ਪ੍ਰਤਾਪ ਸਿੰਘ ਬਾਜਵਾ

ਭਗਵੰਤ ਮਾਨ ਨੇ ਹੁਣ ਮੰਨ ਲਿਆ ਹੈ ਕਿ ਉਹ ਇੱਕ ਸਾਲ ‘ਚ ਕੰਮ ਕਰਨ ‘ਚ ਅਸਫਲ ਰਹੇ ਹਨ: ਪ੍ਰਤਾਪ ਸਿੰਘ ਬਾਜਵਾ

ਜਲੰਧਰ, 03 ਮਈ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੰਮ ਕਰਨ ਲਈ ਇੱਕ ਹੋਰ ਸਾਲ ਦੀ ਮੰਗ ਕਰਨ ਦੀ ਨਿੰਦਾ ਕਰਦਿਆਂ, ਪੰਜਾਬ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ (Partap Singh Bajwa) ਨੇ ਬੁੱਧਵਾਰ ਨੂੰ ਕਿਹਾ ਕਿ ਅਜਿਹੇ ਬਿਆਨ ਨਾਲ, ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਮੰਨਿਆ ਕਿ ਉਹ ਆਪਣੇ ਇੱਕ ਸਾਲ ਦੇ ਸ਼ਾਸਨ ਦੌਰਾਨ ਸੂਬੇ ਵਿੱਚ ਵਧੀਆ ਕੰਮ ਕਰਨ ਵਿੱਚ ਅਸਫਲ ਰਹੀ ਹੈ।

ਸੀਨੀਅਰ ਕਾਂਗਰਸੀ ਆਗੂ ਬਾਜਵਾ ਨੇ ਕਿਹਾ, “ਆਪਣੇ ਸ਼ਾਸਨ ਦੇ ਪਹਿਲੇ ਸਾਲ ਵਿੱਚ ਮਾੜੀ ਕਾਰਗੁਜ਼ਾਰੀ ਨਾਲ, ਪੰਜਾਬ ਦੇ ਮੁੱਖ ਮੰਤਰੀ ਨੇ ਇੱਕ ਹੋਰ ਮੌਕਾ ਲੱਭਣ ਦਾ ਅਧਿਕਾਰ ਗੁਆ ਦਿੱਤਾ ਹੈ। ਪੰਜਾਬ ਦੇ ਲੋਕ, ਖ਼ਾਸ ਤੌਰ ‘ਤੇ ਜਲੰਧਰ ਦੇ ਵੋਟਰਾਂ ਨੂੰ ਉਨ੍ਹਾਂ ‘ਤੇ ਬਿਲਕੁਲ ਭਰੋਸਾ ਨਹੀਂ ਹੈ ਅਤੇ ਉਹ ‘ਆਪ’ ਨੂੰ ਇੱਕ ਹੋਰ ਮੌਕਾ ਨਹੀਂ ਦੇਣਗੇ। ਉਨ੍ਹਾਂ ਨੂੰ ਇੱਕ ਹੋਰ ਮੌਕਾ ਦੇਣ ਦਾ ਮਤਲਬ ਹੈ ਕਿ ਪੰਜਾਬ ਨੂੰ ਨਾ ਪੂਰਾ ਹੋਣ ਵਾਲਾ ਨੁਕਸਾਨ ਪਹੁੰਚਾਇਆ ਜਾਵੇ।

ਬਾਜਵਾ ਨੇ ਕਿਹਾ ਕਿ ਇਸ ਤੋਂ ਪਹਿਲਾਂ ‘ਆਪ’ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਸੀਐੱਮ ਅਰਵਿੰਦ ਕੇਜਰੀਵਾਲ ਨੇ ਜਲੰਧਰ ਦੇ ਵੋਟਰ ਨੂੰ ਵੋਟਾਂ ਲੈਣ ਦੀ ਧਮਕੀ ਦਿੱਤੀ ਸੀ। ਫਿਰ ‘ਆਪ’ ਨੇ ਪਿੰਡਾਂ ਦੇ ਸਰਪੰਚਾਂ ਅਤੇ ਪੰਚਾਂ ‘ਤੇ ਦਬਾਅ ਪਾਇਆ। ਜਦੋਂ ਉਨ੍ਹਾਂ ਨੂੰ ਇਹ ਅਹਿਸਾਸ ਹੋਇਆ ਕਿ ਉਨ੍ਹਾਂ ਦੀਆਂ ਧਮਕੀਆਂ ਦੇਣ ਵਾਲੀਆਂ ਚਾਲਾਂ ਪੰਜਾਬੀਆਂ ‘ਤੇ ਕੰਮ ਨਹੀਂ ਕਰਨਗੀਆਂ, ਤਾਂ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਬੇਨਤੀ ਕਰਨੀ ਸ਼ੁਰੂ ਕਰ ਦਿੱਤੀ।

