ਬਰਨਾਲਾ 13 ਮਾਰਚ, 2023: ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ 15 ਮਾਰਚ ਨੂੰ ਹੋ ਰਹੇ ਜੀ-20 ਸੰਮੇਲਨ ਵਿਰੁੱਧ ਅੰਮ੍ਰਿਤਸਰ ‘ਚ ਰੋਸ ਪ੍ਰਦਰਸ਼ਨ ਕਰਨ ਦੀ ਤਿਆਰੀ ਲਈ ਅੱਜ ਇੱਥੇ ਦਾਣਾ ਮੰਡੀ ਵਿਖੇ ਵਧਵੀਂ ਸੂਬਾਈ ਮੀਟਿੰਗ ਕੀਤੀ ਗਈ। ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਤੁਰਤ ਇੱਕ ਦਿਨ ਦੇ ਨੋਟਿਸ’ਤੇ ਸੱਦੀ ਗਈ ਇਸ ਮੀਟਿੰਗ ਵਿੱਚ ਪੰਜਾਬ ਦੇ 19 ਜ਼ਿਲ੍ਹਿਆਂ ਤੋਂ ਸੈਂਕੜੇ ਔਰਤਾਂ ਸਮੇਤ ਹਜ਼ਾਰਾਂ ਦੀ ਗਿਣਤੀ ਵਿੱਚ ਆਗੂ ਕਮੇਟੀਆਂ ਦੇ ਮੈਂਬਰ ਸ਼ਾਮਲ ਹੋਏ।
ਮੀਟਿੰਗ ਤੋਂ ਬਾਅਦ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਸਟੇਜ ਤੋਂ ਉਭਾਰੇ ਨੁਕਤਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਦੇਸ਼ ਅੰਦਰ ਜੀ-20 ਦੀਆਂ 12 ਮੀਟਿੰਗਾਂ ਹੋ ਰਹੀਆਂ ਹਨ ਤੇ ਇਹਨਾਂ ਦੇ ਏਜੰਡਿਆਂ ‘ਚੋਂ ਸਿੱਖਿਆ ਅਤੇ ਲੇਬਰ ਮੁੱਦਿਆਂ ਤੇ ਹੋਣ ਵਾਲੀਆਂ ਮੀਟਿੰਗਾਂ ਅੰਮ੍ਰਿਤਸਰ ਵਿੱਚ ਕਰਵਾਈਆਂ ਜਾਣੀਆਂ ਹਨ।
ਉਹਨਾਂ ਦੋਸ਼ ਲਾਇਆ ਕਿ ਦੁਨੀਆਂ ਦੇ ਵੱਡੇ ਸਾਮਰਾਜੀ ਮੁਲਕਾਂ ਦੀ ਸ਼ਮੂਲੀਅਤ ਤੇ ਮੋਹਰੀ ਭੂਮਿਕਾ ਵਾਲਾ ਇਹ 20 ਦੇਸ਼ਾਂ ਦਾ ਗਰੁੱਪ ਸਾਮਰਾਜੀ ਮੁਲਕਾਂ ਦੇ ਲੁਟੇਰੇ ਮੰਤਵਾਂ ਨੂੰ ਅੱਗੇ ਵਧਾਉਣ ਲਈ ਬਣਾਇਆ ਗਿਆ ਹੈ। ਇਸ ਮੰਚ ਰਾਹੀਂ ਸੰਸਾਰ ਸਾਮਰਾਜੀ ਸੰਸਥਾਵਾਂ ਜਿਵੇਂ ਸੰਸਾਰ ਵਪਾਰ ਸੰਸਥਾ, ਕੌਮਾਂਤਰੀ ਮੁਦਰਾ ਕੋਸ਼ ਤੇ ਸੰਸਾਰ ਬੈਂਕ ਆਦਿ ਦੇ ਲੁਟੇਰੇ ਏਜੰਡਿਆਂ ਨੂੰ ਪਛੜੇ ਮੁਲਕਾਂ ‘ਤੇ ਮੜ੍ਹਿਆ ਜਾਂਦਾ ਹੈ। ਭਾਰਤ ਵਰਗੇ ਮੁਲਕਾਂ ਦੀ ਖੇਤੀ, ਸਨਅਤ ਤੇ ਵਪਾਰ ‘ਚ ਸਾਮਰਾਜੀ ਕੰਪਨੀਆਂ ਤੇ ਮੁਲਕਾਂ ਦੀ ਪੁੱਗਤ ਨੂੰ ਹੋਰ ਵਧੇਰੇ ਮਜ਼ਬੂਤ ਕਰਨ ਦੀਆਂ ਸੰਧੀਆਂ ਕੀਤੀਆਂ ਜਾਂਦੀਆਂ ਹਨ।
ਦੇਸ਼ ਦੇ ਕੁਦਰਤੀ ਸੋਮਿਆਂ ਤੇ ਕਿਰਤ ਸ਼ਕਤੀ ਨੂੰ ਸਾਮਰਾਜੀਆਂ ਵੱਲੋਂ ਲੁੱਟਣ ਦੀਆਂ ਵਿਉਤਾਂ ਇਹਨਾਂ ਮੰਚਾਂ ਰਾਹੀਂ ਘੜੀਆਂ ਤੇ ਲਾਗੂ ਕੀਤੀਆਂ ਜਾਂਦੀਆਂ ਹਨ। ਇਹ ਦੇਸ਼ ਨੂੰ ਸਾਮਰਾਜੀਆਂ ਕੋਲ ਗਹਿਣੇ ਧਰਨ ਦਾ ਪਲੇਟਫਾਰਮ ਹੈ। ਉਨ੍ਹਾਂ ਕਿਹਾ ਕਿ ਅਜਿਹੇ ਦੇਸ਼ ਵਿਰੋਧੀ ਪਲੇਟਫਾਰਮਾਂ ਦਾ ਵਿਰੋਧ ਕਰਨਾ ਸਮੂਹ ਦੇਸ਼ ਭਗਤ ਅਤੇ ਸਾਮਰਾਜ ਵਿਰੋਧੀ ਤਾਕਤਾਂ ਦਾ ਜਮਹੂਰੀ ਹੱਕ ਅਤੇ ਫਰਜ਼ ਬਣਦਾ ਹੈ।
ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਦੀ ਤਬਾਹ ਹੋ ਰਹੀ ਸਨਅਤ ਤੇ ਸੰਕਟਾਂ ‘ਚ ਘਿਰੀ ਖੇਤੀ ਅਜਿਹੇ ਸਾਮਰਾਜੀ ਮੰਚਾਂ ਰਾਹੀਂ ਹੋਈਆਂ ਸੰਧੀਆਂ ਤਹਿਤ ਲਾਗੂ ਕੀਤੀਆਂ ਗਈਆਂ ਨਵੀਆਂ ਆਰਥਿਕ ਤੇ ਸਨਅਤੀ ਨੀਤੀਆਂ ਦਾ ਹੀ ਕਹਿਰ ਹੰਢਾ ਰਹੀਆਂ ਹਨ। ਫ਼ਸਲਾਂ ਲੁੱਟਣ ਤੇ ਜ਼ਮੀਨਾਂ ਹੜੱਪਣ ਦੀ ਨੀਅਤ ਨਾਲ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਕਾਲੇ ਖੇਤੀ ਕਾਨੂੰਨ ਸੰਸਾਰ ਵਪਾਰ ਸੰਸਥਾਵਾਂ ਦੀਆਂ ਹਦਾਇਤਾਂ ‘ਤੇ ਅਜਿਹੇ ਮੰਚਾਂ ਰਾਹੀਂ ਹੀ ਆਏ ਸਨ।
