ਚੰਡੀਗੜ੍ਹ, 28 ਜਨਵਰੀ 2025: ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ, ਫਿਰੋਜ਼ਪੁਰ ਵਿਖੇ ਕਰਾਏ ਦੋ-ਰੋਜ਼ਾ ਰਾਜ ਪੱਧਰੀ ਬਸੰਤ ਮੇਲਾ (Basant Mela) ਯਾਦਗਾਰੀ ਹੋ ਨਿਬੜਿਆ | ਇਸ ਮੌਕੇ ਫਿਰੋਜ਼ਪੁਰ ਦਿਹਾਤੀ ਦੇ ਵਿਧਾਇਕ ਐਡਵੋਕੇਟ ਰਜਨੀਸ਼ ਦਹੀਆ, ਫਿਰੋਜ਼ਪੁਰ ਸ਼ਹਿਰੀ ਦੇ ਵਿਧਾਇਕ ਰਣਬੀਰ ਸਿੰਘ ਭੁੱਲਰ ਅਤੇ ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਨੇ ਪਤੰਗ ਉਡਾਉਣ ਦੇ ਮੁਕਾਬਲੇ ਦੇ ਜੇਤੂਆਂ ਨੂੰ ਇਨਾਮੀ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਹੈ। ਇਸ ਮੌਕੇ ਬਸੰਤ ਮੇਲੇ ‘ਚ ਵੱਡੀ ਗਿਣਤੀ ‘ਚ ਪਹੁੰਚੇ ਸੂਬੇ ਦੇ ਲੋਕਾਂ ਨੇ ਮੇਲੇ ਦਾ ਭਰਪੂਰ ਆਨੰਦ ਮਾਣਿਆ।
ਵਿਧਾਇਕ ਰਜਨੀਸ਼ ਦਹੀਆ ਅਤੇ ਰਣਬੀਰ ਭੁੱਲਰ ਨੇ ਇਸ ਸਫਲ ਸਮਾਗਮ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਾਰੇ ਜ਼ਿਲ੍ਹਾ ਵਾਸੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਮੇਲੇ ਨੂੰ ਸਫਲਤਾਪੂਰਵਕ ਕਰਵਾਉਣ ਲਈ ਜ਼ਿਲ੍ਹਾ ਅਧਿਕਾਰੀਆਂ, ਕਰਮਚਾਰੀਆਂ ਅਤੇ ਸਵੈ-ਇੱਛੁਕ ਸੰਗਠਨਾਂ ਦੇ ਨੁਮਾਇੰਦਿਆਂ ਨੂੰ ਵੀ ਵਧਾਈ ਦਿੱਤੀ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਫਿਰੋਜ਼ਪੁਰ ‘ਚ ਸੱਭਿਆਚਾਰ ਅਤੇ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਕੋਈ ਕਸਰ ਨਹੀਂ ਛੱਡ ਰਹੀ। ਇਸ ਮਕਸਦ ਲਈ ਪੰਜਾਬ ਸਰਕਾਰ ਫਿਰੋਜ਼ਪੁਰ ਵਿਖੇ ਬਸੰਤ ਪੰਚਮੀ ਦਾ ਸੂਬਾ ਪੱਧਰੀ ਸਮਾਗਮ ਮਨਾ ਰਹੀ ਹੈ। ਉਨ੍ਹਾਂ ਕਿਹਾ ਕਿ ਫਿਰੋਜ਼ਪੁਰ ਹੁਣ ਹਰ ਪਹਿਲੂ ਤੋਂ ਅੱਗੇ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਲਈ ਜ਼ਿਲ੍ਹਾ ਵਾਸੀ ਅਤੇ ਪ੍ਰਸ਼ਾਸਨਿਕ ਅਧਿਕਾਰੀ ਵਧਾਈ ਦੇ ਹੱਕਦਾਰ ਹਨ।
