ਚੰਡੀਗੜ੍ਹ/ਮਾਨਸਾ, 31 ਮਾਰਚ 2025: ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ (Barinder Kumar Goyal) ਨੇ ਅੱਜ ਮਾਨਸਾ ਜ਼ਿਲ੍ਹੇ ਦੇ ਸਰਦੂਲਗੜ੍ਹ ਹਲਕੇ ‘ਚ ਚਾਰ ਨਵੇਂ ਬਣੇ ਮਾਈਨਰ ਅਤੇ ਇੱਕ ਪੁਲ ਦਾ ਉਦਘਾਟਨ ਕੀਤਾ ਹੈ। ਸਰਕਾਰ ਮੁਤਾਬਕ ਲਗਭਗ 15 ਕਰੋੜ ਰੁਪਏ ਦੀ ਲਾਗਤ ਨਾਲ ਪੂਰੇ ਹੋਏ ਇਹ ਪ੍ਰੋਜੈਕਟ ਖੇਤਰ ‘ਚ ਸਿੰਚਾਈ ਸਹੂਲਤਾਂ ਨੂੰ ਹੋਰ ਵਧਾਉਣਗੇ।
ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਦੱਸਿਆ ਕਿ ਚਾਰ ਮਾਈਨਰਾਂ – ਰੋੜਕੀ ਮਾਈਨਰ, ਖੈਰਾ ਮਾਈਨਰ, ਝੰਡਾ ਮਾਈਨਰ ਅਤੇ ਮਾਈਨਰ ਨੰਬਰ-11 ਬੋਹਾ ਡਿਸਟ੍ਰੀਬਿਊਟਰੀ ਦਾ ਕੰਮ ਪੂਰਾ ਕੀਤਾ ਗਿਆ ਹੈ | ਇਨ੍ਹਾਂ ‘ਤੇ 12.82 ਕਰੋੜ ਰੁਪਏ ਖਰਚੇ ਗਏ ਹਨ | ਇਸਦੇ ਨਾਲ ਹੀ ਉੱਥੇ 2.10 ਕਰੋੜ ਰੁਪਏ ਦੀ ਲਾਗਤ ਨਾਲ ਪੁਲ ਬਣਾਇਆ ਹੈ |
ਬਰਿੰਦਰ ਕੁਮਾਰ ਗੋਇਲ (Barinder Kumar Goyal) ਨੇ ਦੱਸਿਆ ਕਿ ਰੋੜਕੀ ਮਾਈਨਰ ਦੀ ਕੁੱਲ ਲੰਬਾਈ 45,125 ਫੁੱਟ ਹੈ, ਜੋ ਸਰਦੂਲਗੜ੍ਹ ਬਲਾਕ ਦੇ ਪਿੰਡਾਂ, ਜਿਵੇਂ ਕਿ ਆਹਲੂਪੁਰ, ਕੌੜੀਵਾੜਾ, ਭੱਲਣਵਾੜਾ, ਸਰਦੂਲਗੜ੍ਹ, ਫੂਸਮੰਡੀ, ਰਣਜੀਤਗੜ੍ਹ ਬਾਂਦਰਾ, ਖੈਰਾ ਖੁਰਦ, ਭੂੰਦੜ, ਰੋੜਕੀ, ਝੰਡਾ ਖੁਰਦ, ਸਾਧੂਵਾਲਾ, ਮੀਰਪੁਰ ਖੁਰਦ, ਟਿੱਬੀ ਹਰੀ ਸਿੰਘ, ਸਰਦੂਲਵਾਲਾ ਨੂੰ ਪੀਣ ਯੋਗ ਅਤੇ ਸਿੰਚਾਈ ਵਾਲਾ ਪਾਣੀ ਪ੍ਰਦਾਨ ਕਰਦੀ ਹੈ।
ਇਸ ਨਾਲ 7,636 ਏਕੜ ਜ਼ਮੀਨ ਨੂੰ ਲਾਭ ਹੋਵੇਗਾ, ਇਸੇ ਤਰ੍ਹਾਂ, 22,040 ਫੁੱਟ ਲੰਬਾ ਖੈਰਾ ਮਾਈਨਰ ਸਰਦੂਲਗੜ੍ਹ ਬਲਾਕ ਦੇ ਖੈਰਾ ਖੁਰਦ, ਆਹਲੂਪੁਰ, ਖੈਰਾ ਕਲਾਂ, ਝੰਡਾ ਕਲਾਂ ਅਤੇ ਸਰਦੂਲਗੜ੍ਹ ਪਿੰਡਾਂ ਨੂੰ ਪੀਣ ਅਤੇ ਸਿੰਚਾਈ ਦਾ ਪਾਣੀ ਪ੍ਰਦਾਨ ਕਰੇਗਾ, ਜਿਸ ਨਾਲ 1,934 ਏਕੜ ਜ਼ਮੀਨ ਨੂੰ ਸਿੰਚਾਈ ਦੀ ਸਹੂਲਤ ਮਿਲੇਗੀ।
