ਚੰਡੀਗੜ੍ਹ ,21 ਅਕਤੂਬਰ 2023: ਪੰਜਾਬ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਬਠਿੰਡਾ ਆਰਟੀਏ (Bathinda RTA) ਸਕੱਤਰ ਨੇ ਬਾਦਲ ਪਰਿਵਾਰ ਦੀ ਮਲਕੀਅਤ ਵਾਲੀਆਂ ਡੀਟੀਸੀ ਤੇ ਔਰਬਿਟ ਸਮੇਤ ਅੱਠ ਕੰਪਨੀਆਂ ਦੇ 39 ਪਰਮਿਟ ਰੱਦ ਕਰ ਦਿੱਤੇ ਹਨ। ਮਿਲੀ ਜਾਣਕਾਰੀ ਮੁਤਾਬਕ ਡੱਬਵਾਲੀ ਟਰਾਂਸਪੋਰਟ ਦੇ 13 ਪਰਮਿਟ, ਔਰਬਿਟ ਦੇ 12 ਪਰਮਿਟ, ਜੁਝਾਰ ਬੱਸ ਸਰਵਿਸ ਦੇ 7 ਪਰਮਿਟ ਤੇ ਨਿਊ ਦੀਪ ਬੱਸ ਕੰਪਨੀ ਦੇ 3 ਪਰਮਿਟ ਰੱਦ ਕੀਤੇ ਗਏ ਹਨ।
ਇਸ ਸਬੰਧੀ ਆਰਟੀਏ ਸਕੱਤਰ ਬਠਿੰਡਾ ਨੇ ਫਿਰੋਜ਼ਪੁਰ, ਪਟਿਆਲਾ ਤੇ ਜਲੰਧਰ ਦੇ ਆਰਟੀਏ ਸਕੱਤਰਾਂ ਨੂੰ ਪੱਤਰ ਲਿਖਿਆ ਹੈ। ਇਸ ਪੱਤਰ ‘ਚ ਕਿਹਾ ਗਿਆ ਹੈ ਕਿ ਜਿਹੜੇ ਪਰਮਿਟ ਰੱਦ ਕੀਤੇ ਗਏ ਹਨ, ਉਨ੍ਹਾਂ ਨੂੰ ਆਪਣੇ ਦਫ਼ਤਰਾਂ ਅਧੀਨ ਤਿਆਰ ਕੀਤੇ ਜਾ ਰਹੇ ਟਾਈਮ ਟੇਬਲ ‘ਚ ਨਾ ਪਾਇਆ ਜਾਵੇ।
ਦੂਜੇ ਪਾਸੇ ਜੀਐੱਮ ਪੀਆਰਟੀਸੀ ਫ਼ਰੀਦਕੋਟ, ਬਠਿੰਡਾ, ਬਰਨਾਲਾ ਤੇ ਬੁਢਲਾਡਾ ਨੂੰ ਪੱਤਰ ਲਿਖਿਆ ਗਿਆ ਹੈ ਕਿ ਇਨ੍ਹਾਂ ਪਰਮਿਟਾਂ ‘ਤੇ ਚੱਲਣ ਵਾਲੀਆਂ ਬੱਸਾਂ ਤੁਰੰਤ ਬੱਸ ਸਟੈਂਡ ‘ਤੇ ਰੋਕੀਆਂ ਦਿੱਤੀਆਂ ਜਾਣ। ਜਿਨ੍ਹਾਂ ਕੰਪਨੀਆਂ ਦੇ ਪਰਮਿਟ ਰੱਦ ਕੀਤੇ ਗਏ ਹਨ, ਉਨ੍ਹਾਂ ਦੇ ਮਾਲਕਾਂ ਨੂੰ ਹਦਾਇਤ ਹੈ ਕਿ ਉਹ ਰੱਦ ਕੀਤੇ ਪਰਮਿਟ ਦਫ਼ਤਰ ‘ਚ ਜਮ੍ਹਾਂ ਕਰਵਾਉਣ। ਪੰਜਾਬ ਦੀ ‘ਆਪ’ ਸਰਕਾਰ ਦੀ ਬਾਦਲ ਪਰਿਵਾਰ ਦੀ ਮਾਲਕੀ ਵਾਲੀਆਂ ਬੱਸਾਂ ਖ਼ਿਲਾਫ਼ ਹੁਣ ਤੱਕ ਦੀ ਵੱਡੀ ਕਾਰਵਾਈ ਮੰਨੀ ਜਾ ਰਹੀ ਹੈ।