ਚੰਡੀਗੜ੍ਹ, 26 ਫਰਵਰੀ 2024: ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਪਿਛਲੇ ਦਿਨੀ ਮੰਨੀਆ ਮੰਗਾਂ ਲਾਗੂ ਕਰਵਾਉਣ ਲਈ ਕਿਸਾਨਾਂ ਵੱਲੋਂ ਦਿੱਲੀ ਜਾਣ ਲਈ 11 ਫਰਵਰੀ ਤੋਂ ਕੂਚ ਕੀਤਾ ਸੀ ਜੋ ਅੱਜ ਤੱਕ ਹਰਿਆਣਾ ਦੇ ਬਾਰਡਰਾਂ ‘ਤੇ ਡਟੇ ਹੋਏ ਹਨ ਜਦੋਂ ਕਿ ਸਰਕਾਰ ਨਾਲ ਚਾਰ ਗੇੜ ਦੀ ਗੱਲਬਾਤ ਬੇਸਿੱਟਾ ਰਹੀ ਤਾਂ ਕਿਸਾਨਾਂ ਨੇ ਦਿੱਲੀ ਵੱਲ ਕੂਚ ਕਰਨ ਦਾ ਐਲਾਨ ਕੀਤਾ ਦੂਜੇ ਪਾਸੇ ਕੇਂਦਰੀ ਮੰਤਰੀ ਵੱਲੋਂ ਗੱਲਬਾਤ ਦਾ ਸੱਦਾ ਆਉਣ ਤੇ ਕਿਸਾਨ ਆਗੂਆਂ ਵੱਲੋਂ ਕੇਂਦਰ ਦੀ ਗੱਲਬਾਤ ਸੁਣਨ ਲਈ ਮੋਰਚਿਆਂ ਤੋਂ ਅੱਗੇ ਵਧਣ ਤੋਂ ਰੋਕ ਦਿੱਤਾ ਸੀ |
ਦੂਜੇ ਪਾਸੇ ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ‘ਤੇ ਕੀਤੀ ਕਾਰਵਾਈ, ਜਿਸ ਵਿੱਚ ਨੌਜਵਾਨ ਕਿਸਾਨ ਸ਼ੁੱਭਕਰਨ ਸਿੰਘ ਦੀ ਮੌਤ ਹੋ ਗਈ, ਅੱਜ ਪਿੰਡ ਵਾਸੀਆਂ ਅਤੇ ਰਾਮਪੁਰੇ ਬਲਾਕ ਦੇ ਪਿੰਡਾਂ ਨੇ ਬਠਿੰਡਾ ਚੰਡੀਗੜ੍ਹ ਮੌੜ ਚੌਂਕ ਮਕੰਮਲ ਤੌਰ ‘ਤੇ ਜਾਮ ਕੀਤਾ ਗਿਆ | ਉਨ੍ਹਾਂ ਕਿਹਾ ਕਿ ਜਿੰਨਾ ਚਿਰ ਸ਼ੁੱਭਕਰਨ ਦੇ ਦੋਸ਼ੀਆਂ ‘ਤੇ ਸਖ਼ਤ ਕਾਰਵਾਈ ਨਹੀਂ ਕੀਤੀ ਜਾਂਦੀ ਅਤੇ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲਦਾ ਉਨਾਂ ਚਿਰ ਇਹ ਧਰਨਾ ਜਾਰੀ ਰਹੇਗਾ |
ਧਰਨੇ ਨੂੰ ਸੰਬੋਧਨ ਕਰਦਿਆਂ ਕਾਕਾ ਸਿੰਘ ਕੋਟੜਾ ਸੂਬਾ ਜਨ ਸਕੱਤਰ ਪੰਜਾਬ ਰੇਸ਼ਮ ਸਿੰਘ ਯਾਤਰੀ ਜ਼ਿਲ੍ਹਾ ਜਨ ਸਕੱਤਰ ਬਠਿੰਡਾ ਨੇ ਦੱਸਿਆ ਕਿ ਉਪਰੋਕਤ ਘਟਨਾ ਕਰਮ ਵਿੱਚ ਅਨੇਕਾਂ ਕਿਸਾਨ ਰਬੜ ਦੀਆਂ ਗੋਲੀਆਂ ਅਤੇ ਅੱਥਰੂ ਗੈਸ ਦੇ ਗੋਲਿਆਂ ਨਾਲ ਜ਼ਖਮੀ ਹੋ ਗਏ | ਕੁਝ ਨੂੰ ਹਰਿਆਣਾ ਪੁਲਿਸ ਜ਼ਬਰਦਸਤੀ ਚੁੱਕ ਕੇ ਆਪਣੇ ਨਾਲ ਲੈ ਗਈ ਅਤੇ ਲੋਕਤੰਤਰ ਨੂੰ ਛਿੱਕੇ ਟੰਗ ਕੇ ਕਿਸਾਨਾਂ ਦਾ ਆਰਥਿਕ ਕਿਸਾਨ ਕਰਦਿਆਂ ਉਹਨਾਂ ਦੇ ਕਰੋੜਾਂ ਰੁਪਇਆ ਦੇ ਨਿੱਜੀ ਵਾਹਨਾਂ ਨੂੰ ਭੰਨਿਆਂ ਤੋੜਿਆ ਗਿਆ ਟੈਂਕੀਆਂ ਤੋੜ ਕੇ ਵਾਹਨਾਂ ਦਾ ਤੇਲ ਡੋਲ ਦਿੱਤਾ ਗਿਆ |
ਉਨ੍ਹਾਂ ਕਿਹਾ ਕਿ ਟੈਂਕੀਆਂ ਦੇ ਢੱਕਣ ਤੋੜ ਕੇ ਰੇਤਾ ਮਿੱਟੀ ਅਤੇ ਨੁਕਸਾਨ ਦਾਇਕ ਰਸਇਣ ਪਾਇਆ ਗਿਆ | ਜੇਕਰ ਪੰਜਾਬ ਸਰਕਾਰ ਨੇ ਇਸ ਮਸਲੇ ਦਾ ਛੇਤੀ ਹੱਲ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ ਵਿੱਚ ਸਰਕਾਰ ਲੋਕਾਂ ਨੂੰ ਘਰਾਂ ਨੂੰ ਕੱਢ ਕੇ ਪੰਜਾਬ ਦੀਆਂ ਸੜਕਾਂ ‘ਤੇ ਬੈਠਣ ਲਈ ਮਜਬੂਰ ਕਰੇਗੀ।