Site icon TheUnmute.com

ਬੇਰੁਜ਼ਗਾਰ ਲਾਇਨਮੈਨਾਂ ‘ਤੇ ਪੁਲਿਸ ਦੀ ਅੰਨ੍ਹੇਵਾਹ ਤਸ਼ੱਦਦ ਦਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਸਖ਼ਤ ਨਿਖੇਧੀ

Bharatiya Kisan Union

ਚੰਡੀਗੜ੍ਹ 24 ਅਗਸਤ 2022: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ (Bharatiya Kisan Union Ekta Ugraha) ਵੱਲੋਂ ਬੀਤੇ ਦਿਨ ਪਾਵਰਕੌਮ ਦਫ਼ਤਰ ਪਟਿਆਲਾ ਅੱਗੇ ਸ਼ਾਂਤਮਈ ਸੰਘਰਸ਼ ਕਰ ਰਹੇ ਬੇਰੁਜ਼ਗਾਰ ਲਾਇਨਮੈਨਾਂ ‘ਤੇ ਪੁਲਿਸ ਦੁਆਰਾ ਕੀਤੇ ਗਏ ਅੰਨ੍ਹੇਵਾਹ ਤਸ਼ੱਦਦ ਦਾ ਗੰਭੀਰ ਨੋਟਿਸ ਲੈਂਦਿਆਂ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਵੱਲੋਂ ਇਸ ਜਾਬਰ ਕਾਰਵਾਈ ਦੀ ਸਖ਼ਤ ਨਿਖੇਧੀ ਕੀਤੀ ਗਈ ਹੈ।

ਅੱਜ ਇੱਥੇ ਜਾਰੀ ਕੀਤੇ ਗਏ ਸਾਂਝੇ ਪ੍ਰੈੱਸ ਬਿਆਨ ਵਿੱਚ ਜੋਗਿੰਦਰ ਸਿੰਘ ਉਗਰਾਹਾਂ ਅਤੇ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਪੁਲਿਸ ਵੱਲੋਂ ਪ੍ਰਦਰਸ਼ਨਕਾਰੀਆਂ ਦਾ ਸਪੀਕਰ ਤੋੜਨ, ਟੈਂਟ ਪਾੜਨ, ਬੇਰੁਜ਼ਗਾਰ ਔਰਤਾਂ ‘ਤੇ ਮਰਦ ਪੁਲਿਸ ਮੁਲਾਜ਼ਮਾਂ ਵੱਲੋਂ ਲਾਠੀਆਂ ਵਰ੍ਹਾਉਣ ਤੋਂ ਇਲਾਵਾ ਮੀਡੀਆ ਕਰਮੀਆਂ ‘ਤੇ ਵੀ ਲਾਠੀਆਂ ਵਰ੍ਹਾਉਣ ਦੀ ਬਰਬਰਤਾ ਲਈ ਆਪਣੇ ਚੋਣ ਵਾਅਦਿਆਂ ਤੋਂ ਭੱਜ ਰਹੀ ਆਪ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਲਾਠੀਚਾਰਜ਼ ਨਾਲ ਬੁਰੀ ਤਰ੍ਹਾਂ ਜ਼ਖ਼ਮੀ ਕਈ ਨੌਜਵਾਨਾਂ ਨੂੰ ਹਸਪਤਾਲ ਭਰਤੀ ਕਰਵਾਉਣਾ ਪਿਆ ਅਤੇ ਕਈ ਨੌਜਵਾਨ ਲਾਈਨਮੈਨਾਂ ਨੂੰ ਪੁਲਿਸ ਚੱਕ ਕੇ ਜੁਲਕਾਂ ਥਾਣੇ ਅਤੇ ਪੁਲਿਸ ਲਾਈਨ ਪਟਿਆਲਾ ਵਿੱਚ ਲੈ ਗਈ।

ਉਨ੍ਹਾਂ ਕਿਹਾ ਕਿ ਬੇਸ਼ੱਕ ਉਗਰਾਹਾਂ ਜਥੇਬੰਦੀ ਦੇ ਤੁਰਤਪੈਰੇ ਦਖ਼ਲ ਮਗਰੋਂ ਉਨ੍ਹਾਂ ਨੂੰ ਛੱਡਣਾ ਪਿਆ। ਜਥੇਬੰਦੀ ਵੱਲੋਂ ਮੰਗ ਕੀਤੀ ਗਈ ਹੈ ਕਿ ਬੇਰੁਜ਼ਗਾਰੀ ਦੇ ਝੰਬੇ ਇਨ੍ਹਾਂ ਅੰਦੋਲਨਕਾਰੀ ਨੌਜਵਾਨਾਂ ਦੀ ਪੱਕੇ ਰੁਜ਼ਗਾਰ ਦੀ ਹੱਕੀ ਮੰਗ ਤੁਰੰਤ ਪੂਰੀ ਕੀਤੀ ਜਾਵੇ। ਲਾਠੀਚਾਰਜ ਕਰਨ/ਕਰਵਾਉਣ ਵਾਲੇ ਪੰਜਾਬ ਪੁਲਿਸ ਅਧਿਕਾਰੀਆਂ ‘ਤੇ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਜ਼ਖ਼ਮੀਆਂ ਦਾ ਪੂਰਾ ਇਲਾਜ ਮੁਫ਼ਤ ਕਰਵਾਇਆ ਜਾਵੇ।

ਕਿਸਾਨ ਆਗੂਆਂ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਗੇਟ ਅੱਗੇ ਪੱਕੇ ਰੁਜ਼ਗਾਰ ਦੀ ਹੱਕੀ ਮੰਗ ਨੂੰ ਲੈ ਕੇ ਹਫ਼ਤਿਆਂ ਬੱਧੀ ਧਰਨਾ ਮਾਰੀ ਬੈਠੇ ਬੇਰੁਜ਼ਗਾਰ ਸਿੱਖਿਅਤ ਖੇਤੀਬਾੜੀ ਮਾਹਿਰਾਂ ਦੇ ਅੰਦੋਲਨ ਨੂੰ ਪੰਜਾਬ ਸਰਕਾਰ ਵੱਲੋਂ ਨਜ਼ਰਅੰਦਾਜ਼ ਕਰਨ ਦੀ ਵੀ ਨਿਖੇਧੀ ਕੀਤੀ ਗਈ ਹੈ। ਉਨ੍ਹਾਂ ਇਸ ਹੱਕੀ ਅੰਦੋਲਨ ਦੀ ਜ਼ੋਰਦਾਰ ਹਮਾਇਤ ਕੀਤੀ ਗਈ ਹੈ ਅਤੇ ਪੰਜਾਬ ਸਰਕਾਰ ਵੱਲੋਂ ਆਪਣੇ ਚੋਣ ਵਾਅਦੇ ‘ਤੇ ਖਰਾ ਉੱਤਰਦਿਆਂ 1000 ਤੋਂ ਵੱਧ ਗਿਣਤੀ ਵਿੱਚ ਖਾਲੀ ਪਈਆਂ ਅਸਾਮੀਆਂ ਉੱਤੇ ਇਨ੍ਹਾਂ ਬੇਰੁਜ਼ਗਾਰਾਂ ਦੀ ਭਰਤੀ ਤੁਰੰਤ ਸ਼ੁਰੂ ਕਰਨ ਦੀ ਮੰਗ ਕੀਤੀ ਗਈ ਹੈ।

Exit mobile version