ਕੈਬਨਿਟ ਮੰਤਰੀ ਨੇ ਦੱਸਿਆ ਕਿ 19180 ਫੁੱਟ ਲੰਮੇ ਝੰਡਾ ਮਾਈਨਰ ਰਾਹੀਂ ਸਰਦੂਲਗੜ੍ਹ ਬਲਾਕ ਦੇ ਪਿੰਡਾਂ ਮਾਨਖੇੜਾ ਅਤੇ ਝੰਡਾ ਕਲਾਂ ਨੂੰ ਪੀਣਯੋਗ ਪਾਣੀ ਮਿਲੇਗਾ ਅਤੇ 2586 ਏਕੜ ਰਕਬੇ ਨੂੰ ਸਿੰਜਾਈਯੋਗ ਪਾਣੀ ਮਿਲ ਸਕੇਗਾ।
ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਮਾਈਨਰ ਨੰਬਰ-11 ਬੋਹਾ ਡਿਸਟ੍ਰੀਬਿਊਟਰੀ, ਜੋ 22575 ਫੁੱਟ ਲੰਮੀ ਹੈ, ਰਾਹੀਂ ਸਰਦੂਲਗੜ੍ਹ ਬਲਾਕ ਦੇ ਪਿੰਡਾਂ ਮੀਰਪੁਰ ਖੁਰਦ, ਜਟਾਣਾਂ ਕਲਾਂ, ਟਿੱਬੀ ਹਰੀ ਸਿੰਘ, ਸਰਦੂਲੇਵਾਲਾ, ਕਾਹੇਵਾਲਾ ਨੂੰ ਪੀਣਯੋਗ ਅਤੇ ਸਿੰਜਾਈਯੋਗ ਪਾਣੀ ਮੁਹੱਈਆ ਹੁੰਦਾ ਹੈ। ਇਸ ਨਾਲ 4114 ਏਕੜ ਰਕਬੇ ਦੀ ਸਿੰਜਾਈ ਯਕੀਨੀ ਬਣੇਗੀ।
ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਦੱਸਿਆ ਕਿ ਘੱਗਰ ਦਰਿਆ ‘ਤੇ 10 ਕਰੋੜ ਰੁਪਏ ਦੀ ਲਾਗਤ ਨਾਲ ਬਣਿਆ ਸਟੀਲ ਦਾ ਫੁੱਟ ਬ੍ਰਿਜ, ਜੋ 2.10 ਕਰੋੜ ਰੁਪਏ ਦੀ ਲਾਗਤ ਵਾਲਾ, ਅੱਜ ਜਨਤਾ ਨੂੰ ਸਮਰਪਿਤ ਕੀਤਾ ਗਿਆ ਹੈ। ਇਹ ਪੁਲ ਤਿੰਨ ਤੋਂ ਚਾਰ ਪਿੰਡਾਂ ਦੇ ਲੋਕਾਂ ਲਈ ਘੱਗਰ ਨਦੀ ਨੂੰ ਪਾਰ ਕਰਨਾ ਆਸਾਨ ਬਣਾ ਦੇਵੇਗਾ। ਉਨ੍ਹਾਂ ਕਿਹਾ ਕਿ ਪਹਿਲਾਂ ਇੱਥੇ ਇੱਕ ਪੁਰਾਣਾ ਪੁਲ ਸੀ, ਜੋ 2023 ਦੇ ਹੜ੍ਹ ਦੌਰਾਨ ਪਾਣੀ ਦੇ ਤੇਜ਼ ਵਹਾਅ ਕਾਰਨ ਨੁਕਸਾਨਿਆ ਗਿਆ ਸੀ। ਨਵਾਂ ਪੁਲ ਪਾਣੀ ਦੇ ਸਾਰੇ ਪੱਧਰਾਂ ਦਾ ਸਾਹਮਣਾ ਕਰਨ ਲਈ ਬਣਾਇਆ ਗਿਆ ਹੈ ਅਤੇ ਇਸਦਾ ਸਪੈਨ ਤਿੰਨ ਮੀਟਰ ਰੱਖਿਆ ਗਿਆ ਹੈ ਅਤੇ ਇਸਦੀ ਲੰਬਾਈ ਲਗਭਗ 94 ਮੀਟਰ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਹੁਣ ਤੱਕ ਪੰਜਾਬ ‘ਚ ਲਗਭਗ 17,565 ਖਾਲ ਦਾ ਨਿਰਮਾਣ ਅਤੇ ਬਹਾਲ ਕੀਤੇ ਹਨ | ਇਸਦੇ ਨਾਲ ਹੀ 4,500 ਕਿਲੋਮੀਟਰ ਭੂਮੀਗਤ ਪਾਈਪਾਂ ਵਿਛਾਈਆਂ ਹਨ। ਉਨ੍ਹਾਂ ਕਿਹਾ ਕਿ ਪਿਛਲੇ ਤਿੰਨ ਸਾਲਾਂ ‘ਚ ਸੂਬਾ ਸਰਕਾਰ ਨੇ ਨਹਿਰਾਂ ‘ਤੇ 4,557 ਕਰੋੜ ਰੁਪਏ ਖਰਚ ਕੀਤੇ ਹਨ, ਜੋ ਕਿ ਪਿਛਲੀਆਂ ਸਰਕਾਰਾਂ ਦੁਆਰਾ ਖਰਚ ਕੀਤੀ ਰਕਮ ਨਾਲੋਂ ਦੁੱਗਣੇ ਤੋਂ ਵੀ ਵੱਧ ਹਨ।
