ਚੰਡੀਗੜ੍ਹ, 12 ਅਕਤੂਬਰ, 2023: ਅੱਜ ਦਿੱਲੀ ਹਾਈਕੋਰਟ ਨੇ ਬਾਟਲਾ ਹਾਊਸ ਐਨਕਾਊਂਟਰ ਮਾਮਲੇ ਵਿੱਚ ਸਾਕੇਤ ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤੇ ਆਰਿਜ਼ ਖਾਨ (Ariz Khan) ਦੀ ਮੌਤ ਦੀ ਸਜ਼ਾ ਬਾਰੇ ਆਪਣਾ ਫੈਸਲਾ ਸੁਣਾਇਆ। ਦਿੱਲੀ ਹਾਈਕੋਰਟ ਨੇ ਅਰੀਜ਼ ਖਾਨ ਨੂੰ ਦਿੱਤੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲ ਦਿੱਤਾ ਹੈ। ਹੇਠਲੀ ਅਦਾਲਤ ਨੇ ਖਾਨ ਨੂੰ ਦਿੱਲੀ ਪੁਲਿਸ ਇੰਸਪੈਕਟਰ ਮੋਹਨ ਚੰਦ ਸ਼ਰਮਾ ਦੇ ਕਤਲ ਮਾਮਲੇ ਵਿੱਚ ਮੌਤ ਦੀ ਸਜ਼ਾ ਸੁਣਾਈ ਸੀ।
ਬਾਟਲਾ ਹਾਊਸ ਐਨਕਾਊਂਟਰ ਦੀ ਕਹਾਣੀ
13 ਸਤੰਬਰ 2008 ਨੂੰ ਦਿੱਲੀ ਵਿੱਚ ਲੜੀਵਾਰ ਬੰਬ ਧਮਾਕੇ ਹੋਏ ਸਨ। ਇਸ ਧਮਾਕੇ ‘ਚ 26 ਜਣਿਆਂ ਦੀ ਮੌਤ ਹੋ ਗਈ ਸੀ, ਜਦਕਿ 133 ਜਣੇ ਜ਼ਖਮੀ ਹੋ ਗਏ ਸਨ। ਦਿੱਲੀ ਪੁਲਿਸ ਨੇ ਜਾਂਚ ਵਿੱਚ ਪਾਇਆ ਸੀ ਕਿ ਬੰਬ ਧਮਾਕਾ ਅੱਤਵਾਦੀ ਸੰਗਠਨ ਇੰਡੀਅਨ ਮੁਜਾਹਿਦੀਨ ਨੇ ਕੀਤਾ ਸੀ। ਮਾਮਲੇ ਦੀ ਜਾਂਚ ਕਰ ਰਹੀ ਦਿੱਲੀ ਪੁਲਿਸ ਨੂੰ 19 ਸਤੰਬਰ ਨੂੰ ਸੂਚਨਾ ਮਿਲੀ ਸੀ ਕਿ ਜਾਮੀਆ ਨਗਰ ਦੇ ਬਾਟਲਾ ਹਾਊਸ ‘ਚ ਇੰਡੀਅਨ ਮੁਜਾਹਿਦੀਨ ਦੇ ਅੱਤਵਾਦੀ ਮੌਜੂਦ ਹਨ।
ਜਦੋਂ ਦਿੱਲੀ ਪੁਲਿਸ ਦੇ ਇੰਸਪੈਕਟਰ ਮੋਹਨ ਚੰਦ ਸ਼ਰਮਾ ਦੀ ਅਗਵਾਈ ਵਾਲੀ ਟੀਮ ਅੱਤਵਾਦੀਆਂ ਦੇ ਛੁਪਣ ਵਾਲੇ ਟਿਕਾਣੇ ‘ਤੇ ਪਹੁੰਚੀ ਤਾਂ ਪੁਲਿਸ ਟੀਮ ‘ਤੇ ਗੋਲੀਬਾਰੀ ਕੀਤੀ ਗਈ। ਇੰਸਪੈਕਟਰ ਮੋਹਨ ਚੰਦ ਸ਼ਰਮਾ ਨੂੰ ਅੱਤਵਾਦੀਆਂ ਨੇ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਸੀ। ਮੁਕਾਬਲੇ ‘ਚ ਦੋ ਅੱਤਵਾਦੀ ਵੀ ਮਾਰੇ ਗਏ। ਹੋਰ ਅੱਤਵਾਦੀ ਆਰਿਜ਼ ਖਾਨ (Ariz Khan) ਉਰਫ ਜੁਨੈਦ ਅਤੇ ਸ਼ਹਿਜ਼ਾਦ ਅਹਿਮਦ ਉਰਫ ਪੱਪੂ ਫਰਾਰ ਹੋ ਗਏ ਸਨ ਅਤੇ ਬਾਅਦ ਵਿੱਚ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਸੀ।