕਦਮ ਫੌਰੀ ਰੋਕੇ ਜਾਣ। ਮੁੱਠੀ ਭਰ ਫਿਰਕੂ ਅਨਸਰਾਂ ਨੂੰ ਨਜਿੱਠਣ ਦੇ ਨਾਂ ਹੇਠ ਨੌਜਵਾਨਾਂ ਦੀਆਂ ਥੋਕ ਗ੍ਰਿਫਤਾਰੀਆਂ ਦਾ ਸਿਲਸਿਲਾ ਬੰਦ ਕੀਤਾ ਜਾਵੇ ਤੇ ਫਿਰਕੂ ਅਨਸਰਾਂ ਤੋਂ ਬਿਨਾਂ ਬਾਕੀ ਦੇ ਬੇਕਸੂਰ ਆਮ ਨੌਜਵਾਨਾਂ ਨੂੰ ਰਿਹਾਅ ਕੀਤਾ ਜਾਵੇ।

ਉਹਨਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਆਪਸੀ ਭਾਈਚਾਰਕ ਸਾਂਝ ਤੇ ਏਕਤਾ ਕਾਇਮ ਰੱਖਣ ਅਤੇ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ਾਂ ਨੂੰ ਮੱਧਮ ਨਾ ਪੈਣ ਦੇਣ। ਅਸਲ ਲੋਕ ਮੁੱਦਿਆਂ ਨੂੰ ਭਟਕਾਊ ਮੁੱਦਿਆਂ ਹੇਠ ਰੁਲਣ ਨਾ ਦੇਣ ਅਤੇ ਆਪਣੇ ਸੰਘਰਸ਼ਾਂ ਦੀ ਸਾਮਰਾਜ ਵਿਰੋਧੀ ਧਾਰ ਨੂੰ ਹੋਰ ਤਿੱਖੀ ਕਰਨ।

ਨੌਜਵਾਨ ਭਾਰਤ ਸਭਾ ਦੇ ਸੂਬਾ ਕਮੇਟੀ ਮੈਂਬਰ ਸਰਬਜੀਤ ਮੌੜ , ਅਸ਼ਵਨੀ ਘੁਦਾ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਅਮਿਤੋਜ ਮੌੜ ਨੇ ਕਿਹਾ ਕਿ ਪਹਿਲੀਆਂ ਸਰਕਾਰਾਂ ਦੀ ਤਰ੍ਹਾਂ ਨਵੇਂ ਬਦਲਾਵ ਤਹਿਤ ਆਈ ਮਾਨ ਸਰਕਾਰ ਵੀ ਲੋਕਾਂ ਤੋਂ ਸਸਤੀ ਸਿੱਖਿਆ ਖੋਹਣ ਦੇ ਰਾਹ ਤੁਰੀ ਹੋਈ ਹੈ ਜਿਸ ਦੇ ਕਦਮਾਂ ਤੇ ਚਲਦਿਆਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਸਰਕਾਰ ਦੇ ਪਹਿਲੇ ਬਜਟ ਵਿੱਚ ਹੀ ਗਰਾਂਟ ਦੇਣ ਦਾ ਕੋਟਾ ਪਹਿਲਾਂ ਨਾਲੋਂ ਘਟਾ ਦਿੱਤਾ ਹੈ ਤਾਂ ਕਿ ਗਰੀਬ ਕਿਸਾਨਾਂ-ਮਜਦੂਰਾਂ ਦੇ ਬੱਚੇ ਮਹਿੰਗੀਆਂ ਪੜ੍ਹਾਈਆਂ ਪੜ੍ਹ ਨਾ ਸਕਣ ਅਤੇ ਅੱਗੇ ਜਾਕੇ ਪੱਕੇ ਰੋਜ਼ਗਾਰ ਦੀ ਮੰਗ ਨਾ ਕਰਨ ।

ਲੋਕਪੱਖੀ ਕਲਾਕਾਰ ਪ੍ਰੀਤ ਢੱਡੇ ਦੇ ਢਾਡੀ ਕਵੀਸ਼ਰੀ ਜੱਥੇ ਵੱਲੋ ਕਵੀਸ਼ਰੀ ਰਾਹੀਂ ਭਗਤ ਸਿੰਘ ਦਾ ਇਤਿਹਾਸ ਸੁਣਾਇਆ ਗਿਆ ਅਤੇ ਚੰਡੀਗੜ੍ਹ ਸਕੂਲ ਆਫ਼ ਡਰਾਮਾ ਰੰਗ ਮੰਚ ਵੱਲੋਂ ਇਕੱਤਰ ਸਿੰਘ ਦੀ ਨਿਰਦੇਸ਼ਨਾ ਹੇਠ “ਛਿਪਣ ਤੋਂ ਪਹਿਲਾਂ ” ਨਾਟਕ ਖੇਡਿਆ ਗਿਆ। ਅੱਜ ਦੇ ਸਮਾਗਮਾਂ ਨੂੰ ਬਲਾਕਾਂ ਦੇ ਆਗੂਆਂ ਤੋਂ ਇਲਾਵਾ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲਾ ਆਗੂ ਤੀਰਥ ਸਿੰਘ ਕੋਠਾ ਗੁਰੂ ਨੇ ਵੀ ਸੰਬੋਧਨ ਕੀਤਾ।