ਚੰਡੀਗੜ੍ਹ, 17 ਅਪ੍ਰੈਲ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਪੰਜਾਬ ਵਿੱਚ ਖੇਡ ਸੱਭਿਆਚਾਰ ਪੈਦਾ ਕਰਨ ਲਈ ਨਿਰੰਤਰ ਯਤਨਸ਼ੀਲ ਹੈ।ਸਰਕਾਰ ਦੀ ਇਹ ਕੋਸ਼ਿਸ਼ ਹੈ ਕਿ ਪੰਜਾਬ ਦੀ ਨੌਜਵਾਨੀ ਖੇਡ ਮੈਦਾਨਾਂ ਵਿੱਚ ਨਿੱਤਰ ਕੇ ਸਿਹਤਮੰਦ ਪੰਜਾਬ ਸਿਰਜਣ ਵਿੱਚ ਆਪਣਾ ਵੱਡਾ ਯੋਗਦਾਨ ਪਾਵੇ।
ਇਹ ਗੱਲ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਬੀਤੀ ਰਾਤ ਸੈਕਟਰ 16 ਕੌਮਾਂਤਰੀ ਕ੍ਰਿਕਟ ਸਟੇਡੀਅਮ ਵਿਖੇ ਯੂ ਟੀ ਕ੍ਰਿਕਟ ਐਸੋਸੀਏਸ਼ਨ ਵੱਲੋਂ ਪੰਜਾਬ ਅਤੇ ਹਰਿਆਣਾ ਦੇ ਵਿਧਾਇਕਾਂ ਦਰਮਿਆਨ ਕਰਵਾਏ ਗਏ ਕ੍ਰਿਕਟ ਮੈਚ ਤੋਂ ਬਾਅਦ ਕਹੀ। ਮੀਤ ਹੇਅਰ ਜਿਨ੍ਹਾਂ 12 ਛੱਕਿਆਂ ਅਤੇ 13 ਚੌਕਿਆਂ ਦੀ ਮਦਦ ਨਾਲ ਮਹਿਜ਼ 53 ਗੇਂਦਾਂ ਉਤੇ ਨਾਬਾਦ 150 ਦੌੜਾਂ ਦੀ ਪਾਰੀ ਖੇਡੀ ਅਤੇ ਮੈਨ ਆਫ਼ ਦ ਮੈਚ ਰਹੇ। ਪੰਜਾਬ ਨੇ 95 ਦੌੜਾਂ ਨਾਲ ਮੈਚ ਜਿੱਤਿਆ। ਟੀਮ ਦੇ ਕਪਤਾਨ ਮੀਤ ਹੇਅਰ ਨੇ ਜੇਤੂ ਟਰਾਫੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਸੌਂਪੀ।
ਮੀਤ ਹੇਅਰ ਨੇ ਕਿਹਾ ਕਿ ਦੋਵੇਂ ਟੀਮਾਂ ਦੇ ਖਿਡਾਰੀਆਂ ਵੱਲੋਂ ਵਧੀਆ ਪ੍ਰਦਰਸ਼ਨ ਕੀਤਾ ਗਿਆ।ਅਜਿਹੇ ਉਪਰਾਲੇ ਖੇਡ ਸੱਭਿਆਚਾਰ ਨੂੰ ਹੁਲਾਰਾ ਦਿੰਦੇ ਹਨ ਅਤੇ ਨੌਜਵਾਨਾਂ ਨੂੰ ਖੇਡ ਮੈਦਾਨ ਵਿੱਚ ਆਉਣ ਲਈ ਪ੍ਰੇਰਿਤ ਕਰਦੇ ਹਨ। ਉਨ੍ਹਾਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਇਸ ਨਿਵੇਕਲੇ ਉੱਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜੇਕਰ ਲੋਕਾਂ ਦੇ ਚੁਣੇ ਨੁਮਾਇੰਦੇ ਅਜਿਹੀ ਉਦਾਹਰਨ ਪੇਸ਼ ਕਰਨਗੇ ਤਾਂ ਸੂਬਾ ਵਾਸੀਆਂ ਦਾ ਵੀ ਖੇਡਾਂ ਵੱਲ ਰੁਝਾਨ ਵਧੇਗਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਖੇਡਾਂ ਵਤਨ ਪੰਜਾਬ ਦੀਆਂ ਵੀ ਇਸੇ ਮਨੋਰਥ ਨਾਲ ਸ਼ੁਰੂ ਕੀਤੀਆਂ ਗਈਆਂ ਜਿਨ੍ਹਾਂ ਨੂੰ ਚੰਗਾ ਹੁੰਗਾਰਾ ਮਿਲਿਆ ਅਤੇ ਤਿੰਨ ਲੱਖ ਤੋਂ ਵੱਧ ਖਿਡਾਰੀਆਂ ਨੇ ਹਿੱਸਾ ਲਿਆ।
ਖੇਡ ਮੰਤਰੀ ਨੇ ਪੰਜਾਬ ਵਿਧਾਨ ਸਭਾ ਸਪੀਕਰ ਦੇ ਨਾਲ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ ਅਤੇ ਯੂ ਟੀ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਸੰਜੇ ਟੰਡਨ ਦਾ ਇਸ ਉਪਰਾਲੇ ਲਈ ਧੰਨਵਾਦ ਕੀਤਾ। ਮੈਚ ਦੌਰਾਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ, ਡਿਪਟੀ ਸਪੀਕਰ ਜੈ ਕ੍ਰਿਸ਼ਨ ਰੋੜੀ ਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੀ ਹਾਜ਼ਰ ਸਨ।