Site icon TheUnmute.com

Bengal: ਜੂਨੀਅਰ ਡਾਕਟਰਾਂ ਨੇ ਬੰਗਾਲ ਸਰਕਾਰ ਨੂੰ ਦਿੱਤਾ 24 ਘੰਟੇ ਦਾ ਅਲਟੀਮੇਟਮ, ਰੱਖੀਆਂ ਇਹ ਮੰਗਾਂ

Junior Doctors

ਚੰਡੀਗੜ੍ਹ, 05 ਅਕਤੂਬਰ 2024: ਜੂਨੀਅਰ ਡਾਕਟਰਾਂ (Junior Doctors) ਨੇ ਪੱਛਮੀ ਬੰਗਾਲ ਦੀ ਸਰਕਾਰ ਖ਼ਿਲਾਫ ਮੋਰਚਾ ਖੋਲ੍ਹ ਦਿੱਤਾ ਹੈ | ਜੂਨੀਅਰ ਡਾਕਟਰਾਂ ਨੇ ਕੰਮ ਬੰਦ ਕਰਕੇ ਹੜਤਾਲ ਨੂੰ ਖਤਮ ਕਰਨ ਦਾ ਫੈਸਲਾ ਕੀਤਾ ਗਿਆ, ਪਰ ਇਸ ਦੇ ਬਾਵਜੂਦ ਡਾਕਟਰਾਂ ਵੱਲੋਂ ਆਪਣਾ ਧਰਨਾ ਜਾਰੀ ਹੈ। ਡਾਕਟਰਾਂ ਨੇ ਸ਼ੁੱਕਰਵਾਰ ਰਾਤ 8.30 ਵਜੇ ਦੇ ਕਰੀਬ ਉਨ੍ਹਾਂ ਨੇ ਮੁਕੰਮਲ ਕੰਮਕਾਜ ਬੰਦ ਕਰਨ ਦਾ ਫੈਸਲਾ ਕੀਤਾ। ਡਾਕਟਰਾਂ ਨੇ ਬੰਗਾਲ ਸਰਕਾਰ ਨੂੰ 24 ਘੰਟੇ ਦਾ ਅਲਟੀਮੇਟਮ ਦਿੰਦਿਆਂ ਮੰਗ ਕੀਤੀ ਹੈ ਕਿ ਜਾਂ ਤਾਂ ਸਰਕਾਰ ਉਨ੍ਹਾਂ ਦੀਆਂ ਮੰਗਾਂ ਮੰਨੇ ਜਾਂ ਫਿਰ ਉਹ ਮਰਨ ਵਰਤ ਸ਼ੁਰੂ ਕਰਨਗੇ।

ਡਾਕਟਰਾਂ ਨੇ ਧਰਨੇ ਵਾਲੀ ਥਾਂ ’ਤੇ ਵੱਡੀ ਘੜੀ ਵੀ ਲਗਾਈ ਹੈ ਤਾਂ ਜੋ ਸਮੇਂ ਦੀ ਪਾਬੰਦਤਾ ਬਣਾਈ ਰੱਖੀ ਜਾ ਸਕੇ। ਵਿਰੋਧ ਕਰ ਰਹੇ ਡਾਕਟਰਾਂ ਦਾ ਕਹਿਣਾ ਹੈ ਕਿ ‘ਜਦੋਂ ਤੁਸੀਂ ਕਿਸੇ ਕਾਰਨ ਲਈ ਲੜਦੇ ਹੋ, ਤਾਂ ਤੁਸੀਂ ਉਮੀਦ ਨਹੀਂ ਕਰ ਸਕਦੇ ਕਿ ਚੀਜ਼ਾਂ ਆਸਾਨ ਹੋ ਜਾਣਗੀਆਂ। ਹਾਲਾਂਕਿ, ਸਾਨੂੰ ਉਮੀਦ ਸੀ ਕਿ ਸੂਬਾ ਸਰਕਾਰ ਸਾਡੇ ਨਾਲ ਚੰਗਾ ਵਿਵਹਾਰ ਕਰੇਗੀ। ਪੁਲਿਸ ਵੱਲੋਂ ਵਰਤੀ ਗਈ ਲਾਠੀਚਾਰਜ ਅਤੇ ਗਾਲੀ-ਗਲੋਚ, ਦੋਵੇਂ ਗਲਤ ਹਨ। ਉਨ੍ਹਾਂ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ |

