June 25, 2024 12:28 pm
ਮਧੂ ਮੱਖੀ

ਬਾਗਬਾਨੀ ਵਿਭਾਗ ਮੋਹਾਲੀ ਵੱਲੋਂ ਮਧੂ ਮੱਖੀ ਪਾਲਣ ਸਬੰਧੀ ਸਿਖਲਾਈ ਕੋਰਸ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 13 ਮਾਰਚ 2024: ਡਿਪਟੀ ਕਮਿਸ਼ਨਰ ਐੱਸ.ਏ.ਐੱਸ.ਨਗਰ ਸ਼੍ਰੀਮਤੀ ਆਸ਼ਿਕਾ ਜੈਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਧੂ ਮੱਖੀ ਪਾਲਣ ਦੇ ਕਿੱਤੇ ਪ੍ਰਤੀ ਕਿਸਾਨਾਂ ਨੂੰ ਉਤਸਾਹਿਤ ਕਰਨ ਲਈ (ਆਤਮਾ ਸਕੀਮ ਅਧੀਨ) ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ, ਕ੍ਰਿਸ਼ੀ ਵਿਗਿਆਨ ਕੇਂਦਰ ਮੋਹਾਲੀ ਅਤੇ ਬਾਗਬਾਨੀ ਵਿਭਾਗ ਮੋਹਾਲੀ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੋਹਾਲੀ ਵਿਖੇ ਸਾਂਝੇ ਪੱਧਰ ਤੇ ਮਧੂ ਮੱਖੀ ਪਾਲਣ ਲਈ ਸੱਤ ਦਿਨਾਂ ਟ੍ਰੇਨਿੰਗ ਲਗਾਈ ਗਈ |

ਜਿਸ ਵਿੱਚ ਡਾ. ਗੁਰਮੇਲ ਸਿੰਘ ਮੁੱਖ ਖੇਤੀਬਾੜੀ ਅਫਸਰ, ਐੱਸ.ਏ.ਐੱਸ.ਨਗਰ ਅਤੇ ਡਾ. ਬਲਬੀਰ ਸਿੰਘ ਖੱਦਾ ਡਿਪਟੀ ਡਾਇਰੈਕਟਰ ਕੇ.ਵੀ.ਕੇ. ਮੋਹਾਲੀ ਨੇ 15 ਸਿਖਿਆਰਥੀਆਂ ਨੂੰ ਮਧੂ ਮੱਖੀ ਪਾਲਣ ਸਹਾਇਕ ਧੰਦੇ ਦੇ ਲਈ ਪ੍ਰੇਰਿਤ ਕੀਤਾ। ਡਾ. ਜਗਦੀਸ਼ ਸਿੰਘ ਕਾਹਮਾ ਡਿਪਟੀ ਡਾਇਰੈਕਟਰ ਬਾਗਬਾਨੀ ਵੱਲੋਂ ਮਧੂ ਮੱਖੀ ਦੇ ਕਿੱਤੇ ਲਈ ਸਬਸਿਡੀ ਲੈਣ ਲਈ ਵਿਸਥਾਰ ਵਿੱਚ ਦੱਸਿਆ। ਡਾ. ਹਰਮੀਤ ਕੌਰ ਟ੍ਰੇਨਿੰਗ ਇੰਚਾਰਜ ਨੇ ਮਧੂ ਮੱਖੀ ਦੀਆਂ ਕਿਸਮਾਂ ਜੀਵਨ ਚੱਕਰ, ਸ਼ਹਿਦ ਕੱਢਣਾ ਬਕਸ਼ੇ ਤੋਂ ਮਿਲਣ ਵਾਲੇ ਹੋਰ ਹਾਈਵ ਪਦਾਰਥ, ਵੱਖ ਵੱਖ ਮੌਸਮਾਂ ਵਿੱਚ ਸ਼ਹਿਦ ਮੱਖੀਆਂ ਦੀ ਸਾਂਭ ਸੰਭਾਲ, ਕੀੜੇ, ਬਿਮਾਰੀਆਂ ਦੇ ਬਚਾਅ ਸਬੰਧੀ ਜਾਣਕਾਰੀ ਦਿੱਤੀ।

ਡਾ. ਮੁਨੀਸ਼ ਸ਼ਰਮਾ ਨੇ ਸ਼ਹਿਦ ਮੱਖੀ ਲਈ ਉਪਯੋਗੀ ਫੁੱਲ ਫੁਲਾਕੇ ਉੱਤੇ ਚਾਨਣਾ ਪਾਇਆ। ਸ਼੍ਰੀਮਤੀ ਸ਼ਿਖਾ ਸਿੰਗਲਾ ਡਿਪਟੀ ਪ੍ਰੋਜੈਕਟ ਡਾਇਰੈਕਟਰ ਆਤਮਾ ਵੱਲੋਂ ਸਿਖਿਆਰਥੀਆਂ ਨੂੰ ਆਤਮਾ ਸਕੀਮ ਅਧੀਨ ਕੀਤੇ ਜਾ ਰਹੇ ਕੰਮਾਂ ਬਾਰੇ ਜਾਣੂੰ ਕਰਵਾਇਆ ਅਤੇ ਭਰੋਸਾ ਦਿਵਾਇਆ ਕਿ ਬੇਰੋਜ਼ਗਾਰ ਨੌਜਵਾਨਾਂ ਨੂੰ ਭਵਿੱਖ ਵਿੱਚ ਅਜਿਹੀਆਂ ਹੋਰ ਟ੍ਰੇਨਿੰਗਾਂ ਦਿੱਤੀਆਂ ਜਾਣਗੀਆਂ । ਅਗਾਂਹਵਧੂ ਕਿਸਾਨ ਰੱਛਪਾਲ ਸਿੰਘ ਅਤੇ ਦਲੀਪ ਸਿੰਘ ਵੱਲੋਂ ਸਿਖਿਆਰਥੀਆਂ ਨੂੰ ਮਧੂ ਮੱਖੀ ਪਾਲਣ ਦੌਰਾਨ ਆਉਣ ਵਾਲੀਆਂ ਮੁਸ਼ਕਿਲਾਂ ਅਤੇ ਹੱਲਾਂ ਬਾਰੇ ਦੱਸਿਆ।

ਟ੍ਰੇਨਿੰਗ ਦੌਰਾਨ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੂੰ ਮਧੂ ਮੱਖੀ ਪਾਲਣ ਸਬੰਧੀ ਤਕਨੀਕੀ ਗਿਆਨ ਪ੍ਰਾਪਤ ਕਰਨ ਲਈ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਐਕਸਪੋਜਰ ਵਿਜਟ ਕਰਵਾਈ ਗਈ ਜਿਸ ਵਿੱਚ ਯੂਨੀਵਰਸਿਟੀ ਮਾਹਿਰਾਂ ਵੱਲੋਂ ਮਧੂ ਮੱਖੀ ਪਾਲਣ ਲਈ ਸੰਖੇਪ ਵਿੱਚ ਤਕਨੀਕੀ ਜਾਣਕਾਰੀ ਦਿੱਤੀ ਗਈ।