ਚੰਡੀਗੜ੍ਹ, 09 ਮਈ 2025: ਭਾਰਤ ਤੇ ਪਾਕਿਸਤਾਨ ਵਿਚਾਲੇ ਚੱਲ ਰਹੇ ਤਣਾਅ ਮੱਦੇਨਜ਼ਰ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਦੇ ਐਚਪੀਸੀਏ ਕ੍ਰਿਕਟ ਮੈਦਾਨ ‘ਤੇ ਖੇਡਿਆ ਜਾ ਰਿਹਾ ਸੀ, ਪਰ ਪੰਜਾਬ ਕਿੰਗਜ਼ ਅਤੇ ਦਿੱਲੀ ਕੈਪੀਟਲਜ਼ ਦਾ ਇਹ ਮੈਚ ਅੱਧ ਵਿਚਕਾਰ ਰੱਦ ਕਰ ਦਿੱਤਾ ਗਿਆ। ਬੀਸੀਸੀਆਈ (BCCI) ਨੇ ਇੱਕ ਸੋਸ਼ਲ ਮੀਡੀਆ ਪੋਸਟ ਰਾਹੀਂ ਇਸਦੀ ਪੁਸ਼ਟੀ ਕੀਤੀ। ਟੀਮਾਂ ਦੇ ਖਿਡਾਰੀਆਂ ਅਤੇ ਸਹਾਇਕ ਸਟਾਫ ਨੂੰ ਧਰਮਸ਼ਾਲਾ ਤੋਂ ਇੱਕ ਵਿਸ਼ੇਸ਼ ਰੇਲਗੱਡੀ ਰਾਹੀਂ ਲਿਆਂਦਾ ਜਾਵੇਗਾ। ਇਹ ਵਿਸ਼ੇਸ਼ ਰੇਲਗੱਡੀ ਅੱਜ ਪੰਜਾਬ ਦੇ ਪਠਾਨਕੋਟ ਤੋਂ ਰਵਾਨਾ ਹੋਵੇਗੀ।
ਬੀਸੀਸੀਆਈ ਦੇ ਉਪ-ਪ੍ਰਧਾਨ ਰਾਜੀਵ ਸ਼ੁਕਲਾ ਨੇ ਦੱਸਿਆ ਕਿ “ਅਸੀਂ ਧਰਮਸ਼ਾਲਾ ਤੋਂ ਸਾਰਿਆਂ ਨੂੰ ਕੱਢਣ ਲਈ ਇੱਕ ਵਿਸ਼ੇਸ਼ ਰੇਲਗੱਡੀ ਦਾ ਪ੍ਰਬੰਧ ਕਰ ਰਹੇ ਹਾਂ। ਟੂਰਨਾਮੈਂਟ ਜਾਰੀ ਰੱਖਣ ਦਾ ਫੈਸਲਾ ਅੱਜ ਲਿਆ ਜਾਵੇਗਾ। ਇਸ ਸਮੇਂ ਖਿਡਾਰੀਆਂ ਦੀ ਸੁਰੱਖਿਆ ਸਭ ਤੋਂ ਮਹੱਤਵਪੂਰਨ ਹੈ। ਭਾਰਤ-ਪਾਕਿਸਤਾਨ ਤਣਾਅ ਦੇ ਵਿਚਕਾਰ ਧਰਮਸ਼ਾਲਾ ‘ਚ ਮੈਚ ਕਰਵਾਉਣਾ ਸੰਭਵ ਨਹੀਂ ਸੀ।”
ਪਾਕਿਸਤਾਨ ਦੇ ਹਮਲੇ ਤੋਂ ਬਾਅਦ ਮੈਦਾਨ ਦੀਆਂ ਸਾਰੀਆਂ ਫਲੱਡ ਲਾਈਟਾਂ ਬੰਦ ਕਰ ਦਿੱਤੀਆਂ ਗਈਆਂ ਅਤੇ ਸਾਰੇ ਪੱਖਿਆਂ ਨੂੰ ਖਾਲੀ ਕਰਵਾ ਦਿੱਤਾ ਗਿਆ। ਮੈਦਾਨ ਤੋਂ ਬਾਹਰ ਆਉਂਦੇ ਸਮੇਂ ਪ੍ਰਸ਼ੰਸਕਾਂ ਨੇ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਲਗਾਏ। ਇੱਥੇ, ਬੀਸੀਸੀਆਈ ਨੇ ਆਈਪੀਐਲ ਦੇ ਬਾਕੀ ਮੈਚਾਂ ਦੇ ਲਈ ਆਈਪੀਐਲ ਕਮੇਟੀ ਨਾਲ ਇੱਕ ਐਮਰਜੈਂਸੀ ਔਨਲਾਈਨ ਮੀਟਿੰਗ ਸੱਦੀ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਆਈਪੀਐਲ ਹੋਣ ਜਾਂ ਨਾ ਹੋਣ ਦਾ ਫੈਸਲਾ ਸ਼ੁੱਕਰਵਾਰ ਨੂੰ ਲਿਆ ਜਾਵੇਗਾ।
Read More: PBKS ਬਨਾਮ MI: ਪੰਜਾਬ ਕਿੰਗਜ਼ ਤੇ ਮੁੰਬਈ ਇੰਡੀਅਨਜ਼ ਦਾ ਮੈਚ ਅਹਿਮਦਾਬਾਦ ‘ਚ ਕੀਤਾ ਸ਼ਿਫਟ