ਲੁਧਿਆਣਾ ਪੱਛਮੀ ਸੀਟ ਤੋਂ ਟਿਕਟ ਮਿਲਣ ‘ਤੇ ਭਾਰਤ ਭੂਸ਼ਣ ਆਸ਼ੂ ਨੇ ਕਾਂਗਰਸ ਦਾ ਕੀਤਾ ਧੰਨਵਾਦ

ਚੰਡੀਗੜ੍ਹ, 05 ਅਪ੍ਰੈਲ 2025: ਪੰਜਾਬ ਦੀ ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ਲਈ ਜ਼ਿਮਨੀ ਚੋਣ ਛੇਤੀ ਹੀ ਹੋਣ ਦੀ ਸੰਭਾਵਨਾ ਹੈ। ਪੰਜਾਬ ਦੀ ਆਮ ਆਦਮੀ ਪਾਰਟੀ ਤੋਂ ਬਾਅਦ ਹੁਣ ਕਾਂਗਰਸ ਪਾਰਟੀ ਨੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ (Bharat Bhushan Ashu) ਨੂੰ ਆਪਣਾ ਉਮੀਦਵਾਰ ਐਲਾਨਿਆ ਹੈ। ਆਮ ਆਦਮੀ ਪਾਰਟੀ ਪਹਿਲਾਂ ਹੀ ਇਸ ਸੀਟ ਲਈ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਆਪਣਾ ਉਮੀਦਵਾਰ ਐਲਾਨ ਚੁੱਕੀ ਹੈ। ਟਿਕਟ ਮਿਲਣ ‘ਤੇ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਜ਼ਿਮਨੀ ਚੋਣ ਲਈ ਟਿਕਟ ਦੇਣ ਅਤੇ ਭਰੋਸਾ ਕਰਨ ‘ਤੇ ਕਾਂਗਰਸ ਆਲਾਕਮਾਨ ਦਾ ਧੰਨਵਾਦ ਕਰਦਾ ਹਾਂ |

ਇਸ ਸੀਟ ਤੋਂ ਦੋ ਵਾਰ ਵਿਧਾਇਕ ਰਹੇ ਆਸ਼ੂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ‘ਚ ਮੰਤਰੀ ਵੀ ਰਹਿ ਚੁੱਕੇ ਹਨ। ਹਾਲਾਂਕਿ, ਉਨ੍ਹਾਂ ਦਾ ਰਾਜਨੀਤਿਕ ਸਫ਼ਰ ਕਈ ਵਿਵਾਦਾਂ ਨਾਲ ਵੀ ਜੁੜਿਆ ਰਿਹਾ ਹੈ, ਜਿਸ ‘ਚ ਮਨੀ ਲਾਂਡਰਿੰਗ ਦਾ ਮਾਮਲਾ ਵੀ ਸ਼ਾਮਲ ਹੈ। ਉਨ੍ਹਾਂ ਦੀ ਉਮੀਦਵਾਰੀ ਨੇ ਇਲਾਕੇ ‘ਚ ਜ਼ਿਮਨੀ ਚੋਣ ਨੂੰ ਲੈ ਕੇ ਰਾਜਨੀਤਿਕ ਗਤੀਵਿਧੀਆਂ ਵਧਾ ਦਿੱਤੀਆਂ ਹਨ |

ਭਾਰਤ ਭੂਸ਼ਣ ਆਸ਼ੂ (Bharat Bhushan Ashu) ਦਾ ਰਾਜਨੀਤਿਕ ਸਫ਼ਰ 1997 ‘ਚ ਲੁਧਿਆਣਾ ਦੇ ਵਾਰਡ ਨੰਬਰ 48 ਤੋਂ ਕੌਂਸਲਰ ਵਜੋਂ ਸ਼ੁਰੂ ਹੋਇਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ 2002 ਅਤੇ 2007 ‘ਚ ਕੌਂਸਲਰ ਵਜੋਂ ਵੀ ਚੋਣਾਂ ਜਿੱਤੀਆਂ। ਤਿੰਨ ਵਾਰ ਕੌਂਸਲਰ ਬਣਨ ਤੋਂ ਬਾਅਦ ਆਸ਼ੂ ਨੇ ਵਿਧਾਨ ਸਭਾ ਚੋਣਾਂ ‘ਚ ਆਪਣੀ ਕਿਸਮਤ ਅਜ਼ਮਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ। 2012 ‘ਚ ਉਹਨਾਂ ਨੂੰ ਕਾਂਗਰਸ ਵੱਲੋਂ ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ਤੋਂ ਟਿਕਟ ਮਿਲੀ ਅਤੇ ਪੰਜਾਬ ਵਿਧਾਨ ਸਭਾ ‘ਚ ਡਿਪਟੀ ਸੀਐਲਪੀ ਲੀਡਰ ਵਜੋਂ ਸੇਵਾ ਨਿਭਾਈ। 2017 ‘ਚ ਉਨ੍ਹਾਂ ਨੂੰ ਕੈਬਨਿਟ ਮੰਤਰੀ ਬਣਾਇਆ ਗਿਆ।

ਦਰਅਸਲ, ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ‘ਤੇ ਜ਼ਿਮਨੀ ਚੋਣ ਜ਼ਰੂਰੀ ਸੀ ਕਿਉਂਕਿ ਇਹ ਸੀਟ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਦੀ ਮੌਤ ਕਾਰਨ ਖਾਲੀ ਹੋ ਗਈ ਸੀ। ਗੋਗੀ ਦੀ ਮੌਤ ਉਸਦੇ ਘਰ ਵਿੱਚ ਉਸਦੀ ਲਾਇਸੈਂਸੀ ਬੰਦੂਕ ‘ਚੋਂ ਅਚਾਨਕ ਗੋਲੀ ਚੱਲਣ ਕਾਰਨ ਹੋਈ।

Read More: ਪੱਛਮੀ ਲੁਧਿਆਣਾ ਸੀਟ ਤੋਂ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਦਾਅਵਾ, ਜਾਣੋ ਵੇਰਵਾ

Scroll to Top