ਚੰਡੀਗੜ੍ਹ, 22 ਮਈ 2024: ਟੀ-20 ਵਿਸ਼ਵ ਕੱਪ 2024 (T20 World Cup 2024) ਤੋਂ ਪਹਿਲਾਂ ਮੇਜ਼ਬਾਨ ਅਮਰੀਕਾ ਨੇ ਬੰਗਲਾਦੇਸ਼ ਨੂੰ ਹਰਾ ਕੇ ਇਤਿਹਾਸ ਰਚ ਦਿੱਤਾ ਸੀ। ਦੋਵਾਂ ਟੀਮਾਂ ਵਿਚਾਲੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦਾ ਪਹਿਲਾ ਮੈਚ ਮੰਗਲਵਾਰ ਨੂੰ ਖੇਡਿਆ ਗਿਆ। ਇਸ ਮੈਚ ਵਿੱਚ ਅਮਰੀਕਾ ਨੇ ਬੰਗਲਾਦੇਸ਼ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ।
ਅਮਰੀਕਾ ਦੀ ਇਸ ਜਿੱਤ ਦਾ ਹੀਰੋ ਹਰਮੀਤ ਸਿੰਘ ਰਿਹਾ ਜਿਸ ਨੇ 13 ਗੇਂਦਾਂ ‘ਤੇ 33 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। ਭਾਰਤੀ ਮੂਲ ਦੇ ਇਸ ਖਿਡਾਰੀ ਨੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦੇ ਪਹਿਲੇ ਮੈਚ ‘ਚ ਅਮਰੀਕਾ ਦੀ ਜਿੱਤ ਦੀ ਕਹਾਣੀ ਲਿਖੀ ਹੈ। ਦਿਲਚਸਪ ਗੱਲ ਇਹ ਹੈ ਕਿ ਉਹ ਅੰਡਰ-19 ਵਿਸ਼ਵ ਕੱਪ ‘ਚ ਭਾਰਤ ਦੀ ਨੁਮਾਇੰਦਗੀ ਕਰ ਚੁੱਕਾ ਹੈ। ਇਸ ਤੋਂ ਇਲਾਵਾ ਉਹ ਆਈ.ਪੀ.ਐੱਲ ‘ਚ ਰਾਜਸਥਾਨ ਰਾਇਲਜ਼ ਦਾ ਹਿੱਸਾ ਰਹਿ ਚੁੱਕੇ ਹਨ। ਉਨਮੁਕਤ ਚਾਂਦ ਦੀ ਕਪਤਾਨੀ ਵਿੱਚ ਭਾਰਤੀ ਟੀਮ ਨੇ 2012 ਵਿੱਚ ਅੰਡਰ-19 ਵਿਸ਼ਵ ਕੱਪ ਜਿੱਤਿਆ ਸੀ। ਹਰਮੀਤ ਇਸ ਟੀਮ ਦਾ ਹਿੱਸਾ ਸੀ।
ਮੈਚ ਦੀ ਗੱਲ ਕਰੀਏ ਤਾਂ ਅਮਰੀਕਾ ਨੇ ਹਿਊਸਟਨ ਵਿੱਚ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਬੰਗਲਾਦੇਸ਼ ਦੀ ਟੀਮ ਨੇ ਤੌਹੀਦ ਹਰੀਦੋਏ ਦੀਆਂ 58 ਦੌੜਾਂ ਦੀ ਪਾਰੀ ਦੀ ਬਦੌਲਤ 20 ਓਵਰਾਂ ਵਿੱਚ ਛੇ ਵਿਕਟਾਂ ਗੁਆ ਕੇ 153 ਦੌੜਾਂ ਬਣਾਈਆਂ। ਇਸ ਮੈਚ ਵਿੱਚ ਮਹਿਮੂਦੁੱਲਾ ਨੇ 31 ਦੌੜਾਂ ਬਣਾਈਆਂ। ਸੌਮਿਆ ਸਰਕਾਰ ਨੇ 20 ਦੌੜਾਂ ਅਤੇ ਲਿਟਨ ਦਾਸ ਨੇ 14 ਦੌੜਾਂ ਬਣਾਈਆਂ। ਅਮਰੀਕਾ ਲਈ ਸਟੀਵਨ ਟੇਲਰ ਨੇ ਦੋ ਵਿਕਟਾਂ ਲਈਆਂ। ਜਦਕਿ ਸੌਰਭ, ਅਲੀ ਅਤੇ ਜੈਸੀ ਨੂੰ ਇਕ-ਇਕ ਸਫਲਤਾ ਮਿਲੀ।