ਇਸ ਮੌਕੇ ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਨੇ ਕਿਹਾ ਕਿ ਫਿਰੋਜ਼ਪੁਰ ਦਾ ਬਸੰਤ ਮੇਲੇ (Basant Mela) ਪੂਰੀ ਦੁਨੀਆ ‘ਚ ਮਸ਼ਹੂਰ ਹੈ। ਉਨ੍ਹਾਂ ਕਿਹਾ ਕਿ ਪਤੰਗਬਾਜ਼ੀ ਨੂੰ ਉਤਸ਼ਾਹਿਤ ਕਰਨ ਲਈ, ਸੂਬਾ ਸਰਕਾਰ ਨੇ ਫਿਰੋਜ਼ਪੁਰ ‘ਚ ਇਹ ਵਿਲੱਖਣ ਪਹਿਲਕਦਮੀ ਕੀਤੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਬਸੰਤ ਮੇਲਾ ਦੁਨੀਆ ਭਰ ‘ਚ ਮਸ਼ਹੂਰ ਹੈ |
ਉਨਾਂ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬ ਅਤੇ ਫਿਰੋਜ਼ਪੁਰ ਦਾ ਨਾਂ ਪੂਰੀ ਦੁਨੀਆਂ ‘ਚ ਜਾਣਿਆ ਜਾਵੇਗਾ ਕਿਉਂਕਿ ਰਾਜ ਪੱਧਰੀ ਬਸੰਤ ਮੇਲੇ ‘ਚ ਫਿਰੋਜ਼ਪੁਰ ਹੀ ਨਹੀਂ ਸਗੋਂ ਦੇਸ਼ ਵਿਦੇਸ਼ ਦੇ ਨੌਜਵਾਨਾਂ ਨੇ ਭਾਗ ਲੈ ਕੇ ਆਪਣੀ ਪਤੰਗਬਾਜ਼ੀ ਦੀ ਕਲਾ ਦਾ ਪ੍ਰਦਰਸ਼ਨ ਕੀਤਾ ਹੈ।
ਉਹਨਾਂ ਦੱਸਿਆ ਕਿ ਸਭ ਤੋਂ ਵੱਡਾ ਪਤੰਗਬਾਜ ‘ਚ ਭਾਰਤ ਭੂਸ਼ਨ, 10 ਸਾਲ ਤੋਂ ਘੱਟ ਉਮਰ ਦੇ ਬੱਚਿਆਂ ‘ਚ ਲੜਕੇ ਆਦਿਤਿਆ ਅਤੇ ਲੜਕੀ ਕੀਰਤੀ ਅਤੇ 10 ਸਾਲ ਤੋਂ ਉਪਰ ਉਮਰ ਦੇ ਵਰਗ ‘ਚ ਲੜਕੇ ਜਗਜੀਤ ਅਤੇ ਲੜਕੀ ਪ੍ਰੇਰਨਾ ਨੇ ਪਹਿਲਾ ਸਥਾਨ ਹਾਸਲ ਕੀਤਾ ਅਤੇ ਇਨ੍ਹਾਂ ਨੂੰ ਨਕਦ ਇਨਾਮ ਵੰਡੇ ਗਏ|
ਮੇਲੇ ਵਿੱਚ ਵਿਸ਼ੇਸ਼ ਤੌਰ ‘ਤੇ ਪਹੁੰਚੇ ਪ੍ਰਸਿੱਧ ਪੰਜਾਬੀ ਗਾਇਕ ਅਲਾਪ ਸਿਕੰਦਰ ਅਤੇ ਸਾਰੰਗ ਸਿਕੰਦਰ ਨੇ ਆਪਣੇ ਗੀਤਾਂ ਨਾਲ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। ਹੋਰ ਕਲਾਕਾਰਾਂ ਅਤੇ ਸਕੂਲੀ ਬੱਚਿਆਂ ਨੇ ਵੀ ਲੋਕ ਨਾਚ ਅਤੇ ਭੰਗੜਾ ਪੇਸ਼ ਕੀਤਾ। ਇਸ ਪ੍ਰੋਗਰਾਮ ਵਿੱਚ ਇੱਕ ਖੂਨਦਾਨ ਕੈਂਪ ਵੀ ਲਗਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਉਤਸ਼ਾਹ ਨਾਲ ਖੂਨਦਾਨ ਕੀਤਾ।
Read More: Basant Panchami: ਕਿਉਂ ਮਨਾਇਆ ਜਾਂਦਾ ਹੈ ਬਸੰਤ ਪੰਚਮੀ ਦਾ ਤਿਉਹਾਰ? ਜਾਣੋ ਧਾਰਮਿਕ ਮਹੱਤਵ