ਪ੍ਰਦਰਸ਼ਨਕਾਰੀ ਡਾਕਟਰਾਂ (Junior Doctors) ਵੱਲੋਂ ਸਰਕਾਰ ਤੋਂ ਮੰਗਾਂ ਕੀਤੀਆਂ ਗਈਆਂ ਹਨ ਜਿਨ੍ਹਾਂ ਵਿੱਚ ਰਾਜ ਦੇ ਸਿਹਤ ਸਕੱਤਰ ਐਨਐਸ ਨਿਗਮ ਨੂੰ ਅਹੁਦੇ ਤੋਂ ਤੁਰੰਤ ਹਟਾਇਆ ਜਾਵੇ ਅਤੇ ਸਿਹਤ ਵਿਭਾਗ ਵਿੱਚ ਕਥਿਤ ਪ੍ਰਸ਼ਾਸਨਿਕ ਅਕੁਸ਼ਲਤਾ ਅਤੇ ਭ੍ਰਿਸ਼ਟਾਚਾਰ ਲਈ ਜਵਾਬਦੇਹੀ ਕੀਤੀ ਜਾਵੇ। ਰਾਜ ਦੇ ਸਾਰੇ ਹਸਪਤਾਲਾਂ ਅਤੇ ਮੈਡੀਕਲ ਕਾਲਜਾਂ ਲਈ ਇੱਕ ਕੇਂਦਰੀ ਰੈਫਰਲ ਸਿਸਟਮ ਸਥਾਪਤ ਕਰਨ, ਬਿਸਤਰਿਆਂ ਦੀ ਖਾਲੀ ਥਾਂ ਦੀ ਨਿਗਰਾਨੀ ਕਰਨ ਲਈ ਇੱਕ ਪ੍ਰਣਾਲੀ ਅਤੇ ਕਾਰਜ ਸਥਾਨਾਂ ‘ਤੇ ਸੀਸੀਟੀਵੀ, ਕਾਲ ਰੂਮਾਂ ਅਤੇ ਵਾਸ਼ਰੂਮਾਂ ਲਈ ਜ਼ਰੂਰੀ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਇੱਕ ਟਾਸਕ ਫੋਰਸ ਦਾ ਗਠਨ ਕਰਨ ਦੀਆਂ ਮੰਗਾਂ ਵੀ ਸ਼ਾਮਲ ਹਨ।

ਇਨ੍ਹਾਂ ਤੋਂ ਇਲਾਵਾ ਡਾਕਟਰਾਂ ਵੱਲੋਂ ਹਸਪਤਾਲਾਂ ‘ਚ ਪੁਲਿਸ ਸੁਰੱਖਿਆ ਵਧਾਉਣ, ਪੱਕੇ ਤੌਰ ’ਤੇ ਮਹਿਲਾ ਪੁਲਿਸ ਮੁਲਾਜ਼ਮਾਂ ਦੀ ਭਰਤੀ ਅਤੇ ਡਾਕਟਰਾਂ, ਨਰਸਾਂ ਤੇ ਹੋਰ ਸਿਹਤ ਕਰਮਚਾਰੀਆਂ ਦੀਆਂ ਖਾਲੀ ਅਸਾਮੀਆਂ ਛੇਤੀ ਭਰਨ ਦੀ ਮੰਗ ਕੀਤੀ ਜਾ ਰਹੀ ਹੈ।

ਡਾਕਟਰ ਸੂਬੇ ਦੇ ਹਰ ਮੈਡੀਕਲ ਕਾਲਜ ‘ਚ ਵਿਦਿਆਰਥੀ ਕੌਂਸਲ ਚੋਣਾਂ ਤੁਰੰਤ ਕਰਵਾਉਣ ਅਤੇ ਰੈਜ਼ੀਡੈਂਟ ਡਾਕਟਰਜ਼ ਐਸੋਸੀਏਸ਼ਨ (ਆਰਡੀਏ) ਵੱਲੋਂ ਸਾਰੇ ਕਾਲਜਾਂ ਨੂੰ ਮਾਨਤਾ ਦੇਣ ਦੀ ਮੰਗ ਵੀ ਕਰ ਰਹੇ ਹਨ। ਮੈਡੀਕਲ ਕਾਲਜਾਂ ਅਤੇ ਹਸਪਤਾਲਾਂ ਦਾ ਪ੍ਰਬੰਧ ਕਰਨ ਵਾਲੀਆਂ ਸਾਰੀਆਂ ਕਮੇਟੀਆਂ ‘ਚ ਵਿਦਿਆਰਥੀਆਂ ਅਤੇ ਜੂਨੀਅਰ ਡਾਕਟਰਾਂ ਦੀ ਚੁਣੀ ਹੋਈ ਪ੍ਰਤੀਨਿਧਤਾ ਨੂੰ ਯਕੀਨੀ ਬਣਾਉਣ ਦੀ ਵੀ ਮੰਗ ਕੀਤੀ ਗਈ ਹੈ।

ਇਹ ਜੂਨੀਅਰ ਡਾਕਟਰ ਪੱਛਮੀ ਬੰਗਾਲ ਮੈਡੀਕਲ ਕੌਂਸਲ (ਡਬਲਯੂਬੀਐਮਸੀ) ਅਤੇ ਪੱਛਮੀ ਬੰਗਾਲ ਹੈਲਥ ਰਿਕਰੂਟਮੈਂਟ ਬੋਰਡ (ਡਬਲਯੂਬੀਐਚਆਰਬੀ) ਦੇ ਅੰਦਰ ਕਥਿਤ ਭ੍ਰਿਸ਼ਟਾਚਾਰ ਅਤੇ ਅਰਾਜਕਤਾ ਦੀ ਤੁਰੰਤ ਜਾਂਚ ਦੀ ਮੰਗ ਕਰ ਰਹੇ ਹਨ।

Exit mobile version