ਸਰਕਾਰੀ ਮੰਡੀਆਂ ਦਾ ਭੋਗ ਪਾਉਣ, ਬਿਜਲੀ ਬੋਰਡ ਦਾ ਨਿੱਜੀਕਰਨ, ਵਿਦੇਸ਼ੀ ਕਣਕ ਮੰਗਵਾਉਣ, ਪ੍ਰਾਈਵੇਟ ਯੂਨੀਵਰਸਿਟੀਆਂ ਖੋਲ੍ਹਣ ਤੇ ਸਰਕਾਰੀ ਸਿੱਖਿਆ ਨੂੰ ਉਜਾੜਨ , ਨਵੀਂ ਸਿੱਖਿਆ ਨੀਤੀ ਲਿਆਉਣ, ਪਾਣੀਆਂ ਉੱਤੇ ਸਾਮਰਾਜੀ ਕੰਪਨੀਆਂ ਦਾ ਕੰਟਰੋਲ ਕਰਾਉਣ ਵਰਗੇ ਕਦਮ ਇਹਨਾਂ ਗਰੁੱਪਾਂ ‘ਚ ਹੀ ਵਿਉਂਤੇ ਜਾਂਦੇ ਹਨ ਤੇ ਫਿਰ ਸਾਡੇ ‘ਤੇ ਮੜ੍ਹੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਬੀਤੇ ਵਰ੍ਹਿਆਂ ਦੌਰਾਨ ਵੱਖ ਵੱਖ ਦੇਸ਼ਾਂ ਵਿੱਚ ਹੋਈਆਂ ਅਜਿਹੀਆਂ ਸਾਮਰਾਜੀ ਸੰਸਥਾਵਾਂ ਦੀਆਂ ਮੀਟਿੰਗਾਂ ਮੌਕੇ ਉੱਥੋਂ ਦੇ ਜਾਗ੍ਰਤ ਤੇ ਜਥੇਬੰਦ ਲੋਕਾਂ ਵੱਲੋਂ ਬਹੁਤ ਵਿਸ਼ਾਲ ਅਤੇ ਤਿੱਖੇ ਵਿਰੋਧ ਪ੍ਰਦਰਸ਼ਨ ਕੀਤੇ ਜਾਂਦੇ ਰਹੇ ਹਨ।
ਕੋਕਰੀ ਕਲਾਂ ਨੇ ਕਿਹਾ ਕਿ ਪੰਜਾਬ ਦੀ ਸਰਕਾਰ ਵੱਲੋਂ ਇੱਕ ਪਾਸੇ ਖੇਤੀ ਨੂੰ ਸੰਕਟ ‘ਚੋਂ ਕੱਢਣ ਦੀ ਨੀਤੀ ਲਿਆਉਣ ਦੇ ਐਲਾਨ ਕੀਤੇ ਜਾ ਰਹੇ ਹਨ ਤੇ ਦੂਜੇ ਪਾਸੇ ਖੇਤੀ ਨੂੰ ਸੰਕਟ ‘ਚ ਧੱਕਣ ਵਾਲੇ ਸਾਮਰਾਜੀ ਮੁਲਕਾਂ ਦੇ ਫੁਰਮਾਨਾਂ ਨੂੰ ਲਾਗੂ ਕਰਵਾਉਣ ਲਈ ਸੂਬੇ ‘ਚ ਇਹਨਾਂ ਲੁਟੇਰਿਆਂ ਦਾ ਸਵਾਗਤ ਕੀਤਾ ਜਾ ਰਿਹਾ ਹੈ। ਲੋਕਾਂ ਦੇ ਪੈਸਿਆਂ ਨਾਲ ਭਰੇ ਖ਼ਜ਼ਾਨੇ ਨੂੰ ਇਹਨਾਂ ਲੁਟੇਰਿਆਂ ਦੀ ਸੇਵਾ ਵਿੱਚ ਪਾਣੀ ਵਾਂਗ ਵਹਾਇਆ ਜਾ ਰਿਹਾ ਹੈ। ਪੰਜਾਬ ਨੂੰ ਲੁੱਟਣ ਦੀਆਂ ਵਿਉਤਾਂ ਘੜਨ ਲਈ ਹੋ ਰਹੀ ਇਸ ਮੀਟਿੰਗ ‘ਤੇ ਹੀ ਪੰਜਾਬ ਦੇ ਲੋਕਾਂ ਦੇ ਖਜ਼ਾਨੇ ‘ਚੋਂ ਲਗਭਗ 100 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ।