“ਮੈਂ (Partap Singh Bajwa) ਜਲੰਧਰ ਦੇ ਵੋਟਰਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਪੰਜਾਬ ਦੇ ਮੁੱਖ ਮੰਤਰੀ ‘ਤੇ ਭਰੋਸਾ ਨਾ ਕਰਨ। ਉਹ ਇੱਕ ਪੇਸ਼ੇਵਰ ਅਭਿਨੇਤਾ ਹਨ ਅਤੇ ਉਹ ਜਾਣਦੇ ਹਨ ਕਿ ਬਿਨਾ ਕਿਸੇ ਗ਼ਲਤੀ ਤੋਂ ਝੂਠ ਕਿਵੇਂ ਬੋਲਣਾ ਹੈ। ਉਨ੍ਹਾਂ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਵਿੱਚ ਪੰਜਾਬੀਆਂ ਨਾਲ ਝੂਠ ਬੋਲਿਆ ਸੀ, ਅਤੇ ਇੱਕ ਵਾਰ ਫਿਰ ਉਹ ਇਸ ਨੂੰ ਦੁਹਰਾ ਰਹੇ ਹਨ”, ਬਾਜਵਾ ਨੇ ਅੱਗੇ ਕਿਹਾ।

ਜ਼ਿਕਰਯੋਗ ਹੈ ਕਿ ਇੱਕ ਹੋਰ ਸਾਲ ਦੀ ਮੰਗ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਲ ਜਲੰਧਰ ਦੇ ਵੋਟਰਾਂ ਨੂੰ ਕਿਹਾ, “ਜੇ ਤੁਹਾਨੂੰ ਮੇਰਾ ਕੰਮ ਪਸੰਦ ਨਾ ਆਵੇ, ਜਾਂ ਮੇਰੇ ‘ਤੇ ਭ੍ਰਿਸ਼ਟਾਚਾਰ ਦਾ ਕੋਈ ਲੱਗੇ, ਤਾਂ ਮੈਂ ਤੁਹਾਨੂੰ ਵਾਅਦਾ ਕਰਦਾ ਹਾਂ ਕਿ ਮੈਂ 2024 ਦੀਆਂ ਆਮ ਚੋਣਾਂ ਵਿੱਚ ਵੋਟਾਂ ਮੰਗਣ ਲਈ ਤੁਹਾਡੇ ਕੋਲ ਨਹੀਂ ਆਵਾਂਗਾ।

ਇਸ ‘ਤੇ ਵਿਰੋਧੀ ਧਿਰ ਦੇ ਆਗੂ ਨੇ ਕਿਹਾ ਕਿ ਧੱਕੇ ਨਾਲ ਵਸੂਲੀ ਅਤੇ ਰਿਸ਼ਵਤਖ਼ੋਰੀ ਵਿਚ ਸ਼ਾਮਲ ‘ਆਪ’ ਆਗੂਆਂ, ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਵਿਰੁੱਧ ਕੋਈ ਕਾਰਵਾਈ ਨਾ ਕਰਨਾ ਜਾਂ ਕਾਰਵਾਈ ਵਿਚ ਦੇਰੀ ਕਰਨਾ ਆਪਣੇ ਆਪ ਵਿਚ ਇੱਕ ਅਣਉੱਚਿਤ ਪ੍ਰਥਾ ਹੈ। ਕਿਉਂਕਿ ਮੁੱਖ ਮੰਤਰੀ ਆਪ ਦੇ ਉਨ੍ਹਾਂ ਆਗੂਆਂ, ਜਿਹੜੇ ਭ੍ਰਸ਼ਟਾਚਾਰ ਵਿੱਚ ਸ਼ਾਮਿਲ ਸਨ, ‘ਤੇ ਕਾਰਵਾਈ ਕਰਨ ਵਿੱਚ ਅਸਫਲ ਰਹੇ ਹਨ, ਆਪਣੇ ਆਪ ਨੂੰ ਭ੍ਰਿਸ਼ਟਾਚਾਰ ‘ਤੇ ਕਲੀਨ ਚਿੱਟ ਦੇਣਾ ਇੱਕ ਬੇਤੁਕੀ ਗੱਲ ਹੈ।

 

Scroll to Top