ਚੰਡੀਗੜ੍ਹ, 23 ਅਕਤੂਬਰ 2024: ਕੇਂਦਰ ਸਰਕਾਰ ਨੇ ‘ਭਾਰਤ’ ਬ੍ਰਾਂਡ (Bharat brand) ਦੇ ਦੂਜੇ ਪੜਾਅ ਦੀ ਸ਼ੁਰੂਆਤ ਕੀਤੀ ਹੈ। ਇਸ ਸੰਬੰਧੀ ਕੇਂਦਰੀ ਖੁਰਾਕ ਅਤੇ ਖਪਤਕਾਰ ਮਾਮਲਿਆਂ ਦੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਦੱਸਿਆ ਸਹਿਕਾਰੀ ਨੈਟਵਰਕ ਐੱਨ.ਸੀ.ਸੀ.ਐੱਫ, ਨੈਫੇਡ ਅਤੇ ਕੇਂਦਰੀ ਭੰਡਾਰ ਰਾਹੀਂ ਛੋਲਿਆਂ ਦੀ ਦਾਲ 89 ਰੁਪਏ ਪ੍ਰਤੀ ਕਿੱਲੋਗ੍ਰਾਮ ਅਤੇ ਮਸਰ ਦੀ ਦਾਲ 89 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਖੁਦਰਾ ਰੂਪ ‘ਚ ਵੇਚੇਗੀ |
ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਅਸੀਂ ਮੁੱਲ ਸਥਿਰਤਾ ਫੰਡ ਦੇ ਤਹਿਤ ਰੱਖੇ ਆਪਣੇ ਬਫਰ ਸਟਾਕ ਨੂੰ ਸਬਸਿਡੀ ਵਾਲੀਆਂ ਦਰਾਂ ‘ਤੇ ਵੇਚ ਰਹੇ ਹਾਂ। ਕੇਂਦਰ ਸਰਕਾਰ ਨੇ ਸਹਿਕਾਰੀ ਸਭਾਵਾਂ ਨੂੰ 3 ਲੱਖ ਟਨ ਛੋਲੇ ਅਤੇ 68,000 ਟਨ ਮੂੰਗੀ ਅਲਾਟ ਕੀਤੀ ਹੈ। ਇਸ ਮੌਕੇ ‘ਤੇ ਖੁਰਾਕ ਅਤੇ ਖਪਤਕਾਰ ਮਾਮਲਿਆਂ ਦੇ ਰਾਜ ਮੰਤਰੀ ਬੀਐੱਲ ਵਰਮਾ ਅਤੇ ਨਿਮੁਬੇਨ ਜਯੰਤੀਭਾਈ ਮੌਜੂਦ ਸਨ।
NCCF ਦੇ ਮੈਨੇਜਿੰਗ ਡਾਇਰੈਕਟਰ ਅਨੀਸ ਚੰਦਰ ਜੋਸੇਫ ਨੇ ਕਿਹਾ ਕਿ ਵੰਡ ਸ਼ੁਰੂ ‘ਚ ਦਿੱਲੀ, ਰਾਜਸਥਾਨ, ਗੁਜਰਾਤ ਅਤੇ ਮਹਾਰਾਸ਼ਟਰ ‘ਚ ਸ਼ੁਰੂ ਹੋਵੇਗੀ। ਇਸ ਯੋਜਨਾ ਦੇ ਤਹਿਤ 10 ਦਿਨਾਂ ਦੇ ਅੰਦਰ ਦੇਸ਼ ਭਰ ‘ਚ ਭਾਰਤ ਬ੍ਰਾਂਡ ਦੇ ਉਤਪਾਦਾਂ ਦੀ ਪ੍ਰਚੂਨ ਵਿਕਰੀ ਦੀ ਯੋਜਨਾ ਹੈ। ਉਨ੍ਹਾਂ ਕਿਹਾ ਕਿ ਅਸੀਂ ਪਹੁੰਚ ਨੂੰ ਵਧਾਉਣ ਲਈ ਈ-ਕਾਮਰਸ ਪਲੇਟਫਾਰਮਾਂ ਅਤੇ ਪ੍ਰਚੂਨ ਦੁਕਾਨਾਂ ਨਾਲ ਗੱਲਬਾਤ ਕਰ ਰਹੇ ਹਾਂ |
ਇਸ ਸਕੀਮ (Bharat brand) ਦਾ ਪਹਿਲਾ ਪੜਾਅ ਅਕਤੂਬਰ 2023 ‘ਚ ਸ਼ੁਰੂ ਕੀਤਾ ਗਿਆ ਸੀ। ਉਸ ਸਮੇਂ ਦੌਰਾਨ, ਚਾਵਲ ਅਤੇ ਕਣਕ ਦੇ ਆਟੇ ਦੇ ਨਾਲ-ਨਾਲ ਛੋਲਿਆਂ ਦੀ ਦਾਲ, ਮੂੰਗੀ ਦੀ ਦਾਲ ਆਦਿ ਸਰਕਾਰ ਵੱਲੋਂ ਸਸਤੀਆਂ ਦਰਾਂ ‘ਤੇ ਪ੍ਰਚੂਨ ਵਿਕਰੀ ਕੀਤੀ ਜਾਂਦੀ ਸੀ।