BCCI

BCCI ਦਾ ਡਰੀਮ ਇਲੈਵਨ ਨਾਲ ਕਰਾਰ ਟੁੱਟਿਆ, ਏਸ਼ੀਆ ਕੱਪ ‘ਚ ਬਿਨਾਂ ਲੋਗੋ ਦੇ ਉਤਰੇਗੀ ਭਾਰਤੀ ਟੀਮ

ਸਪੋਰਟਸ, 25 ਅਗਸਤ 2025: ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਅਤੇ ਫੈਂਟੇਸੀ ਸਪੋਰਟਸ ਕੰਪਨੀ ਡਰੀਮ ਇਲੈਵਨ (Dream11) ਵਿਚਕਾਰ 358 ਕਰੋੜ ਰੁਪਏ ਦਾ ਸਪਾਂਸਰਸ਼ਿਪ ਸੌਦਾ ਸਮੇਂ ਤੋਂ ਪਹਿਲਾਂ ਹੀ ਖਤਮ ਹੋ ਗਿਆ ਹੈ। ਇਹ ਸੌਦਾ 2023 ‘ਚ ਤਿੰਨ ਸਾਲਾਂ ਲਈ ਸੀ, ਜਿਸ ਦੇ ਤਹਿਤ ਭਾਰਤੀ ਟੀਮ ਦੀ ਜਰਸੀ ‘ਤੇ Dream11 ਦਾ ਲੋਗੋ ਦਿਖਾਈ ਦਿੱਤਾ ਸੀ, ਪਰ ਹਾਲ ਹੀ ‘ਚ ਪਾਸ ਹੋਏ ‘ਆਨਲਾਈਨ ਗੇਮਿੰਗ ਬਿੱਲ 2025’ ਦੇ ਕਾਰਨ, ਡਰੀਮ ਇਲੈਵਨ 11 ਨੇ ਇਕਰਾਰਨਾਮੇ ਤੋਂ ਬਾਹਰ ਨਿਕਲਣ ਦਾ ਫੈਸਲਾ ਕੀਤਾ।

ਹੁਣ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਵੀ ਬੀਸੀਸੀਆਈ ਅਤੇ Dream11 ਦੇ ਵੱਖ ਹੋਣ ਦੀ ਪੁਸ਼ਟੀ ਕੀਤੀ ਹੈ। ਬੀਸੀਸੀਆਈ ਦੇ ਸਕੱਤਰ ਦੇਵਜੀਤ ਸੈਕੀਆ ਨੇ ਕਿਹਾ, ‘ਆਨਲਾਈਨ ਗੇਮਿੰਗ ਪ੍ਰਮੋਸ਼ਨ ਅਤੇ ਰੈਗੂਲੇਸ਼ਨ ਬਿੱਲ, 2025 ਦੇ ਪਾਸ ਹੋਣ ਤੋਂ ਬਾਅਦ, BCCI ਅਤੇ Dream11 ਆਪਣੇ ਸਬੰਧ ਖਤਮ ਕਰ ਰਹੇ ਹਨ। ਬੀਸੀਸੀਆਈ ਇਹ ਯਕੀਨੀ ਬਣਾਏਗਾ ਕਿ ਭਵਿੱਖ ‘ਚ ਇਸਦਾ ਕਿਸੇ ਵੀ ਅਜਿਹੇ ਸੰਗਠਨ ਨਾਲ ਕੋਈ ਸਬੰਧ ਨਾ ਹੋਵੇ।’

