BCCI

BCCI ਨੇ ਭਾਰਤੀ ਟੀਮ ਦੇ ਫੀਲਡਿੰਗ ਕੋਚ ਦਿਲੀਪ ਤੇ ਸਹਾਇਕ ਕੋਚ ਅਭਿਸ਼ੇਕ ਨਾਇਰ ਨੂੰ ਕੋਚਿੰਗ ਸਟਾਫ ਤੋਂ ਹਟਾਇਆ

ਚੰਡੀਗੜ੍ਹ, 17 ਅਪ੍ਰੈਲ 2025: ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਇੱਕ ਹੈਰਾਨ ਕਰਨ ਵਾਲਾ ਫੈਸਲਾ ਲਿਆ ਹੈ | ਬੋਰਡ ਨੇ ਫੀਲਡਿੰਗ ਕੋਚ ਟੀ ਦਿਲੀਪ (T Dilip) ਅਤੇ ਸਹਾਇਕ ਕੋਚ ਅਭਿਸ਼ੇਕ ਨਾਇਰ (Abhishek Nair) ਨੂੰ ਭਾਰਤੀ ਟੀਮ ਦੇ ਕੋਚਿੰਗ ਸਟਾਫ ਤੋਂ ਹਟਾ ਦਿੱਤਾ ਹੈ। ਬੀਸੀਸੀਆਈ ਨੇ ਇਹ ਕਾਰਵਾਈ ਆਸਟ੍ਰੇਲੀਆ ‘ਚ 2024-25 ‘ਚ ਬਾਰਡਰ-ਗਾਵਸਕਰ ਟਰਾਫੀ ‘ਚ ਭਾਰਤ ਦੀ ਸ਼ਰਮਨਾਕ ਹਾਰ ਤੋਂ ਬਾਅਦ ਕੀਤੀ ਹੈ।

ਮੀਡੀਆ ਰਿਪੋਰਟਾਂ ਦੇ ਮੁਤਾਬਕ ਕੋਚਿੰਗ ਸਟਾਫ ਅਤੇ ਕਈ ਹੋਰ ਮੈਂਬਰਾਂ ਨੂੰ ਹਟਾ ਕੇ, ਬੀਸੀਸੀਆਈ ਨੇ ਇੱਕ ਸਖ਼ਤ ਚੇਤਾਵਨੀ ਦਿੱਤੀ ਹੈ ਕਿ ਟੈਸਟ ‘ਚ ਭਾਰਤੀ ਟੀਮ ਦੇ ਪ੍ਰਦਰਸ਼ਨ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਜਿਕਰਯੋਗ ਹੈ ਕਿ ਅਭਿਸ਼ੇਕ ਨੂੰ ਸਿਰਫ਼ ਅੱਠ ਮਹੀਨੇ ਪਹਿਲਾਂ ਹੀ ਸਹਾਇਕ ਕੋਚ ਨਿਯੁਕਤ ਕੀਤਾ ਗਿਆ ਸੀ ਜਦੋਂ ਗੌਤਮ ਗੰਭੀਰ ਨੇ ਮੁੱਖ ਕੋਚ ਦਾ ਅਹੁਦਾ ਸੰਭਾਲਿਆ ਸੀ।

ਹਾਲਾਂਕਿ, ਹੁਣ ਅਭਿਸ਼ੇਕ (Abhishek Nair) ਨੂੰ ਸਹਾਇਕ ਕੋਚ ਵਜੋਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਕਰ ਦਿੱਤਾ ਗਿਆ ਹੈ। ਉਨ੍ਹਾਂ ਦੇ ਨਾਲ, ਫੀਲਡਿੰਗ ਕੋਚ ਟੀ. ਦਿਲੀਪ ਅਤੇ ਤਾਕਤ ਅਤੇ ਕੰਡੀਸ਼ਨਿੰਗ ਕੋਚ ਸੋਹਮ ਦੇਸਾਈ ਨੂੰ ਵੀ ਬਰਖਾਸਤ ਕਰ ਦਿੱਤਾ ਹੈ। ਇਸ ਤੋਂ ਇਲਾਵਾ ਭਾਰਤੀ ਟੀਮ ਦੇ ਖਿਡਾਰੀਆਂਦੋ ਮਸਾਜ ਕਰਨ ਵਾਲੇ ਇੱਕ ਸਟਾਫ ਮੈਂਬਰ ਨੂੰ ਵੀ ਬਰਖਾਸਤ ਕਰ ਦਿੱਤਾ ਹੈ।

