ਸਰਹਿੰਦ 04 ਅਕਤੂਬਰ 2024: ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਅੱਜ ਗੁਰਦੁਆਰਾ ਸ੍ਰੀ ਵਿਸ਼ਵਕਰਮਾ ਭਵਨ, ਸਰਹਿੰਦ ਵਿਖੇ ਭਾਈ ਲਾਲੋ ਸੇਵਾ ਸੋਸਾਇਟੀ ਦੁਆਰਾ ਭਾਈ ਲਾਲੋ ਜੀ (Bhai Lalo Ji) ਦੇ ਜਨਮ ਦਿਹਾੜੇ ਸੰਬੰਧੀ ਕਰਵਾਏ ਧਾਰਮਿਕ ਸਮਾਗਮ ‘ਚ ਸ਼ਮੂਲੀਅਤ ਕੀਤੀ। ਇਸ ਦੌਰਾਨ ਉਨ੍ਹਾਂ ਨਾਲ ਹਲਕਾ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਵੀ ਹਾਜ਼ਰ ਰਹੇ |
ਇਸ ਮੌਕੇ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਭਾਈ ਲਾਲੋ ਜੀ ਨੇ ਦੁਨੀਆਂ ਭਰ ਦੇ ਲੋਕਾਂ ਨੂੰ ਹੱਥੀਂ ਕਿਰਤ ਕਰਨ ਦਾ ਸੁਨੇਹਾ ਦਿੱਤਾ ਅਤੇ ਸਾਡੇ ਸਾਰਿਆਂ ਲਈ ਇਹ ਮਾਣ ਵਾਲੀ ਗੱਲ ਹੈ ਅੱਜ ਅਸੀਂ ਉਸ ਮਹਾਨ ਸਖ਼ਸ਼ੀਅਤ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ ‘ਚ ਇਕੱਠੇ ਹੋਏ ਹਾਂ। ਉਨ੍ਹਾਂ ਕਿਹਾ ਕਿ ਭਾਈ ਲਾਲੋ ਜੀ (Bhai Lalo ji) ਸਮੁੱਚੀ ਮਨੁੱਖਤਾ ਲਈ ਪ੍ਰੇਰਨਾ ਸਰੋਤ ਹਨ ਅਤੇ ਉਨ੍ਹਾਂ ਵੱਲੋਂ ਵਿਖਾਏ ਰਾਹ ਤੇ ਚੱਲਦੇ ਹੋਏ ਸਮਾਜ ‘ਚੋਂ ਕਈ ਤਰ੍ਹਾਂ ਦੀਆਂ ਲਾਹਣਤਾਂ ਦਾ ਖਾਤਮਾ ਕੀਤਾ ਜਾ ਸਕਦਾ ਹੈ।
ਸਪੀਕਰ ਨੇ ਕਿਹਾ ਕਿ ਅੱਜ ਸਮਾਜ ‘ਚ ਫੈਲ ਰਹੇ ਨਸ਼ਿਆਂ ਨੂੰ ਖਤਮ ਕਰਨਾ ਬਹੁਤ ਜਰੂਰੀ ਹੈ ਅਤੇ ਗੁਰੂ ਸਾਹਿਬਾਨ ਵੱਲੋਂ ਵਿਖਾਏ ਮਾਰਗ ‘ਤੇ ਚੱਲ ਕੇ ਹੀ ਨਸ਼ਿਆਂ ਦਾ ਖਾਤਮਾ ਕੀਤਾ ਜਾ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਗੁਰੂ ਤੇ ਗੁਰਬਾਣੀ ਦੇ ਲੜ ਲੱਗਣ ਦਾ ਸੱਦਾ ਦਿੰਦਿਆਂ ਕਿਹਾ ਕਿ ਅੱਜ ਲੋੜ ਹੈ ਕਿ ਆਪਣੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਿਆ ਜਾਵੇ ਕਿਉਂਕਿ ਇਹੋ ਇੱਕ ਅਜਿਹਾ ਸੱਚਾ ਰਾਹ ਹੈ ਜਿਸ ਨਾਲ ਸਾਡੇ ਬੱਚੇ ਸਮਾਜਿਕ ਲਾਹਣਤਾਂ ਤੋਂ ਬੱਚਦੇ ਹੋਏ ਸਿਹਤਮੰਦ ਸਮਾਜ ਦੀ ਸਿਰਜਣਾ ‘ਚ ਆਪਣਾ ਯੋਗਦਾਨ ਪਾ ਸਕਦੇ ਹਨ।
ਕੁਲਤਾਰ ਸਿੰਘ ਸੰਧਵਾਂ ਨੇ ਭਾਈ ਲਾਲੋ ਸੇਵਾ ਸੋਸਾਇਟੀ ਦੀ ਪ੍ਰਸ਼ੰਸਾਂ ਕਰਦਿਆਂ ਕਿਹਾ ਕਿ ਅੱਜ ਦੇ ਦੌਰ ਵਿੱਚ ਅਜਿਹੇ ਸਮਾਗਮ ਕਰਵਾਉਣਾ ਬਹੁਤ ਜਰੂਰੀ ਹੈ ਕਿਉਂਕਿ ਨੌਜਵਾਨ ਪੀੜ੍ਹੀ ਨੂੰ ਆਪਣੇ ਮਹਾਨ ਵਿਰਸੇ ਨਾਲ ਜੋੜ ਕੇ ਹੀ ਸਿਹਤਮੰਦ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਇਸ ਮੌਕੇ ਟਰੱਕ ਬਾਡੀ ਬਿਲਡਿੰਗ ਐਸੋਸੀਏਸ਼ਨ ਦੇ ਨੁਮਾਇੰਦਿਆਂ ਦੀਆਂ ਮੁਸ਼ਕਿਲਾਂ ਸੁਣੀਆਂ ਤੇ ਛੇਤੀ ਹੀ ਹੱਲ ਕਰਨ ਦਾ ਭਰੋਸਾ ਦਿੱਤਾ। ਭਾਈ ਲਾਲੋ ਸੇਵਾ ਸੋਸਾਇਟੀ ਵੱਲੋਂ ਸਪੀਕਰ ਸੰਧਵਾਂ ਤੇ ਵਿਧਾਇਕ ਰਾਏ ਦਾ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ ਗਿਆ |