ਬੀਸੀਸੀਆਈ ਅਤੇ Dream11 ਦੇ ਸਬੰਧਾਂ ‘ਚ ਇੱਕ ਵੱਡਾ ਮੋੜ ਆਇਆ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਹਾਲ ਹੀ ‘ਚ ਡ੍ਰੀਮ-11 ਦੇ ਪ੍ਰਤੀਨਿਧੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਦਫ਼ਤਰ ਪਹੁੰਚੇ ਅਤੇ ਰਸਮੀ ਤੌਰ ‘ਤੇ ਸੀਈਓ ਹੇਮਾਂਗ ਅਮੀਨ ਨੂੰ ਸੂਚਿਤ ਕੀਤਾ ਕਿ ਕੰਪਨੀ ਹੁਣ ਟੀਮ ਇੰਡੀਆ ਦੀ ਜਰਸੀ ‘ਤੇ ਮੁੱਖ ਸਪਾਂਸਰ ਵਜੋਂ ਜਾਰੀ ਨਹੀਂ ਰਹਿ ਸਕੇਗੀ। ਇਸਦਾ ਸਿੱਧਾ ਪ੍ਰਭਾਵ ਇਹ ਹੋਵੇਗਾ ਕਿ ਆਉਣ ਵਾਲੇ ਏਸ਼ੀਆ ਕੱਪ ‘ਚ ਭਾਰਤੀ ਟੀਮ ਡਰੀਮ-11 ਦੇ ਲੋਗੋ ਤੋਂ ਬਿਨਾਂ ਮੈਦਾਨ ‘ਚ ਉਤਰੇਗੀ। ਬੀਸੀਸੀਆਈ ਹੁਣ ਜਲਦੀ ਹੀ ਇੱਕ ਨਵੇਂ ਸਪਾਂਸਰ ਲਈ ਟੈਂਡਰ ਜਾਰੀ ਕਰ ਸਕਦਾ ਹੈ।

ਡ੍ਰੀਮ-11 ਨੇ 2023 ‘ਚ ਬੀਸੀਸੀਆਈ ਦਾ ਮੁੱਖ ਸਪਾਂਸਰ ਬਣਨ ਦਾ ਅਧਿਕਾਰ ਪ੍ਰਾਪਤ ਕੀਤਾ ਸੀ, ਜਦੋਂ ਇਸਨੇ ਬਾਈਜੂਸ ਦੀ ਥਾਂ ਲੈ ਲਈ ਸੀ। ਇਸ ਸਪਾਂਸਰਸ਼ਿਪ ਸੌਦੇ ਦੀ ਕੀਮਤ ਲਗਭਗ 358 ਕਰੋੜ ਰੁਪਏ ਨਿਰਧਾਰਤ ਕੀਤੀ ਸੀ, ਪਰ ਤਾਜ਼ਾ ਹਾਲਾਤਾਂ ‘ਚ ਕੰਪਨੀ ਨੂੰ ਸਮਝੌਤੇ ਤੋਂ ਪਿੱਛੇ ਹਟਣਾ ਪਿਆ ਹੈ। ਇਸ ਫੈਸਲੇ ਦਾ ਨਾ ਸਿਰਫ ਭਾਰਤੀ ਕ੍ਰਿਕਟ ਕੰਟਰੋਲ ਬੋਰਡ ‘ਤੇ ਅਸਰ ਪਵੇਗਾ, ਬਲਕਿ ਇਸਦਾ ਪ੍ਰਭਾਵ ਖੇਡ ਜਗਤ ਦੇ ਕਈ ਹਿੱਸਿਆਂ ‘ਤੇ ਵੀ ਦੇਖਿਆ ਜਾਵੇਗਾ। ਡ੍ਰੀਮ-11 ਲੰਬੇ ਸਮੇਂ ਤੋਂ ਵਿਸ਼ਵ ਪੱਧਰ ‘ਤੇ ਕ੍ਰਿਕਟ ਅਤੇ ਹੋਰ ਖੇਡਾਂ ਨੂੰ ਸਪਾਂਸਰ ਕਰ ਰਿਹਾ ਹੈ।

Read More: ਸ਼੍ਰੇਅਸ ਅਈਅਰ ਨੂੰ ਵਨਡੇ ਟੀਮ ਦਾ ਕਪਤਾਨ ਬਣਾਉਣ ਦੀ ਚਰਚਾਵਾਂ ‘ਤੇ BCCI ਨੇ ਤੋੜੀ ਚੁੱਪੀ

Scroll to Top