July 7, 2024 6:03 pm
Panthak Agenda

ਭਾਈ ਹਰਿਸਿਮਰਨ ਸਿੰਘ ਦੀ 17ਵੀਂ ਪੁਸਤਕ ‘ਪੰਥਕ ਏਜੰਡਾ’ ਪੰਥ ਅਰਪਣ ਕੀਤੀ

ਸ੍ਰੀ ਅਨੰਦਪੁਰ ਸਾਹਿਬ, 14 ਅਪ੍ਰੈਲ 2023: “ਭਾਈ ਹਰਿਸਿਮਰਨ ਸਿੰਘ ਪਿਛਲੇ 35 ਸਾਲਾਂ ਤੋਂ ਲਗਾਤਾਰ ਆਪਣੀ ਕਲਮ ਚਲਾ ਕੇ ਸਿੱਖ ਪੰਥ, ਪੰਜਾਬ ਅਤੇ ਮਾਨਵਤਾ ਦੀ ਵੱਡੀ ਸੇਵਾ ਕਮਾ ਰਹੇ ਹਨ। ਉਨ੍ਹਾਂ ਦੇ ਵਿਚਾਰਾਂ ਦੀ ਗਹਿਰਾਈ ਬਾਰੇ ਵਿਦਵਾਨਾਂ, ਸੁਹਿਰਦ ਲੇਖਕਾਂ ਅਤੇ ਸਿੱਖ ਨੌਜੁਆਨਾਂ ਨੂੰ ਗੰਭੀਰ ਸੰਵਾਦ ਚਲਾਉਣਾ ਚਾਹੀਦਾ ਹੈ”। ਇਹ ਵਿਚਾਰ ਬਾਬਾ ਸਰਬਜੋਤ ਸਿੰਘ ਬੇਦੀ, ਊਨਾ ਸਾਹਿਬ ਵਾਲਿਆਂ ਨੇ “ਗੁਰੂ ਗੋਬਿੰਦ ਸਿੰਘ ਮਾਰਗ ਦੇ ਸਬਜ਼ ਮੰਦਰ” ਮਾਰਚ ਦੀ ਸ਼ੁਰੂਆਤ ਸਮੇਂ ਅਨੰਦਗੜ੍ਹ ਸਾਹਿਬ ਵਿਖੇ ਜਰਵਾਏ ਗਏ ਇਕ ਸਮਾਗਮ ਵਿਚ ਭਾਈ ਹਰਿਸਿਮਰਨ ਸਿੰਘ ਡਾਇਰੈਕਟਰ, ਸੈਂਟਰ ਫਾਰ ਪੰਥਕ ਕ੍ਰਿਏਟੀਵਿਟੀ ਦੀ 17ਵੀਂ ਪੁਸਤਕ, “ਪੰਥਕ ਏਜੰਡਾ (Panthak Agenda) (ਸਿੱਖ ਪੰਥ ਦੇ ਉੱਜਵਲ ਭਵਿੱਖ ਦੀ ਯੋਜਨਾਬੰਦੀ)” ਨੂੰ ਪੰਥ ਅਰਪਣ ਕਰਦਿਆਂ ਕਹੇ।

ਪ੍ਰੋ. ਮਨਜੀਤ ਸਿੰਘ ਸਾਬਕਾ ਜਥੇਦਾਰ ਨੇ ਕਿਹਾ ਕਿ ਭਾਈ ਹਰਿਸਿਮਰਨ ਸਿੰਘ ਦੀ ਇਹ ਪੁਸਤਕ ਵਰਤਮਾਨ ਵਿਚ ਸਿੱਖ ਪੰਥ ਅਤੇ ਪੰਜਾਬ ਨੂੰ ਦਰਪੇਸ਼ ਗੰਭੀਰ ਸੰਕਟਾਂ ਦਾ ਸਾਹਮਣਾ ਕਰਨ ਲਈ ਵੱਡੀ ਦਿਸ਼ਾ ਪ੍ਰਦਾਨ ਕਰਦੀ ਹੈ। ਬਾਬਾ ਗੁਰਮੀਤ ਸਿੰਘ ਖੋਸਾ ਕੋਟਲਾ ਸੰਚਾਲਕ “ਗੁਰੂ ਗੋਬਿੰਦ ਸਿੰਘ ਮਾਰਗ ਦੇ ਸਬਜ਼ ਮੰਦਰ” ਮਾਰਚ ਨੇ ਇਸ ਪੁਸਤਕ ਦੀ ਮਹੱਤਤਾ ਦੱਸਿਆ ਕਿ ਇਹ ਮਾਰਚ ਜਿੱਥੇ ਮਨੁੱਖ ਨੂੰ ਕੁਦਰਤ ਦੀ ਸੰਭਾਲ ਕਰਨ ਦਾ ਸੰਦੇਸ਼ ਦੇਵੇਗਾ, ਉਥੇ ਇਹ ਮਾਰਚ ਭਾਈ ਹਰਿਸਿਮਰਨ ਸਿੰਘ ਦੇ ਕੁਦਰਤਮੁਖੀ ਸਮਾਜ ਵਿਵਸਥਾ ਸਿਰਜਣ ਦਾ ਸੰਕਲਪ ਪੂਰਾ ਕਰਨ ਵਿਚ ਸਹਾਈ ਹੋਵੇਗਾ।

