ਚੰਡੀਗੜ੍ਹ, 15 ਦਸੰਬਰ 2023: ਆਈਪੀਐਲ ਦੇ ਆਗਾਮੀ ਸੀਜ਼ਨ ਲਈ ਖਿਡਾਰੀਆਂ ਦੀ ਨਿਲਾਮੀ 19 ਦਸੰਬਰ ਨੂੰ ਦੁਬਈ ਵਿੱਚ ਹੋਣੀ ਹੈ। ਇਸ ਦੇ ਲਈ ਸਾਰੀਆਂ ਫਰੈਂਚਾਇਜ਼ੀ ਆਪਣੀਆਂ ਤਿਆਰੀਆਂ ਨੂੰ ਅੰਤਿਮ ਰੂਪ ਦੇ ਰਹੀਆਂ ਹਨ। ਇਸ ਦੌਰਾਨ, ਇੱਕ ਰਿਪੋਰਟ ਸਾਹਮਣੇ ਆਈ ਹੈ ਕਿ ਬੀਸੀਸੀਆਈ (BCCI) ਅਗਲੇ ਸਾਲ ਇੱਕ ਨਵੀਂ ਲੀਗ ਸ਼ੁਰੂ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਹ ਬੋਰਡ ਦਾ ਟੀਅਰ-2 ਟੂਰਨਾਮੈਂਟ ਹੋਵੇਗਾ। ਮੰਨਿਆ ਜਾ ਰਿਹਾ ਹੈ ਕਿ ਬੀਸੀਸੀਆਈ ਟੀ10 ਫਾਰਮੈਟ ਅਪਣਾ ਸਕਦਾ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਬੀਸੀਸੀਆਈ (BCCI) ਸਕੱਤਰ ਜੈ ਸ਼ਾਹ ਇਸ ਲੀਗ ਨੂੰ ਲੈ ਕੇ ਜ਼ਿਆਦਾ ਸਰਗਰਮ ਹਨ। ਸੂਤਰਾਂ ਮੁਤਾਬਕ ਉਹ ਇਸ ਸਬੰਧੀ ਬੋਰਡ ਮੈਂਬਰਾਂ ਅੱਗੇ ਵੀ ਆਪਣੇ ਵਿਚਾਰ ਪ੍ਰਗਟ ਕਰ ਚੁੱਕੇ ਹਨ। ਜੈ ਸ਼ਾਹ ਨੂੰ ਵੀ ਸਪੋਂਸਰਾਂ ਦਾ ਸਮਰਥਨ ਮਿਲਦਾ ਨਜ਼ਰ ਆ ਰਿਹਾ ਹੈ। ਜੇਕਰ ਲੀਗ ਸ਼ੁਰੂ ਹੁੰਦੀ ਹੈ ਤਾਂ ਇਹ ਸੀਨੀਅਰ ਖਿਡਾਰੀਆਂ ਲਈ ਨਹੀਂ ਹੋਵੇਗੀ। ਬੋਰਡ ਆਈਪੀਐਲ ਦੇ ਬਰਾਬਰ ਕੋਈ ਲੀਗ ਸਥਾਪਤ ਕਰਨ ਦੀ ਕੋਸ਼ਿਸ਼ ਨਹੀਂ ਕਰ ਰਿਹਾ ਹੈ। ਇਹ ਟੀਅਰ-2 ਲੀਗ ਹੋਵੇਗੀ ਅਤੇ ਇਸ ਵਿੱਚ ਸਿਰਫ਼ ਇੱਕ ਖਾਸ ਉਮਰ ਤੱਕ ਦੇ ਖਿਡਾਰੀਆਂ ਨੂੰ ਹੀ ਜਗ੍ਹਾ ਮਿਲੇਗੀ।
ਨਵੇਂ ਟੂਰਨਾਮੈਂਟ ਲਈ ਉਮਰ ਸੀਮਾ ਤੈਅ ਕੀਤੀ ਜਾਵੇਗੀ
ਜੇਕਰ ਬੀਸੀਸੀਆਈ ਟੀ-10 ਕ੍ਰਿਕਟ ਨੂੰ ਨਹੀਂ ਅਪਣਾਉਂਦੀ ਹੈ ਤਾਂ ਉਹ ਨਵੀਂ ਟੀ-20 ਲੀਗ ਸ਼ੁਰੂ ਕਰ ਸਕਦੀ ਹੈ। ਇਸ ਵਿੱਚ ਇੱਕ ਨਿਸ਼ਚਿਤ ਉਮਰ ਸੀਮਾ ਹੋਵੇਗੀ। ਮੰਨਿਆ ਜਾ ਰਿਹਾ ਹੈ ਕਿ ਜੇਕਰ ਟੂਰਨਾਮੈਂਟ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਜਾਂਦੀਆਂ ਹਨ ਤਾਂ ਬੋਰਡ ਅਗਲੇ ਸਾਲ ਸਤੰਬਰ-ਅਕਤੂਬਰ ‘ਚ ਇਸ ਦਾ ਆਯੋਜਨ ਕਰ ਸਕਦਾ ਹੈ। ਇਸ ਨਾਲ IPL ‘ਤੇ ਕੋਈ ਅਸਰ ਨਹੀਂ ਪਵੇਗਾ। ਬੋਰਡ ਆਪਣੇ ਸਭ ਤੋਂ ਵੱਡੇ ਟੂਰਨਾਮੈਂਟ ਨਾਲ ਛੇੜਛਾੜ ਨਹੀਂ ਕਰਨਾ ਚਾਹੁੰਦਾ।
ਜੂਨੀਅਰ ਪੱਧਰ ਦੇ ਖਿਡਾਰੀਆਂ ਨੂੰ ਮੌਕੇ ਮਿਲਣਗੇ
ਪਿਛਲੇ ਕੁਝ ਸਾਲਾਂ ਤੋਂ ਪ੍ਰਸ਼ੰਸਕ ਟੀ-10 ਕ੍ਰਿਕਟ ਵੱਲ ਆਕਰਸ਼ਿਤ ਹੋ ਰਹੇ ਹਨ। ਇਹ ਘੱਟ ਸਮਾਂ ਲੈਂਦਾ ਹੈ ਅਤੇ ਦਰਸ਼ਕਾਂ ਦਾ ਬਹੁਤ ਮਨੋਰੰਜਨ ਵੀ ਕਰਦਾ ਹੈ। ਅਬੂ ਧਾਬੀ ਟੀ10 ਲੀਗ ਦੀ ਸਫਲਤਾ ਨੇ ਬੀਸੀਸੀਆਈ ਨੂੰ ਇਸ ਬਾਰੇ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਬੋਰਡ ਜੂਨੀਅਰ ਪੱਧਰ ਦੇ ਖਿਡਾਰੀਆਂ ਨੂੰ ਭਰਪੂਰ ਮੌਕੇ ਪ੍ਰਦਾਨ ਕਰਨ ਲਈ ਇਹ ਟੂਰਨਾਮੈਂਟ ਸ਼ੁਰੂ ਕਰਨਾ ਚਾਹੁੰਦਾ ਹੈ। ਆਈ.ਪੀ.ਐੱਲ ‘ਚ ਹਿੱਸਾ ਲੈਣ ਵਾਲੇ ਵੱਡੇ ਖਿਡਾਰੀਆਂ ਨੂੰ T10 ਲੀਗ ਤੋਂ ਦੂਰ ਰੱਖਿਆ ਜਾ ਸਕਦਾ ਹੈ।