ਉਹਨਾਂ ਕਿਹਾ ਕਿ ਹਰੇ ਇਨਕਲਾਬ ਦੇ ਖੇਤੀ ਮਾਡਲ ਰਾਹੀਂ ਪੰਜਾਬ ਦੀ ਅੰਨ੍ਹੀ ਲੁੱਟ ਕਰਨ ਤੇ ਸਾਡੇ ਵਾਤਾਵਰਣ ‘ਚ ਜ਼ਹਿਰਾਂ ਘੋਲਣ ਵਾਲੀਆਂ ਬਾਯਰ ਵਰਗੀਆਂ ਕੰਪਨੀਆਂ ਦੇ ਸਰਪ੍ਰਸਤਾਂ ਦਾ ਸ਼ਾਹੀ ਸਵਾਗਤ ਕਰਨ ਦੀਆਂ ਤਿਆਰੀਆਂ ਰਾਹੀਂ ਪੰਜਾਬ ਸਰਕਾਰ ਨੇ ਦਰਸਾ ਦਿੱਤਾ ਹੈ ਕਿ ਉਹ ਉਸੇ ਮੋਦੀ ਮਾਰਕਾ ਕਾਰਪੋਰੇਟ ਪੱਖੀ ਖੇਤੀ ਨੀਤੀ ਨੂੰ ਜਾਰੀ ਰੱਖ ਰਹੀ ਹੈ। ਪੰਜਾਬ ਦੇ ਕਿਸਾਨਾਂ ਨੇ ਦੇਸ਼ ਦੇ ਕਿਸਾਨਾਂ ਦੇ ਮੂਹਰੇ ਲੱਗ ਕੇ ਦਿੱਲੀ ਦਾ ਇਤਿਹਾਸਕ ਕਿਸਾਨ ਸ਼ੰਘਰਸ ਲੜਿਆ ਤੇ ਜਿੱਤਿਆ ਸੀ। ਅੱਜ ਸਾਡੀ ਧਰਤੀ ‘ਤੇ ਆ ਕੇ ਸਾਡੀ ਖੇਤੀ ਤੇ ਸਨਅਤ ਹੜੱਪਣ ਦੀਆਂ ਵਿਉਤਾਂ ਬਿਨਾਂ ਕਿਸੇ ਵਿਰੋਧ ਤੋਂ ਬਣਾਉਣ ਦੀ ਇਜਾਜ਼ਤ ਸਾਮਰਾਜੀ ਕੰਪਨੀਆਂ ਨੂੰ ਕਿਵੇਂ ਦਿੱਤੀ ਜਾ ਸਕਦੀ ਹੈ।
ਸਮੂਹ ਬੁਲਾਰਿਆਂ ਨੇ ਇੱਕਸੁਰ ਹੋ ਕੇ ਕਿਹਾ ਕਿ ਜੱਥੇਬੰਦੀ ਵੱਲੋਂ ਸਾਮਰਾਜੀ ਕੰਪਨੀਆਂ ਨੂੰ ਪੰਜਾਬ ਅਤੇ ਪੂਰੇ ਦੇਸ਼ ਦੀਆਂ ਜ਼ਮੀਨਾਂ, ਫ਼ਸਲਾਂ, ਕਿਰਤੀਆਂ, ਪਾਣੀਆਂ ਤੇ ਸਨਅਤਾਂ ਤੋਂ ਹੱਥ ਪਰ੍ਹੇ ਰੱਖਣ ਦੀ ਸੁਣਵਾਈ ਲਈ ਅੰਮ੍ਰਿਤਸਰ ‘ਚ ਸ਼ਾਂਤਮਈ ਰੋਸ ਪ੍ਰਦਰਸ਼ਨ ਅਵੱਸ਼ ਕੀਤਾ ਜਾਵੇਗਾ ਜਿਸ ਵਿੱਚ ਹਜ਼ਾਰਾਂ ਕਿਸਾਨ ਮਜ਼ਦੂਰ ਪ੍ਰਵਾਰਾਂ ਸਮੇਤ ਸ਼ਾਮਲ ਹੋਣਗੇ। ਸ਼ਹੀਦ ਭਗਤ ਸਿੰਘ ਦਾ ਸਾਮਰਾਜਵਾਦ ਮੁਰਦਾਬਾਦ ਦਾ ਨਾਹਰਾ ਬੁਲੰਦ ਕੀਤਾ ਜਾਵੇਗਾ।
ਇਸ ਮੌਕੇ ਮੰਗ ਕੀਤੀ ਜਾਵੇਗੀ ਕਿ ਭਾਰਤ ਸੰਸਾਰ ਵਪਾਰ ਸੰਸਥਾ ਸਮੇਤ ਸਾਮਰਾਜੀਆਂ ਦੀਆਂ ਪੁੱਗਤ ਵਾਲੀਆਂ ਸੰਸਥਾਵਾਂ ‘ਚੋਂ ਬਾਹਰ ਆਵੇ ਤੇ ਇਹਨਾਂ ਨਾਲ ਕੀਤੀਆਂ ਸੰਧੀਆਂ ਰੱਦ ਕਰੇ। ਸਾਮਰਾਜੀ ਕੰਪਨੀਆਂ ਤੇ ਦੇਸੀ ਕਾਰਪੋਰੇਟਾਂ ਨੂੰ ਖੇਤੀ ਖੇਤਰ ‘ਚੋਂ ਬਾਹਰ ਰੱਖੇ ਤੇ ਇਹਨਾਂ ਦੇ ਹਿੱਤਾਂ ਲਈ ਘਰੇਲੂ ਸਨਅਤ ਦਾ ਉਜਾੜਾ ਬੰਦ ਕਰੇ। ਉਨ੍ਹਾਂ ਕਿਹਾ ਕਿ ਹਾਸਲ ਹੋਈ ਜਾਣਕਾਰੀ ਮੁਤਾਬਕ ਪੰਜਾਬ ਖੇਤ ਮਜ਼ਦੂਰ ਯੂਨੀਅਨ, ਪੰਜਾਬ ਸਟੂਡੈਂਟਸ ਯੂਨੀਅਨ ਸ਼ਹੀਦ ਰੰਧਾਵਾ ਅਤੇ ਨੌਜਵਾਨ ਭਾਰਤ ਸਭਾ ਵੱਲੋਂ ਇਸ ਰੋਸ ਪ੍ਰਦਰਸ਼ਨ ਦੀ ਹਮਾਇਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਆਸ ਕੀਤੀ ਜਾਂਦੀ ਹੈ ਕਿ ਹੋਰ ਦੇਸ਼ ਭਗਤ ਤੇ ਸਾਮਰਾਜ ਵਿਰੋਧੀ ਜਮਹੂਰੀ ਤਾਕਤਾਂ ਵੱਲੋਂ ਵੀ ਹਾਂ ਪੱਖੀ ਹੁੰਗਾਰਾ ਭਰਿਆ ਜਾਵੇਗਾ।
ਮੀਟਿੰਗ ਦੌਰਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੀ ਹੋਣਹਾਰ ਦਲਿਤ ਵਿਦਿਆਰਥਣ ਪੰਪੋਸ਼ ਵੱਲੋਂ ਉੱਚ ਜਾਤੀ ਸਮਾਜ ਵਿਰੋਧੀ ਅਨਸਰਾਂ ਦੇ ਵਹਿਸ਼ੀ ਵਤੀਰੇ ਕਾਰਨ ਕੀਤੀ ਗਈ ਖੁਦਕੁਸ਼ੀ ਨੂੰ ਸਮਾਜ ਦੇ ਮੱਥੇ ‘ਤੇ ਕਲੰਕ ਦੱਸਦਿਆਂ ਉਸਦੇ ਪ੍ਰਵਾਰ ਨਾਲ ਗਹਿਰੀ ਹਮਦਰਦੀ ਪੇਸ਼ ਕੀਤੀ ਗਈ ਅਤੇ ਦੋਸ਼ੀ ਅਨਸਰਾਂ ਦੀ ਤੁਰੰਤ ਸ਼ਨਾਖਤ ਕਰਕੇ ਮਿਸਾਲੀ ਸਜ਼ਾਵਾਂ ਦੇਣ ਦੀ ਮੰਗ ਕੀਤੀ ਗਈ। ਦੂਜੇ ਮਤੇ ਰਾਹੀਂ ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ ਵੱਲੋਂ ਇੱਕ ਔਰਤ ਕੋਚ ਨਾਲ਼ ਬੇਸ਼ਰਮੀ ਭਰੀ ਛੇੜਖਾਨੀ ਕਰਨ ਦੀ ਜ਼ੋਰਦਾਰ ਨਿੰਦਾ ਕਰਦਿਆਂ ਮੰਤਰੀ ਨੂੰ ਬਰਖਾਸਤ ਕਰਨ ਅਤੇ ਬਣਦਾ ਕੇਸ ਦਰਜ ਕਰਕੇ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਗਈ।