ਸੁਲਤਾਨਪੁਰ ਲੋਧੀ, 27 ਮਈ 2023: ਬਾਰਿਸ਼ਾਂ ਤੋਂ ਪਹਿਲਾ ਹੜ੍ਹਾਂ ਤੋਂ ਬਚਾਅ ਲਈ ਮੰਡ ਇਲਾਕੇ ਦੇ ਦੋ ਪਿੰਡਾਂ ਆਹਲੀ ਖੁਰਦ ਤੇ ਪਿੰਡ ਗੁੱਦੇ ਵਿੱਚ ਸਟੱਡ ਤੇ ਰਿਵਰਟਮੈਂਟ ਲਾਉਣ ਦੀ ਸ਼ੁਰੂਆਤ ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਅਰਦਾਸ ਉਪਰੰਤ ਕੀਤੀ ਗਈ। ਜਾਣਕਾਰੀ ਦਿੰਦਿਆ ਕਪੂਰਥਲਾ ਡਰੇਨ ਵਿਭਾਗ ਦੇ ਐਸ.ਡੀ.ਓ ਸੁਖਪਾਲ ਸਿੰਘ ਨੇ ਦੱਸਿਆ ਕਿ ਇਸ ਕੰਮ ਦੀ ਤਜ਼ਵੀਜ਼ ਕੁੱਝ ਦਿਨ ਪਹਿਲਾਂ ਪਿੰਡ ਵਾਸੀਆਂ ਵੱਲੋਂ ਸੰਤ ਸੀਚੇਵਾਲ ਅੱਗੇ ਰੱਖੀ ਗਈ ਸੀ, ਜਿਸਤੋਂ ਬਾਅਦ ਬਾਬਾ ਜੀ ਨਾਲ ਮਿਲਕੇ ਉਹਨਾਂ ਦੀ ਅਗਵਾਈ ਵਿੱਚ ਇਸਦੀ ਸ਼ੁਰੂਆਤ ਕੀਤੀ ਗਈ ਹੈ।
ਉਹਨਾਂ ਦੱਸਿਆ ਕਿ 1 ਕੋਰੜ 42 ਲੱਖ ਦੇ ਕਰੀਬ ਦੀ ਲਾਗਤ ਨਾਲ ਪਿੰਡ ਆਹਲੀ ਖੁਰਦ ਵਿੱਚ ਤਿੰਨ ਸਟੱਡ ਤੇ ਇੱਕ ਰਿਵਰਟਮੈਂਟ ਅਤੇ ਇਸੇ ਤਰ੍ਹਾਂ ਪਿੰਡ ਗੁੱਦੇ ਵਿੱਚ ਦੋ ਸਟੱਡ ਤੇ 1 ਰਿਵਰਟਮੈਂਟ ਲਗਾਏ ਜਾਣਗੇ। ਉਹਨਾਂ ਦੱਸਿਆ ਕਿ ਇਸ ਕਾਰਜ਼ ਵਿੱਚ ਮਨੇਰਗਾ ਤਹਿਤ ਕਾਮਿਆਂ ਦੀ ਸਹਾਇਤਾ ਲਈ ਜਾਵੇਗੀ। ਇਸ ਕਾਰਜ ਨੂੰ 30 ਜੂਨ ਤੋਂ ਪਹਿਲਾਂ ਪਹਿਲਾਂ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।
ਇਸ ਮੌਕੇ ਸੰਤ ਸੀਚੇਵਾਲ ਨੇ ਡਰੇਨਜ਼ ਵਿਭਾਗ ਦੇ ਸੈਕਟਰੀ ਦਾ ਪ੍ਰਸੰਸਾ ਕਰਦਿਆ ਕਿਹਾ ਕਿ ਉਹਨਾਂ ਦੇ ਇਸ ਵਿਭਗਾ ਵਿੱਚ ਆਉਣ ਨਾਲ ਕਾਰਜਾਂ ਵਿੱਚ ਤੇਜ਼ੀ ਆਈ ਹੈ। ਉਹਨਾਂ ਕਿਹਾ ਕਿ ਬਾਰਿਸ਼ਾਂ ਦੌਰਾਨ ਬਿਆਸ ਦਰਿਆ ਵਿੱਚ ਪਾਣੀ ਆਉਣ ਕਾਰਨ ਇਸ ਇਲਾਕੇ ਨੂੰ ਹੜ੍ਹਾਂ ਤੋਂ ਬਣਾਉਣ ਲਈ ਹਰ ਸਾਲ ਕਿਸਾਨਾਂ ਆਪਣੇ ਪੱਧਰ ਬੰਨ੍ਹ ਨੂੰ ਮਜ਼ਬੂਤ ਕਰਦੇ ਆ ਰਹੇ ਹਨ। ਮੰਡ ਦੇ ਦਰਜਨ ਤੋਂ ਵੱਧ ਪਿੰਡ ਆਹਲੀ ਕਲਾਂ, ਆਹਲੀ ਖੁਰਦ, ਬੂਲੇ, ਹਜ਼ਾਰਾ, ਚੱਕ, ਕਰਮੂਵਾਲ, ਧੁੰਨ, ਗੁੱਦੇ, ਫਤਿਹਵਾਲ, ਗਾਮੇ-ਜਾਮੇਵਾਲ, ਸਰੂਪਵਾਲ, ਸ਼ੇਖਮਾਂਗਾ, ਭਰੋਆਣਾ, ਤਕੀਆ ਆਦਿ ਪਿੰਡ ਦਹਾਕਿਆ ਤੋਂ ਹੜ੍ਹਾਂ ਦੀ ਮਾਰ ਝੱਲਦੇ ਆ ਰਹੇ ਹਨ।
ਇਸ ਮੌਕੇ ਇਲਾਕੇ ਦੇ ਕਿਸਾਨਾਂ ਨੇ ਧੰਨਵਾਦ ਕਰਦਿਆ ਕਿਹਾ ਕਿ ਸੰਤ ਸੀਚੇਵਾਲ ਮੁੱਢ ਤੋਂ ਇਸ ਇਲਾਕੇ ਨਾਲ ਖੜ੍ਹਦੇ ਆ ਰਹੇ ਹਨ। ਉਹਨਾਂ ਕਿਹਾ ਕਿ 2008 ਵਿੱਚ ਸੰਤ ਸੀਚੇਵਾਲ ਨੇ ਨਵੀਂ ਮਸ਼ੀਨ ਭੇਜ ਸੁਲਤਾਨਪੁਰ ਲੋਧੀ ਦੇ ਮੰਡ ਇਲਾਕੇ ਦੇ 12 ਪਿੰਡਾਂ ਨੂੰ ਹੜ੍ਹਾਂ ਤੋਂ ਮੁਕਤੀ ਲਈ ਬੰਨ੍ਹ ਬਣਾਇਆ ਸੀ। ਜਿਸਨੇ ਹੁਣ ਤੱਕ ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ ਦਾ ਬਚਾਅ ਕੀਤਾ ਹੈ। ਬਿਆਸ ਦਰਿਆ ਵਿੱਚ ਕਈ ਵਾਰ ਪਾਣੀ ਜ਼ਿਆਦਾ ਹੋਣ ਕਾਰਨ ਇਹ ਬੰਨ੍ਹ ਨੂੰ ਢਾਅ ਲਾ ਰਿਹਾ ਸੀ। ਜਿਸਨੂੰ ਲੈ ਕੇ ਉਹਨਾਂ ਸੰਤ ਸੀਚੇਵਾਲ ਤੱਕ ਕੁੱਝ ਦਿਨ ਪਹਿਲਾਂ ਪਹੁੰਚ ਕੀਤੀ ਸੀ। ਇਸ ਮੌਕੇ ਜੇ.ਈ ਬਿਕਰਮਜੀਤ ਸਿੰਘ, ਜੇ.ਈ ਜਿਨਾਲ ਸ਼ਰਮਾ, ਜੇ.ਈ ਸੰਦੀਪ, ਸ਼ਮਿੰਦਰ ਸਿੰਘ ਆਹਲੀ, ਰਾਮ ਸਿੰਘ ਆਹਲੀ, ਮਲਕੀਤ ਸਿੰਘ ਆਹਲੀ, ਸੁਖਦੇਵ ਸਿੰਘ ਲੰਬੜਦਾਰ, ਯਾਦਵਿੰਧਰ ਸਿੰਘ ਸਰਪੰਚ, ਵਿਰਸਾ ਸਿੰਘ ਤੇ ਇਲਾਕੇ ਦੇ ਹੋਰ ਕਿਸਾਨ ਹਾਜ਼ਰ ਸੀ।