ਉਨ੍ਹਾਂ ਦੱਸਿਆ ਕਿ ਮਾਨਸਾ, ਪਟਿਆਲਾ ਅਤੇ ਸੰਗਰੂਰ ਵਰਗੇ ਜ਼ਿਲ੍ਹਿਆਂ ਲਈ ਪੰਜਾਬ ਸਰਕਾਰ ਨੇ ਸਰਹਿੰਦ ਫੀਡਰ ਨੂੰ ਪੱਕਾ ਕਰਨ ਲਈ 35 ਕਰੋੜ ਰੁਪਏ ਖਰਚੇ ਹਨ। ਲਗਭਗ 25 ਕਿਲੋਮੀਟਰ ਲੰਬਾ ਰਸਤਾ ਸਵਾ ਮਹੀਨੇ ‘ਚ ਪੱਕਾ ਕੀਤਾ ਗਿਆ ਅਤੇ ਜ਼ਿਲ੍ਹੇ ਨੂੰ ਸਿੰਚਾਈ ਲਈ ਪਾਣੀ ਦੀ ਸਪਲਾਈ ਕਰਨ ਲਈ ਇਸਦੀ ਪਾਣੀ ਦੀ ਸਮਰੱਥਾ 900 ਕਿਊਸਿਕ ਤੋਂ ਵਧਾ ਕੇ 1,600 ਕਿਊਸਿਕ ਕਰ ਦਿੱਤੀ ਗਈ।
ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਆਪਣੇ ਨਿੱਜੀ ਮੁਫ਼ਾਦਾਂ ਲਈ ਪੰਜਾਬ ਅਤੇ ਇਸਦੇ ਪਾਣੀਆਂ ਨੂੰ ਵੰਡਿਆ ਸੀ। ਉਨ੍ਹਾਂ ਦੇ ਇਲਾਕਿਆਂ ਵਿੱਚ ਵਾਧੂ ਪਾਣੀ ਸੀ ਅਤੇ ਕੁਝ ਥਾਵਾਂ ‘ਤੇ ਪਾਣੀ ਦੀ ਮਾਤਰਾ ਸੱਤ ਅਤੇ ਕੁਝ ਥਾਵਾਂ ‘ਤੇ ਛੇ ਕਿਊਸਿਕ ਕਰ ਦਿੱਤੀ ਸੀ। ਹੁਣ ਅਸੀਂ ਪਾਣੀ ਦੀ ਵੰਡ ਨੂੰ ਠੀਕ ਕਰ ਰਹੇ ਹਾਂ। ਇਸ ਪ੍ਰਕਿਰਿਆ ਤਹਿਤ, ਜ਼ਿਲ੍ਹੇ ਵਿੱਚ ਪਾਣੀ ਦੀ ਮਾਤਰਾ ਦੋ ਕਿਊਸਿਕ ਤੋਂ ਵਧਾ ਕੇ ਤਿੰਨ ਕਿਊਸਿਕ ਕਰ ਦਿੱਤੀ ਗਈ ਹੈ।
ਉਨ੍ਹਾਂ ਕਿਹਾ ਕਿ ਅੱਜ ਪੰਜਾਬ ਨੂੰ ਨਹਿਰਾਂ ਬਣਾਉਣ ਅਤੇ ਭੂਮੀਗਤ ਪਾਈਪਾਂ ਵਿਛਾਉਣ ਲਈ 17,000 ਕਰੋੜ ਰੁਪਏ ਦੀ ਲੋੜ ਹੈ। ਜੇਕਰ ਪੂਰੇ ਪੰਜਾਬ ਵਿੱਚ ਨਹਿਰਾਂ ਬਣਾਈਆਂ ਜਾਣ ਅਤੇ ਭੂਮੀਗਤ ਪਾਈਪਾਂ ਵਿਛਾਈਆਂ ਜਾਣ, ਤਾਂ ਪੰਜਾਬ ਦੇ 20% ਵਾਧੂ ਪਾਣੀ ਦੀ ਬਚਤ ਹੋ ਸਕਦੀ ਹੈ। ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੇ ਪਾਣੀ ਨੂੰ ਬਚਾਉਣ ਲਈ ਆਪਣਾ ਫਰਜ਼ ਨਿਭਾਏ ਅਤੇ ਸਿਰਫ਼ ਸਲਾਹਾਂ ਦੇਣ ਵਿੱਚ ਸਮਾਂ ਬਰਬਾਦ ਨਾ ਕਰੇ।
Read More: ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਸੇਚੇਵਾਲ ਮੁੱਦੇ ‘ਤੇ ਪ੍ਰਤਾਪ ਸਿੰਘ ਬਾਜਵਾ ਨੂੰ ਘੇਰਿਆ