ਭਾਈ ਹਰਿਸਿਮਰਨ ਸਿੰਘ ਨੇ ਚੌਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਪੁਸਤਕ ਵਿਚ ਜੋ ਬਹੁਪੱਖੀ ਜੀਵਨ ਮਾਡਲ ਉਸਾਰੇ ਗਏ ਹਨ ਉਸ ਨਾਲ ਸਿੱਖ ਸੰਸਥਾਵਾਂ ਅਤੇ ਦੇਸ਼ ਪੰਜਾਬ ਦੀ ਨਵ-ਉਸਾਰੀ ਦੇ ਮਾਰਗ ਨਿਰਧਾਰਤ ਹੁੰਦੇ ਹਨ। ਅਜਿਹੀ ਪੁਸਤਕ ਦੀ ਲੰਮੇ ਸਮੇਂ ਤੋਂ ਲੋੜ ਮਹਿਸੂਸ ਕੀਤੀ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਜੇਕਰ ਸ੍ਰੀ ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਕਮੇਟੀ, ਅਕਾਲੀ ਦਲ ਤੇ ਪੰਥਕ ਜਥੇਬੰਦੀਆਂ, ਕਿਸਾਨ ਜਥੇਬੰਦੀਆਂ ਅਤੇ ਸਾਰੇ ਵਰਗਾਂ ਦੇ ਆਗੂ ਇਸ ਸਿਰਜਣਾਤਮਿਕ ਪੁਸਤਕ ਨੂੰ ਜੇਕਰ ਆਪਣੀਆਂ ਭਵਿੱਖ ਦੀਆਂ ਸਰਗਰਮੀਆਂ ਦਾ ਆਧਾਰ ਬਣਾ ਲੈਣ ਤਾਂ ਇਤਿਹਾਸਕ ਮਹੱਤਤਾ ਵਾਲੀ ਇਹ ਪੁਸਤਕ ਵੱਡੀਆਂ ਸਮੱਸਿਆਵਾਂ ਦਾ ਸੰਕਟਮੋਚਨ ਸਾਬਤ ਹੋਵੇਗੀ ਤੇ ਪੰਥ ਵਿਚ ਨਵਾਂ ਉਤਸ਼ਾਹ ਪੈਦਾ ਹੋਏਗਾ।

ਉਨ੍ਹਾਂ ਦੱਸਿਆ ਕਿ ਜਲਦੀ ਹੀ ਪੰਥਕ ਏਜੰਡੇ (Panthak Agenda) ਸਬੰਧੀ ਪੰਜਾਬ, ਭਾਰਤ ਤੇ ਵਿਦੇਸ਼ਾਂ ਵਿਚ ਇਕ ਬੌਧਿਕ ਚੇਤਨਾ ਲਹਿਰ ਖੜ੍ਹੀ ਕੀਤੀ ਜਾਵੇਗੀ। ਇਸ ਮੌਕੇ ਭਾਈ ਅਨਭੋਲ ਸਿੰਘ, ਬਾਬਾ ਜਰਨੈਲ ਸਿੰਘ, ਬਾਬਾ ਬਲਜੀਤ ਸਿੰਘ, ਭਾਈ ਸੁਖਜਿੰਦਰ ਸਿੰਘ, ਬਲਵਿੰਦਰ ਸਿੰਘ ਤੇ ਬੀਬੀ ਮਨਜੀਤ ਕੌਰ ਤੇ ਸਿੱਖ ਸੰਗਤਾਂ ਸ਼ਾਮਲ ਸਨ।