ਹਾਲਾਂਕਿ, ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਖਿਲਾਫ ਟੈਸਟ ਸੀਰੀਜ਼ ‘ਚ ਕਰਾਰੀ ਹਾਰ ਤੋਂ ਬਾਅਦ ਅਭਿਸ਼ੇਕ ‘ਤੇ ਸਵਾਲ ਚੁੱਕੇ ਜਾ ਰਹੇ ਸਨ। ਫਿਰ ਬੀਸੀਸੀਆਈ (BCCI) ਨੇ ਐਨਸੀਏ ਅਤੇ ਇੰਡੀਆ ਏ ਕੋਚ ਸੀਤਾਂਸ਼ੂ ਕੋਟਕ ਨੂੰ ਭਾਰਤੀ ਟੀਮ ‘ਚ ਸੀਮਤ ਓਵਰਾਂ ਦੇ ਕ੍ਰਿਕਟ ਲਈ ਬੱਲੇਬਾਜ਼ੀ ਕੋਚ ਨਿਯੁਕਤ ਕੀਤਾ। ਭਾਰਤ ਨੇ ਫਿਰ ਚੈਂਪੀਅਨਜ਼ ਟਰਾਫੀ 2025 ਜਿੱਤੀ। ਹਾਲਾਂਕਿ, ਅਭਿਸ਼ੇਕ, ਰਿਆਨ ਟੈਨ, ਮੋਰਕਲ ਅਤੇ ਦਿਲੀਪ ਵੀ ਉਸ ਸਮੇਂ ਟੀਮ ਸਟਾਫ ਦਾ ਹਿੱਸਾ ਸਨ। ਹੁਣ ਜਦੋਂ ਦਿਲੀਪ, ਸੋਹਮ ਅਤੇ ਅਭਿਸ਼ੇਕ ਨੂੰ ਬਰਖਾਸਤ ਕਰ ਦਿੱਤਾ ਹੈ, ਬਾਕੀ ਆਪਣੇ ਅਹੁਦਿਆਂ ‘ਤੇ ਬਣੇ ਰਹਿਣਗੇ।

ਇਸ ਵੇਲੇ ਸਹਾਇਕ ਕੋਚ ਰਿਆਨ ਟੈਨ ਡੇਸ਼ੇਕਾਟੇ ਵੀ ਟੀ ਦਿਲੀਪ ਦੀ ਜਗ੍ਹਾ ਅਸਥਾਈ ਤੌਰ ‘ਤੇ ਫੀਲਡਿੰਗ ਕੋਚ ਦੀ ਜ਼ਿੰਮੇਵਾਰੀ ਸੰਭਾਲਣਗੇ। ਨਾਇਰ ਅਤੇ ਦਿਲੀਪ ਲਈ ਅਜੇ ਤੱਕ ਕਿਸੇ ਬਦਲ ਦਾ ਐਲਾਨ ਨਹੀਂ ਕੀਤਾ ਹੈ, ਪਰ ਦੱਖਣੀ ਅਫ਼ਰੀਕੀ ਟ੍ਰੇਨਰ ਐਡਰੀਅਨ ਲੇ ਰੌਕਸ, ਜੋ ਇਸ ਸਮੇਂ ਆਈਪੀਐਲ ‘ਚ ਪੰਜਾਬ ਕਿੰਗਜ਼ ਨਾਲ ਹਨ, ਸੋਹਮ ਦੇਸਾਈ ਦੀ ਥਾਂ ਲੈ ਕੇ ਤਾਕਤ ਅਤੇ ਕੰਡੀਸ਼ਨਿੰਗ ਕੋਚ ਵਜੋਂ ਅਹੁਦਾ ਸੰਭਾਲਣਗੇ।

Read More: ਚੈਂਪੀਅਨਜ਼ ਟਰਾਫੀ ਜਿੱਤਣ ਵਾਲੀ ਭਾਰਤੀ ਟੀਮ ‘ਤੇ ਪੈਸਿਆਂ ਦੀ ਬਰਸਾਤ, BCCI ਨੇ ਕੀਤਾ ਵੱਡਾ ਐਲਾਨ

Scroll to Top